ਬਿਜਲੀ ਸੰਕਟ ਦਾ ਔਖਾ ਸਮਾਂ ਲੰਘਣ ਤੋਂ ਬਾਅਦ ਪਾਵਰਕੌਮ ਨੇ ਆਪਣੀ ਪਿੱਠ ਥਾਪੜੀ

4100 crore power scam to be investigated by CBI

ਕਿਹਾ, ਨਹੀਂ ਲਗਾਏ ਬਹੁਤੇ ਕੱਟ, ਜਦਕਿ ਦਿਹਾਤੀ ਖੇਤਰਾਂ ‘ਚ ਬਿਜਲੀ ਨਾ ਆਉਣ ਕਾਰਨ ਲੋਕਾਂ ਵੱਲੋਂ ਠੋਕੇ ਗਏ ਸਨ ਧਰਨੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਸੂਬੇ ਅੰਦਰ ਮਾਲ ਗੱਡੀਆਂ ਦੀ ਬਹਾਲੀ ਤੋਂ ਬਾਅਦ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲਾ ਪੁੱਜਣ ਕਰਕੇ ਹੁਣ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਆਪਣੀ ਪਿੱਠ ਥਾਪੜੀ ਗਈ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ਅਤੇ ਰੇਲ ਸੇਵਾਵਾਂ ਠੱਪ ਹੋਣ ਕਰਕੇ ਸੂਬੇ ਅੰਦਰ ਲੋਕਾਂ ਨੂੰ ਬਿਜਲੀ ਸਮੱਸਿਆ ਨਹੀਂ ਆਉਣ ਦਿੱਤੀ ਗਈ। ਜਦਕਿ ਅਧਿਕਾਰੀ ਇਹ ਭੁੱਲ ਗਏ ਕਿ ਵੱਡੀ ਗਿਣਤੀ ਲੋਕਾਂ ਵੱਲੋਂ ਬਿਜਲੀ ਨਾ ਆਉਣ ਕਰਕੇ ਧਰਨੇ ਅਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਰੇਲ ਸੇਵਾਵਾਂ ਠੱਪ ਹੋਣ ਕਰਕੇ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲਾ ਖਤਮ ਹੋ ਗਿਆ ਸੀ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਪੰਜ ਤੋਂ ਛੇ ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦਿਨੀਂ ਕੋਲੇ ਦੀ ਸਪਲਾਈ ਆਉਣ ਤੋਂ ਬਾਅਦ ਪ੍ਰਾਈਵੇਟ ਥਰਮਲਾਂ ਵੱਲੋਂ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਉਤਪਾਦਨ ਤੋਂ ਬਾਅਦ ਹੁਣ ਪਾਵਰਕੌਮ ਦੇ ਅਧਿਕਾਰੀ ਆਪਣੀ ਪਿੱਠ ਥਾਪੜਨ ਲੱਗੇ ਹਨ ਕਿ ਉਨ੍ਹਾਂ ਵੱਲੋਂ ਪਿਛਲੇ ਦੋ ਮਹੀਨਿਆਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਪੱਖੋਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ।

ਪਾਵਰਕੌਮ ਦੇ ਸੀਐਮਡੀ ਏ.ਵੈਨੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਮੇਂ ਸਿਰ ਲਏ ਗਏ ਫੈਸਲਿਆਂ ਕਾਰਨ ਪੰਜਾਬ ਅੰਦਰ ਬਿਜਲੀ ਸੰਕਟ ਟਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 26 ਸਤੰਬਰ ਤੋਂ 23 ਨਵੰਬਰ ਤੱਕ ਲਗਭਗ 2 ਮਹੀਨਿਆਂ ਵਿੱਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਅਤੇ ਪੀ.ਐਸ.ਪੀ.ਸੀ.ਐਲ ਦੇ ਆਪਣੇ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਸਟਾਕ ਖਤਮ ਹੋ ਗਏ ਸਨ। ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਕਮਰਸੀਅਲ ਅਤੇ ਉਦਯੋਗਿਕ ਖਪਤਕਾਰਾਂ ‘ਤੇ ਕੋਈ ਪਾਵਰਕੱਟ ਨਹੀਂ ਲਗਾਇਆ ਗਿਆ ਕੇਵਲ ਘਰੇਲੂ ਖਪਤਕਾਰਾਂ ‘ਤੇ ਹੀ ਘੱਟ ਤੋਂ ਘੱਟ ਪਾਵਰਕੱਟ ਲਗਾਇਆ ਗਿਆ ਹੈ।

ਸੀਐਮਡੀ ਨੇ ਕਿਹਾ ਕਿ ਬਿਜਲੀ ਪ੍ਰਣਾਲੀ ਵਿੱਚ, ਮੁਢਲਾ ਸਿਧਾਂਤ ਗਰਿੱਡ ਦੇ ਸੁਰੱਖਿਅਤ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਮੰਗ ਅਤੇ ਸਪਲਾਈ ਵਿੱਚ ਸੰਤੁਲਨ ਬਣਾਉਣਾ ਹੈ। ਜਿਕਰਯੋਗ ਹੈ ਕਿ ਇਸ ਸਮੇਂ ਪੀਐਸਪੀਸੀਐਲ ਆਮ ਤੌਰ ‘ਤੇ ਝੋਨੇ ਦੇ ਸੀਜ਼ਨ ਦੌਰਾਨ ਪ੍ਰਾਪਤ ਹੋਈ ਬਿਜਲੀ ਵਾਪਸ ਕਰ ਦਿੰਦਾ ਹੈ, ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਦੇਸ਼ ਭਰ ਵਿੱਚ ਪਾਵਰਕੌਮ ਦੀ ਸਾਖ ਖਰਾਬ ਹੋਣੀ ਸੀ।

ਹਾਈਡਰੋ ਪਾਵਰ ਸਟੇਸ਼ਨਾਂ ਵਿੱਚ ਜਲ ਭੰਡਾਰ ਦੇ ਪੱਧਰ ਘੱਟ ਹੋਣ ਕਾਰਨ ਹਾਈਡਰੋ ਪੈਦਾਵਾਰ ਇਸ ਸਾਲ ਕਾਫ਼ੀ ਘੱਟ ਸੀ ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਆਪਣੇ ਯੋਗ ਪ੍ਰਬੰਧਨ ਕਾਰਨ ਪਾਵਰਕੌਮ ਵੱਲੋਂ ਪੰਜਾਬ ਅੰਦਰ ਬਿਜਲੀ ਸਪਲਾਈ ਵਿੱਚ ਬਹੁਤਾ ਵਿਘਨ ਨਹੀਂ ਪੈਣ ਦਿੱਤਾ ਗਿਆ। ਦੱਸਣਯੋਗ ਹੈ ਕਿ ਬਿਜਲੀ ਸੰਕਟ ਦੌਰਾਨ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਲੈਣ ਲਈ ਜਦੋਂ ਸੀਐਮਡੀ ਜਾਂ ਹੋਰਨਾ ਨਾਲ ਫੋਨ ‘ਤੇ ਰਾਬਤਾ ਕੀਤਾ ਜਾਂਦਾ ਸੀ, ਤਾਂ ਉਹ ਕੁਝ ਵੀ ਦੱਸਣ ਤੋਂ ਪਾਸਾ ਵੱਟਦੇ ਦਿਖਾਈ ਦਿੰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.