Punjab
Disaster Management Strategies: ਆਫਤਾਂ ਤੋਂ ਨੁਕਸਾਨ ਘਟਾਉਣ ਲਈਂ ਨਵੀਆਂ ਰਣਨੀਤੀਆਂ ਵਿਕਸਤ ਕਰਨ ਦੀ ਲੋੜ
ਆਫਤਾਂ ਤੋਂ ਨੁਕਸਾਨ ਘਟਾਉਣ ਲਈਂ ਨਵੀਆਂ ਰਣਨੀਤੀਆਂ ਵਿਕਸਤ ਕਰਨ ਦੀ ਲੋੜ
ਸਮੁੰਦਰ ਜਿੰਨਾ ਜੀਵਨਦਾਈ ਹੈ, ਇਸ ਦਾ ਕਹਿਰ ਵੀ ਓਨਾ ਹੀ ਤਬਾਹਕਾਰੀ ਹੋ ਸਕਦਾ ਹੈ। ਭਾਰਤ ਦਾ ਲੱਗਭੱਗ 7,500 ਕਿਲੋਮੀਟਰ ਦਾ ਕੰਢੀ ਖੇਤਰ ਦੇਸ਼ ਦੀ ਆਰਥਿਕਤਾ, ਵਪਾਰ ਅਤੇ ਸੈਰ-ਸਪਾਟੇ ਲਈ ਬਹੁਤ ਮਹੱਤਵਪੂਰਨ ਹੈ। ਹਾਲਾਂਕਿ, ਇਹੀ ਕੰਢੀ ਖੇਤਰ ਹਰ ਸਾਲ ਤੂਫਾਨ, ਹੜ੍ਹ ਅਤੇ ਕੰਢੀ ਕਟੌਤੀ ਦੇ ਖ਼ਤਰੇ ਦਾ ਸਾਹਮਣਾ ਕਰਦੇ ਹਨ। ਤੂਫ਼ਾਨ ਅਰਨਬ ਨੇ ਇੱਕ ਵਾਰ ਫਿਰ ਕੰਢੀ ਭਾਰਤ ਦੀ ਕਮਜ਼ੋਰੀ ਅਤੇ ਆਫ਼ਤ ਪ੍ਰਬੰਧਨ ਤਿਆਰੀ ਬਾਰੇ ਸਵਾਲ ਖੜ੍ਹੇ ਕੀਤੇ ਹਨ।
ਸਵਾਲ ਸਿਰਫ਼ ਇਹ ਨਹੀਂ ਹੈ ਕਿ ਤੂਫ਼ਾਨ ਕਦੋਂ ਅਤੇ ਕਿੱਥੇ ਆਵੇਗਾ, ਸਗੋਂ ਇਹ ਵੀ ਹੈ ਕਿ ਇਸ ਨਾਲ ਨਜਿੱਠਣ ਲਈ ਸਾਡੀ ਤਿਆਰੀ ਕਿੰਨੀ ਮਜ਼ਬੂਤ ਹੈ। ਬਦਲਦੇ ਜਲਵਾਯੂ ਦੇ ਇਸ ਯੁੱਗ ਵਿੱਚ, ਸਾਨੂੰ ਹੁਣ ਆਫ਼ਤ ਆਉਣ ਤੋਂ ਬਾਅਦ ਰਾਹਤ ਪ੍ਰਦਾਨ ਕਰਨ ਦੀ ਬਜਾਇ, ਪਹਿਲਾਂ ਤੋਂ ਨੁਕਸਾਨ ਨੂੰ ਘਟਾਉਣ ਲਈ ਰਣਨੀਤੀਆਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਤੂਫ਼ਾਨਾਂ ਨਾਲ ਨਜਿੱਠਣ ਵਿੱਚ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੇ ਬਦਲਦੇ ਸੁਭਾਅ ਅਤੇ ਤੀਬਰਤਾ ਦੀ ਭਵਿੱਖਬਾਣੀ ਕਰਨਾ ਹੈ।
ਆਧੁਨਿਕ ਤਕਨਾਲੋਜੀ ਅਤੇ ਮੌਸਮ ਦੀ ਭਵਿੱਖਬਾਣੀ ਵਿੱਚ ਸੁਧਾਰਾਂ ਦੇ ਬਾਵਜੂਦ, ਤੂਫ਼ਾਨ ਅਕਸਰ ਥੋੜ੍ਹੇ ਸਮੇਂ ਵਿੱਚ ਵਧੇਰੇ ਸ਼ਕਤੀਸ਼ਾਲੀ ਹੋ ਜਾਂਦੇ ਹਨ, ਜਿਸ ਨਾਲ ਅਧਿਕਾਰੀਆਂ ਕੋਲ ਲੋਕਾਂ ਨੂੰ ਕੱਢਣ ਅਤੇ ਰਾਹਤ ਸਪਲਾਈ ਜੁਟਾਉਣ ਲਈ ਬਹੁਤ ਘੱਟ ਸਮਾਂ ਬਚਦਾ ਹੈ। ਤੇਜ਼ ਹਵਾਵਾਂ, ਉੱਚੀਆਂ ਸਮੁੰਦਰੀ ਲਹਿਰਾਂ ਤੇ ਹੜ੍ਹ ਵਾਲੀਆਂ ਨਦੀਆਂ ਦੇ ਨਾਲ ਭਾਰੀ ਮੀਂਹ ਤਬਾਹੀ ਮਚਾ ਸਕਦਾ ਹੈ। ਜਲਵਾਯੂ ਪਰਿਵਰਤਨ ਅਤੇ ਵਧਦੇ ਸਮੁੰਦਰ ਦੇ ਤਾਪਮਾਨ ਨੇ ਇਸ ਚੁਣੌਤੀ ਨੂੰ ਹੋਰ ਵਧਾ ਦਿੱਤਾ ਹੈ। ਕੰਢੀ ਖੇਤਰਾਂ ਵਿੱਚ ਮਾੜਾ ਬੁਨਿਆਦੀ ਢਾਂਚਾ ਵੀ ਇੱਕ ਵੱਡੀ ਸਮੱਸਿਆ ਹੈ।
ਤੂਫ਼ਾਨਾਂ ਦੌਰਾਨ, ਬਿਜਲੀ ਦੇ ਖੰਭੇ ਡਿੱਗ ਜਾਂਦੇ ਹਨ, ਸੜਕਾਂ ਡੁੱਬ ਜਾਂਦੀਆਂ ਹਨ, ਅਤੇ ਸੰਚਾਰ ਸੇਵਾਵਾਂ ’ਚ ਵਿਘਨ ਪੈ ਜਾਂਦਾ ਹੈ। ਇਸ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆਉਂਦੀ ਹੈ। ਬਹੁਤ ਸਾਰੇ ਕੰਢੀ ਸ਼ਹਿਰਾਂ ਵਿੱਚ, ਗੈਰ-ਯੋਜਨਾਬੱਧ ਉਸਾਰੀ, ਮਾੜੀ ਨਿਕਾਸੀ ਪ੍ਰਣਾਲੀ ਅਤੇ ਨੀਵੇਂ ਖੇਤਰਾਂ ਵਿੱਚ ਬਸਤੀਆਂ ਦਾ ਵਿਸਥਾਰ ਜ਼ੋਖ਼ਮ ਨੂੰ ਵਧਾਉਂਦਾ ਹੈ। ਇਹ ਨਾ ਸਿਰਫ਼ ਆਫ਼ਤ ਦੌਰਾਨ ਲੋਕਾਂ ਨੂੰ ਬਚਾਉਣਾ, ਸਗੋਂ ਬਿਜਲੀ, ਪਾਣੀ, ਸਿਹਤ ਅਤੇ ਆਵਾਜਾਈ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਜਲਦੀ ਬਹਾਲ ਕਰਨਾ ਵੀ ਇੱਕ ਵੱਡੀ ਚੁਣੌਤੀ ਬਣਾਉਂਦਾ ਹੈ। ਭਾਰਤ ਮੌਸਮ ਵਿਭਾਗ ਦੇ ਸ਼ੁਰੂਆਤੀ ਚਿਤਾਵਨੀ ਸਿਸਟਮ ਵਿੱਚ ਸੁਧਾਰ ਹੋਇਆ ਹੈ।
ਪਰ ਚੁਣੌਤੀ ਇਹ ਯਕੀਨੀ ਬਣਾਉਣਾ ਬਣੀ ਹੋਈ ਹੈ ਕਿ ਚਿਤਾਵਨੀਆਂ ਸਮੇਂ ਸਿਰ ਹਰ ਕਿਸੇ ਤੱਕ ਪਹੁੰਚਣ। ਸਮੁੰਦਰ ਵਿੱਚ ਮਛੇਰਿਆਂ, ਦੂਰ-ਦੁਰਾਡੇ ਪਿੰਡਾਂ ਤੇ ਛੋਟੇ ਟਾਪੂਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਣਕਾਰੀ ਪਹੁੰਚਾਉਣਾ ਸੌਖਾ ਨਹੀਂ ਹੈ। ਲੋਕ ਅਕਸਰ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਾਂ ਆਪਣੇ ਘਰਾਂ ਅਤੇ ਰੋਜ਼ੀ-ਰੋਟੀ ਨੂੰ ਛੱਡਣ ਦੇ ਡਰ ਕਾਰਨ ਸੁਰੱਖਿਅਤ ਥਾਵਾਂ ’ਤੇ ਜਾਣ ਵਿੱਚ ਦੇਰੀ ਕਰਦੇ ਹਨ। ਇਸ ਲਈ, ਸਿਰਫ਼ ਚਿਤਾਵਨੀਆਂ ਜਾਰੀ ਕਰਨਾ ਕਾਫ਼ੀ ਨਹੀਂ ਹੈ।
ਲੋਕਾਂ ਨੂੰ ਖ਼ਤਰਿਆਂ ਅਤੇ ਉਨ੍ਹਾਂ ਤੋਂ ਬਚਣ ਦੇ ਤਰੀਕੇ ਬਾਰੇ ਸਿੱਖਿਅਤ ਕਰਨਾ ਵੀ ਬਹੁਤ ਜ਼ਰੂਰੀ ਹੈ। ਤੂਫ਼ਾਨ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰਦੇ। ਗਰੀਬ ਪਰਿਵਾਰ, ਔਰਤਾਂ, ਬੱਚੇ, ਬਜ਼ੁਰਗ ਅਤੇ ਅਪਾਹਜ਼ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਜਿਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਖੇਤੀ ਜਾਂ ਰੋਜ਼ਾਨਾ ਮਜ਼ਦੂਰੀ ’ਤੇ ਨਿਰਭਰ ਕਰਦੀ ਹੈ, ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨ ’ਤੇ ਜਾਣ ਵਿੱਚ ਮੁਸ਼ਕਲ ਆਉਂਦੀ ਹੈ।
ਉਹ ਆਪਣੀ ਜਾਇਦਾਦ, ਪਸ਼ੂਆਂ ਅਤੇ ਨੌਕਰੀਆਂ ਬਾਰੇ ਚਿੰਤਤ ਹੁੰਦੇ ਹਨ। ਕੁਦਰਤੀ ਸੁਰੱਖਿਆ ਢਾਲਾਂ ਦਾ ਕਮਜ਼ੋਰ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ। ਮੈਂਗਰੋਵ ਜੰਗਲਾਂ ਦੀ ਕਟਾਈ, ਗਿੱਲੀਆਂ ਜ਼ਮੀਨਾਂ ਦਾ ਵਿਨਾਸ਼ ਅਤੇ ਸਮੁੰਦਰੀ ਕੰਢਿਆਂ ’ਤੇ ਵਧ ਰਹੀ ਉਸਾਰੀ ਤੂਫ਼ਾਨਾਂ ਦੇ ਜੋਖਮ ਨੂੰ ਵਧਾਉਂਦੀ ਹੈ। ਮੈਂਗਰੋਵ ਜੰਗਲ ਸਮੁੰਦਰੀ ਲਹਿਰਾਂ ਦੀ ਤਾਕਤ ਨੂੰ ਘਟਾਉਣ ਅਤੇ ਕੰਢੀ ਖੇਤਰਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਾਵਜ਼ੂਦ, ਵਿਕਾਸ ਦੇ ਨਾਂਅ ’ਤੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕੰਢੀ ਖੇਤਰਾਂ ਵਿੱਚ ਵਿਕਾਸ ਜ਼ਰੂਰੀ ਹੈ।
ਪਰ ਵਾਤਾਵਰਨ ਦੀ ਕੀਮਤ ’ਤੇ ਵਿਕਾਸ ਭਵਿੱਖ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਪਹਿਲਾ ਕਦਮ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਮੌਸਮ ਵਿਭਾਗ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਵਧਾਉਣ ਦੇ ਨਾਲ-ਨਾਲ, ਸੈਟੇਲਾਈਟ, ਡੌਪਲਰ ਰਾਡਾਰ ਅਤੇ ਸਮੁੰਦਰੀ ਨਿਗਰਾਨੀ ਪ੍ਰਣਾਲੀਆਂ ਦਾ ਵਿਸਤਾਰ ਕਰਨਾ ਜ਼ਰੂਰੀ ਹੈ। ਚਿਤਾਵਨੀਆਂ ਸਿਰਫ਼ ਮੋਬਾਇਲ ਸੁਨੇਹਿਆਂ ਤੱਕ ਸੀਮਤ ਨਹੀਂ ਹੋਣੀਆਂ ਚਾਹੀਦੀਆਂ। ਸਾਇਰਨ, ਕਮਿਊਨਿਟੀ ਰੇਡੀਓ, ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤਾਂ ਰਾਹੀਂ ਵੀ ਜਨਤਾ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਚਿਤਾਵਨੀਆਂ ਸਥਾਨਕ ਭਾਸ਼ਾ ਵਿੱਚ ਹੋਣੀਆਂ ਚਾਹੀਦੀਆਂ ਹਨ ਅਤੇ ਸਪੱਸ਼ਟ ਤੌਰ ’ਤੇ ਦੱਸੀਆਂ ਜਾਣੀਆਂ ਚਾਹੀਦੀਆਂ ਹਨ ਕਿ ਕੀ ਕਰਨਾ ਹੈ ਤੇ ਕਿੱਥੇ ਜਾਣਾ ਹੈ। ਇਸ ਤੋਂ ਇਲਾਵਾ, ਕੰਢੀ ਖੇਤਰਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਆਫ਼ਤ ਦੀ ਤਿਆਰੀ ਲਈ ਆਸਰਾ-ਘਰਾਂ ਦੀ ਗਿਣਤੀ ਵਧਾਉਣ, ਸੁਰੱਖਿਅਤ ਨਿਕਾਸੀ ਰਸਤੇ ਸਥਾਪਤ ਕਰਨ ਤੇ ਹਸਪਤਾਲਾਂ, ਪਾਵਰ ਪਲਾਂਟਾਂ ਤੇ ਪੀਣ ਵਾਲੇ ਪਾਣੀ ਦੇ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਨਿਯਮਤ ਮੌਕ ਡ੍ਰਿਲ ਲੋਕਾਂ ਨੂੰ ਆਫ਼ਤ ਦੌਰਾਨ ਸਹੀ ਕਦਮ ਚੁੱਕਣ ਲਈ ਸਿਖਲਾਈ ਦੇਣ ਵਿੱਚ ਮੱਦਦ ਕਰ ਸਕਦੇ ਹਨ।
ਆਫ਼ਤ ਪ੍ਰਬੰਧਨ ਵਿੱਚ ਸਥਾਨਕ ਭਾਈਚਾਰਿਆਂ ਦੀ ਭਾਗੀਦਾਰੀ ਵੀ ਜ਼ਰੂਰੀ ਹੈ। ਪੰਚਾਇਤਾਂ, ਗੈਰ-ਸਰਕਾਰੀ ਸੰਗਠਨਾਂ, ਮਛੇਰਿਆਂ ਦੀਆਂ ਐਸੋਸੀਏਸ਼ਨਾਂ ਅਤੇ ਨੌਜਵਾਨਾਂ ਨੂੰ ਆਫ਼ਤ ਪ੍ਰਬੰਧਨ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ ਵਿੱਚ ਆਫ਼ਤ ਜਾਗਰੂਕਤਾ ਅਤੇ ਮੁੱਢਲੀ ਸਹਾਇਤਾ ਦੀ ਸਿਖਲਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਸਥਾਨਕ ਲੋਕਾਂ ਨੂੰ ਆਪਣੇ ਖੇਤਰਾਂ ਵਿੱਚ ਜੋਖਮਾਂ ਬਾਰੇ ਬਿਹਤਰ ਜਾਣਕਾਰੀ ਹੁੰਦੀ ਹੈ।
ਇਸ ਲਈ, ਉਨ੍ਹਾਂ ਦੀ ਭਾਗੀਦਾਰੀ ਰਾਹਤ ਅਤੇ ਬਚਾਅ ਕਾਰਜਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੀ ਹੈ। ਕੁਦਰਤ ਨਾਲ ਇੱਕਸੁਰਤਾ ਵਿੱਚ ਕੰਮ ਕਰਕੇ ਵੀ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਮੈਂਗ੍ਰੋਵ ਜੰਗਲਾਂ, ਗਿੱਲੀਆਂ ਥਾਵਾਂ ਤੇ ਕੰਢੀ ਬਨਸਪਤੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਸੰਵੇਦਨਸ਼ੀਲ ਖੇਤਰਾਂ ਵਿੱਚ ਬੇਕਾਬੂ ਉਸਾਰੀ ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ, ਅਤੇ ਕੰਢੀ ਨਿਯਮਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਮਛੇਰਿਆਂ, ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਲਈ ਬੀਮਾ, ਵਿੱਤੀ ਸਹਾਇਤਾ ਅਤੇ ਰੋਜ਼ੀ-ਰੋਟੀ ਦਾ ਪੁਨਰਵਾਸ ਜ਼ਰੂਰੀ ਹੈ, ਤਾਂ ਜੋ ਉਹ ਆਫ਼ਤ ਤੋਂ ਬਾਅਦ ਠੀਕ ਹੋ ਸਕਣ। ਤੂਫ਼ਾਨ ਅਰਨਬ ਨੇ ਇਹ ਸਮਝਣ ਦਾ ਮੌਕਾ ਪ੍ਰਦਾਨ ਕੀਤਾ ਹੈ ਕਿ ਭਾਵੇਂ ਕੁਦਰਤੀ ਆਫ਼ਤਾਂ ਤੋਂ ਪੂਰੀ ਤਰ੍ਹਾਂ ਬਚਣਾ ਅਸੰਭਵ ਹੈ, ਪਰ ਬਿਹਤਰ ਤਿਆਰੀ ਰਾਹੀਂ ਉਨ੍ਹਾਂ ਦੇ ਨੁਕਸਾਨ ਨੂੰ ਜ਼ਰੂਰ ਘੱਟ ਕੀਤਾ ਜਾ ਸਕਦਾ ਹੈ।
ਭਾਰਤ ਨੇ ਮੌਸਮ ਦੀ ਭਵਿੱਖਬਾਣੀ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ, ਪਰ ਕੰਢੀ ਖੇਤਰਾਂ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ। ਹੁਣ ਲੋੜ ਆਪਣੇ-ਆਪ ਨੂੰ ਰਾਹਤ ਅਤੇ ਬਚਾਅ ਤੱਕ ਸੀਮਤ ਰੱਖਣ ਦੀ ਨਹੀਂ ਹੈ, ਸਗੋਂ ਅਜਿਹੇ ਸਿਸਟਮ ਬਣਾਉਣ ਦੀ ਹੈ ਜੋ ਆਫ਼ਤ ਆਉਣ ਤੋਂ ਪਹਿਲਾਂ ਨੁਕਸਾਨ ਨੂੰ ਘਟਾ ਸਕਣ। ਆਖ਼ਰਕਾਰ, ਸੁਰੱਖਿਅਤ ਕੰਢਾ ਸਿਰਫ਼ ਮਜ਼ਬੂਤ ਇਮਾਰਤਾਂ ਦੁਆਰਾ ਹੀ ਨਹੀਂ, ਸਗੋਂ ਜਾਗਰੂਕ ਨਾਗਰਿਕਾਂ, ਜਵਾਬਦੇਹ ਪ੍ਰਸ਼ਾਸਨ ਅਤੇ ਇੱਕ ਸੁਰੱਖਿਅਤ ਵਾਤਾਵਰਣ ਦੁਆਰਾ ਬਣਾਏ ਜਾਂਦੇ ਹਨ।
ਇਹ ਵੀ ਪੜ੍ਹੋ : Parvinder Singh Jhota: ਪਰਵਿੰਦਰ ਮਾਮਲਾ, ਕੈਬਨਿਟ ਮੰਤਰੀਆਂ ਦੀ ਅਗਵਾਈ ’ਚ ਮੀਟਿੰਗ ਦੀ ਰੱਖੀ ਮੰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਪ੍ਰਿਅੰਕਾ ਸੌਰਭ
Comments