ਕਿਸਾਨੀ ਸੰਘਰਸ਼ : ਪੁੱਤ ਖੇਤਾਂ ‘ਚ, ਮਾਵਾਂ ਧਰਨੇ ’ਚ ਡਟੀਆਂ

Kisan Morcha
ਬਠਿੰਡਾ : ਧਰਨੇ 'ਤੇ ਬੈਠੀਆਂ ਮਹਿਲਾਵਾਂ । ਤਸਵੀਰ : ਸੱਚ ਕਹੂੰ ਨਿਊਜ਼

(ਸੁਖਜੀਤ ਮਾਨ) ਬਠਿੰਡਾ। ਹਾੜੀ ਦੀ ਵਾਢੀ ਮੌਕੇ ਕਿਸਾਨ ਖੇਤਾਂ ਦੇ ਕੰਮ ‘ਚ ਰੁੱਝੇ ਹੋਣ ਕਾਰਨ ਔਰਤਾਂ ਨੇ ਮੋਰਚੇ ‘ਚ ਭਾਰੀ ਸਮੂਲੀਅਤ ਸ਼ੁਰੂ ਕਰ ਦਿੱਤੀ ਹੈ । 4 ਅਪ੍ਰੈਲ ਤੋਂ ਬਠਿੰਡਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ਵਿੱਚ ਅੱਜ ਦੀ ਸਟੇਜ ਦੀ ਕਾਰਵਾਈ ਵੀ ਔਰਤਾਂ ਵੱਲੋਂ ਚਲਾਈ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਕਿਸਾਨ ਹਾੜੀ ਦੀ ਵਾਢੀ ਅਤੇ ਤੂੜੀ ਤੰਦ ਸਾਂਭਣ ਲੱਗੇ ਹੋਏ ਇਸ ਕਰਕੇ ਮੋਰਚੇ ਵਿੱਚ ਔਰਤਾਂ ਦੀ ਸ਼ਮੂਲੀਅਤ ਹੋਰ ਵੀ ਵਧਾਈ ਜਾਵੇਗੀ। Kisan Morcha

ਮਹਿਲਾ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੰਗਾਂ ਗੈਸ ਪਾਈਪ ਲਾਈਨ, ਗੜੇ ਮਾਰੀ ਤੇ ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਭਿਆਨਕ ਬਿਮਾਰੀ ਕਾਰਨ ਨੁਕਸਾਨੇ ਪਸ਼ੂਆਂ ਦੇ ਮੁਆਵਜੇ ਸਬੰਧੀ, ਟੇਲਾਂ ’ਤੇ ਪਾਣੀ ਦੀ ਸਮੱਸਿਆ, ਭਾਰਤ ਮਾਲਾ ਸੜਕ ਦਾ ਪੂਰਾ ਮੁਆਵਜ਼ਾ ਆਦਿ ਮੰਗਾਂ ਦੇ ਹੱਲ ਸਬੰਧੀ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਦਮ ਪਰਖਿਆ ਜਾ ਰਿਹਾ ਹੈ ।

25 ਅਪ੍ਰੈਲ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ

ਉਹਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਲੱਗਦਾ ਹੈ ਕਿ ਅੱਕ ਥੱਕ ਕੇ ਕਿਸਾਨ ਨਮੋਸ਼ ਹੋ ਕੇ ਘਰ ਨੂੰ ਵਾਪਸ ਚਲੇ ਜਾਣਗੇ ਪਰ ਹੁਣ ਮੋਰਚੇ ਦੀ ਜਿੱਤ ਤੱਕ ਔਰਤਾਂ ਵੱਲੋਂ ਲਗਾਤਾਰ ਯੋਗਦਾਨ ਪਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 25 ਅਪ੍ਰੈਲ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਦਿਨ ਰਾਤ ਦਾ ਮੋਰਚਾ ਲਗਾਤਾਰ ਜਾਰੀ ਰਹੇਗਾ।

ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀ ਚਾਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਮਾਹੌਲ ਵਿਗਾੜਨ ਵਾਲੇ ਭਾਜਪਾ ਆਗੂਆਂ ਜਾਂ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਬਠਿੰਡਾ ਜ਼ਿਲ੍ਹੇ ਵਿੱਚ ਵੀ ਭਾਜਪਾ ਆਗੂਆਂ ਦੇ ਵਿਰੋਧ ਦੌਰਾਨ ਕੱਲ ਮੌੜ ਮੰਡੀ ਤੇ ਇਸ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨਾਲ ਤਣਾਅ ਵਾਲਾ ਮਾਹੌਲ ਬਣ ਰਿਹਾ ਹੈ ਇਸ ਨੂੰ ਦੇਖਦਿਆਂ ਐਸ ਐਸ ਪੀ ਬਠਿੰਡਾ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਜਿਲ੍ਹੇ ਦੇ ਐਸਪੀਜ਼ ਅਤੇ ਡੀਐਸਪੀਜ਼ ਸ਼ਾਮਲ ਸਨ ।

ਇਹ ਵੀ ਪੜ੍ਹੋ: ਸੈਲਫੀ ਲੈਣ ਦੇ ਚੱਕਰ ’ਚ ਨੌਜਵਾਨ ਦੀ ਗਈ ਜਾਨ

ਕਿਸਾਨਾਂ ਦੀ ਤਰਫੋਂ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਟੀਮ ਅਤੇ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂ ਸ਼ਾਮਲ ਸਨ। ਮੀਟਿੰਗ ਦੌਰਾਨ ਐਸਐਸਪੀ ਨੇ ਵਿਸ਼ਵਾਸ਼ ਦਵਾਇਆ ਕਿ ਅੱਗੇ ਤੋਂ ਅਜਿਹਾ ਤਣਾਅ ਵਾਲਾ ਮਾਹੌਲ ਨਹੀਂ ਬਣਨ ਦਿੱਤਾ ਜਾਵੇਗਾ ਜਿਸ ਦੀ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਨਾ ਬਣੇ। Kisan Morcha

ਧਰਨੇ ਦੌਰਾਨ ਸਟੇਜ ਦੀ ਕਾਰਵਾਈ ਪਰਮਜੀਤ ਕੌਰ ਪਿੱਥੋ ਨੇ ਚਲਾਈ। ਅੱਜ ਦੇ ਇਕੱਠ ਨੂੰ ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਪਾਲ ਕੌਰ ਘੁੰਮਣ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ,ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮਪੁਰਾ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਅਜੈ ਪਾਲ ਸਿੰਘ ਘੁੱਦਾ ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਹੋਰ ਬਲਾਕ ਦੇ ਆਗੂ ਵੀ ਸਨ। ਗਾਇਕ ਹਰਬੰਸ ਸਿੰਘ ਘਣੀਆ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

LEAVE A REPLY

Please enter your comment!
Please enter your name here