ਪਟਵਾਰੀ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

Bribe

(ਰਾਜੀਵ ਸ਼ਰਮਾ)  ਹੁਸ਼ਿਆਰਪੁਰ। ਵਿਜੀਲੈਂਸ ਬਿਊਰੋ ਯੂਨਿਟ ਨਵਾਂਸ਼ਹਿਰ ਵੱਲੋਂ ਅੱਜ ਮਾਲ ਹਲਕਾ ਜਾਡਲਾ ਤਹਿਸੀਲ ਬਲਾਚੌਰ ਦੇ ਪਟਵਾਰੀ ਵਿਨੋਦ ਕੁਮਾਰ ਨੂੰ ਗੁਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਜਸਦੇਵ ਸਿੰਘ ਨਗਰ, ਗਿੱਲ-2 ਲੁਧਿਆਣਾ ਪਾਸੋਂ 8 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।

ਨਵਾਂਸ਼ਹਿਰ ਯੂਨਿਟ ਦੇ ਇੰਚਾਰਜ ਡੀਐੱਸਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੀਪ ਸਿੰਘ ਹੋਰੀਂ ਦੋ ਭਰਾ ਤੇ ਭੈਣ ਹਨ। ਉਸ ਨੇ ਆਪਣੇ ਕੁਆਰੇ ਭਰਾ ਹਰਦੀਪ ਸਿੰਘ ਦੀ 22 ਮਾਰਚ 2016 ਨੂੰ ਮੌਤ ਹੋਣ ਉਪਰੰਤ ਉਸ ਦੇ ਹਿੱਸੇ ਦੀ ਜ਼ਮੀਨ ਆਪਣੇ ਤੇ ਆਪਣੀ ਭੈਣ ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਗਿੱਲ ਲੁਧਿਆਣਾ ਦੇ ਨਾਂਅ ਕਰਵਾਉਣ ਲਈ ਵਿਰਾਸਤ ਦੇ ਇੰਤਕਾਲ ਲਈ ਅਰਜ਼ੀ ਦਿੱਤੀ ਸੀ। ਸਬੰਧਤ ਪਟਵਾਰੀ ਵੱਲੋਂ ਇਸ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤੇ ਅਖੀਰ 8 ਹਜ਼ਾਰ ਰੁਪਏ ‘ਚ ਗੱਲ ਤੈਅ ਹੋਈ। ਅੱਜ ਜਦੋਂ ਉਸ ਵੱਲੋਂ 8 ਹਜ਼ਾਰ ਰੁਪਏ ਦੀ ਰਿਸ਼ਵਤ ਵਸੂਲ ਪਾਈ ਜਾ ਰਹੀ ਸੀ ਤਾਂ ਵਿਜੀਲੈਂਸ ਬਿਊਰੋ ਨਵਾਂਸ਼ਹਿਰ ਵੱਲੋਂ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪਟਵਾਰੀ ਵਿਨੋਦ ਕੁਮਾਰ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 13 (88) ਤਹਿਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਡੀਐੱਸਪੀ ਸ੍ਰੀ ਕੁਮਾਰ ਅਨੁਸਾਰ ਇਸ ਕਾਰਵਾਈ ਮੌਕੇ ਸ਼ੈਡੋ ਗਵਾਹ ਵਜੋਂ ਗੁਰਨਾਮ ਸਿੰਘ ਵਾਸੀ ਜਸਦੇਵ ਸਿੰਘ ਨਗਰ ਲੁਧਿਆਣਾ ਅਤੇ ਸਰਕਾਰੀ ਗਵਾਹਾਂ ਵਜੋਂ ਅਸ਼ਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਮੁਕੰਦਪੁਰ ਅਤੇ ਇੰਜੀਨੀਅਰ ਅਰੁਣ ਸ਼ੇਖਰ, ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕੌਮ ਸਬ ਡਵੀਜ਼ਨ ਦਿਹਾਤੀ ਨਵਾਂਸ਼ਹਿਰ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ