PM ਮੋਦੀ ਦੀ ਸੁਰੱਖਿਆ ‘ਚ ਚੂਕ ਦਾ ਮਾਮਲਾ: ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ

PM Security Lapse Sachkahoon

PM ਮੋਦੀ ਦੀ ਸੁਰੱਖਿਆ ‘ਚ ਚੂਕ ਦਾ ਮਾਮਲਾ: ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ

ਕਿਹਾ- ਡੀਜੀਪੀ ਤੇ ਗ੍ਰਹਿ ਮੰਤਰੀ ਨੂੰ ਕੀਤਾ ਜਾਵੇ ਬਰਖਾਸਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਭਾਜਪਾ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕਮੀ ਦੇ ਸਬੰਧ ਵਿੱਚ ਵੀਰਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਗੱਲਬਾਤ ਕੀਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਰਾਜਪਾਲ ਤੋਂ ਪੰਜਾਬ ਦੇ ਡੀਜੀਪੀ ਅਤੇ ਗ੍ਰਹਿ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਪਿਹਰ ਤੋਂ ਬਾਅਦ ਸਾਰੇ ਵੀਡੀਓ ਦਿਖਾਏ ਜਾਣਗੇ ਕਿ ਕਿਸ ਤਰ੍ਹਾਂ ਭਾਜਪਾ ਵਰਕਰਾਂ ਨੂੰ ਰੈਲੀ ਵਾਲੀ ਥਾਂ ’ਤੇ ਜਾਣ ਤੋਂ ਰੋਕਿਆ ਗਿਆ। ਪਾਰਟੀ ਆਗੂਆ ਨੇ ਮੁੱਖ ਮੰਤਰੀ ਚੰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾ ਮਿਲਣ ਦਾ ਮੁੱਦਾ ਵੀ ਉਠਾਇਆ ਗਿਆ।

ਪੰਜਾਬ ਸਰਕਾਰ ਨੇ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ

ਪੰਜਾਬ ਸਰਕਾਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜ ਫੇਰੀ ਦੌਰਾਨ ਸੁਰੱਖਿਆ ਖਾਮੀਆਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਗੰਭੀਰ ਲਾਪਰਵਾਹੀ ਦੀ ਘਟਨਾ ਬੁੱਧਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਸ ਸੜਕ ਨੂੰ ਜਾਮ ਕਰ ਦਿੱਤਾ, ਜਿਸ ਤੋਂ ਉਹਨਾਂ ਨੇ ਲੰਘਣਾ ਸੀ। ਹੰਗਾਮੇ ਕਾਰਨ ਪ੍ਰਧਾਨ ਮੰਤਰੀ 20 ਮਿੰਟ ਤੱਕ ਫਲਾਈਓਵਰ ’ਤੇ ਫਸੇ ਰਹੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਰੈਲੀ ਸਮੇਤ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਬਿਨਾਂ ਪੰਜਾਬ ਤੋਂ ਦਿੱਲੀ ਪਰਤ ਗਏ।

ਕਾਂਗਰਸ ਭਾਜਪਾ ਦਾ ਇੱਕ-ਦੂਜੇ ’ਤੇ ਦੋਸ਼ ਜਾਰੀ

ਦਰਅਸਲ, ਬੁੱਧਵਾਰ ਨੂੰ ਪੀਐਮ ਮੋਦੀ ਨੂੰ ਸੁਰੱਖਿਆ ਵਿੱਚ ਢਿੱਲ ਕਾਰਨ ਫਿਰੋਜ਼ਪੁਰ ਵਿੱਚ ਆਪਣੀ ਰੈਲੀ ਰੱਦ ਕਰਨੀ ਪਈ ਸੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਢਿੱਲ ਤੋਂ ਬਾਅਦ ਸਾਰੀਆ ਪਾਰਟੀਆਂ ਅਤੇ ਨੇਤਾਵਾਂ ਵੱਲੋਂ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਜਾ ਰਹੇ ਹਨ। ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਭਾਜਪਾ ਦੇ ਸਾਰੇ ਆਗੂ ਇਸ ਘਟਨਾ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਦਾ ਕਹਿਣਾ ਹੈ ਕਿ ਆਖ਼ਰੀ ਸਮੇਂ ’ਤੇ ਪੀਐਮ ਮੋਦੀ ਦੀ ਯੋਜਨਾ ਬਦਲਣ ਕਾਰਨ ਸੁਰੱਖਿਆ ਵਿੱਚ ਕਮੀ ਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ