ਅਕਾਲੀਆਂ ਦੇ ਧਰਨੇ ‘ਚ ਨਾ ਪੁੱਜੇ ਪਰਮਿੰਦਰ ਢੀਂਡਸਾ

Parminder Dhindsa, Akali dharna

ਧਰਨੇ ‘ਚ ਕਾਂਗਰਸ ਸਰਕਾਰ ‘ਤੇ ਵਰੇ ਅਕਾਲੀ ਆਗੂ

ਮੁੱਖ ਮੰਤਰੀ ਤਿੰਨ ਸਾਲਾਂ ‘ਚ ਸਿਰਫ਼ 6 ਵਾਰ ਆਪਣੇ ਦਫ਼ਤਰ ਗਿਆ: ਸੁਖਬੀਰ ਬਾਦਲ

ਖੁਸ਼ਵੀਰ ਸਿੰਘ ਤੂਰ/ਪਟਿਆਲਾ।ਅਕਾਲੀ ਦਲ ਵੱਲੋਂ ਘਨੌਰ ਦੇ ਪਿੰਡ ਤਖਤੂਮਾਜਰਾ ਦੇ ਮਾਮਲੇ ਵਿੱਚ ਅੱਜ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਮਿੰਨੀ ਸਕੱਤਰੇਤ ਵਿਖੇ ਧਰਨਾ ਠੋਕ ਕੇ ਕੈਪਟਨ ਸਰਕਾਰ ਨੂੰ ਖੂਬ ਰਗੜੇ ਲਾਏੇ। ਇਸ ਦੌਰਾਨ ਅਕਾਲੀ ਦਲ ਦੇ ਬਾਗੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਤੇ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਗੈਰ-ਹਾਜ਼ਰ ਰਹੇ। ਧਰਨੇ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪਰਮਿੰਦਰ ਢੀਂਡਸਾ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਹੀ ਮੁੰਬਈ ਗਏ ਸਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਦਾਅਵੇਦਾਰੀਆਂ ਵਿੱਚ ਨਹੀਂ ਪੈਣਾ ਚਾਹੁੰਦੇ। ਪਰਮਿੰਦਰ ਢੀਂਡਸਾ ਦੇ ਪਟਿਆਲਾ ਤੋਂ ਪਾਰਟੀ ਦੇ ਆਬਜ਼ਰਵਰ ਹੋਣ ਸਬੰਧੀ ਪੁੱਛੇ ਜਾਣ ‘ਤੇ ਸੁਖਬੀਰ ਨੇ ਕਿਹਾ ਕਿ ਆਬਜ਼ਰਵਰ ਸਿਰਫ ਚੋਣਾਂ ਵਾਸਤੇ ਨਿਯੁਕਤ ਕੀਤੇ ਗਏ ਸਨ ਤੇ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਹ ਆਬਜ਼ਰਵਰ ਦਾ ਰੋਲ ਆਪਣੇ ਆਪ ਖਤਮ ਹੋ ਗਿਆ ਹੈ।

ਹੁਣ ਆਉਣਾ ਜਾਂ ਨਾ ਆਉਣਾ ਉਹਨਾਂ ਦੀ ਮਰਜ਼ੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਇਹ ਹੈ ਕਿ ਉਹ ਆਪਣੇ ਦਫ਼ਤਰ ਲਗਭਗ ਤਿੰਨ ਸਾਲਾਂ ਵਿੱਚ ਸਿਰਫ਼ 6 ਵਾਰ ਹੀ ਗਿਆ ਹੈ। ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਪ੍ਰਤੀ ਕਿੰਨਾ ਜਿੰਮੇਵਾਰ ਹੈ।  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ‘ਚ ਜਾਂਦਾ ਨਹੀਂ ਹੈ ਅਤੇ ਕਾਂਗਰਸੀ ਵਿਧਾਇਕਾਂ ਦੀਆਂ ਧੱਕੇਸ਼ਾਹੀਆਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ।

ਉਹਨਾਂ ਕਿਹਾ ਕਿ ਸਥਿਤੀ ਇਹ ਹੋਈ ਪਈ ਹੈ ਕਿ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪੁਲਿਸ ਨੂੰ ਪਿੰਡ ਤਖਤੂਪੁਰਾ ਦੀ ਇੱਕ ਔਰਤ ਨੂੰ ਚੁੱਕ ਕੇ ਲਿਆਉਣ ਦਾ ਹੁਕਮ ਦੇ ਦਿੱਤਾ ਹੈ ਅਤੇ 42 ਪਿੰਡ ਵਾਸੀਆਂ ਖ਼ਿਲਾਫ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ। ਪਟਿਆਲਾ ਦੇ ਐਸਐਸਪੀ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਝੂਠਾ ਕੇਸ ਵਾਪਸ ਲੈਣ ਲਈ ਆਖਦਿਆਂ ਬਾਦਲ ਨੇ ਕਿਹਾ ਕਿ ਜਦੋਂ ਸੂਬੇ ਵਿੱਚ ਅਕਾਲੀ-ਭਾਜਪਾ ਸਰਕਾਰ ਬਣ ਗਈ ਤਾਂ ਲੋਕਾਂ ਖ਼ਿਲਾਫ ਝੂਠੇ ਪਰਚੇ ਦਰਜ ਕਰਨ ਲਈ ਜ਼ਿੰਮੇਵਾਰ ਸਾਰੇ ਪੁਲਿਸ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।

ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਮੁੱਖ ਮੰਤਰੀ ਦੇ ਜ਼ੱਦੀ ਜ਼ਿਲ੍ਹੇ ਅੰਦਰ ਸਿਰਫ ਗੈਰਕਾਨੂੰਨੀ ਰੇਤ ਮਾਇਨਿੰਗ ਅਤੇ ਗੈਰਕਾਨੂੰਨੀ ਸ਼ਰਾਬ ਦਾ ਹੀ ਧੰਦਾ ਨਹੀਂ ਕਰ ਰਹੇ, ਸਗੋਂ ਨਸ਼ਾ ਤਸਕਰਾਂ ਕੋਲੋਂ ਮਹੀਨਾਵਾਰ ਪੈਸੇ ਵੀ ਲੈ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਸਮੇਤ ਇਹਨਾਂ ਸਾਰੇ ਆਗੂਆਂ ਦੀ ਇਹਨਾਂ ਦੇ ਗੈਰਕਾਨੂੰਨੀ ਧੰਦਿਆਂ ਲਈ ਜੁਆਬਦੇਹੀ ਹੋਵੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਅਮਨ-ਕਾਨੂੰਨ ਤਹਿਸ ਨਹਿਸ ਹੋ ਚੁੱਕਿਆ ਹੈ।

ਕਿਉਂਕਿ ਸੁਖਜਿੰਦਰ ਰੰਧਾਵਾ ਵਰਗੇ ਮੰਤਰੀਆਂ ਸਣੇ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।  ਉਹਨਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ‘ਖਾਲੀ ਖਜ਼ਾਨੇ’ ਸੰਬੰਧੀ ਦਾਅਵਿਆਂ ‘ਤੇ ਕਿੰਤੂ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ਵਿਖੇ 27 ਏਅਰਕੰਡੀਸ਼ਨਰਾਂ ਅਤੇ 17 ਗੀਜ਼ਰਾਂ ਦਾ ਇਸਤੇਮਾਲ ਕੀਤਾ ਜਾ  ਰਿਹਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਨੇ ਤਖ਼ਤੂਪੁਰਾ ਧੱਕੇਸ਼ਾਹੀ ਮਾਮਲੇ ‘ਚ ਪੀੜਤ ਲੋਕਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਈ ਹੈ।

ਅਕਾਲੀ ਦਲ ਆਪਣਾ ਅੰਦੋਲਨ ਤਿੱਖਾ ਕਰ ਦੇਵੇਗਾ : ਸੁਰਜੀਤ ਸਿੰਘ ਰੱਖੜਾ

ਸਗੋਂ  ਉਲਟਾ ਵਿਧਾਇਕ ਜਲਾਲਪੁਰ ਨੂੰ ਸਹੀ ਠਹਿਰਾਇਆ ਹੈ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਐਲਾਨ ਕੀਤਾ ਕਿ ਜੇਕਰ ਲੋਕਾਂ ਖ਼ਿਲਾਫ ਦਰਜ ਕੀਤੇ ਸਾਰੇ ਝੂਠੇ ਕੇਸ ਵਾਪਸ ਨਾ ਲਏ ਗਏ ਤਾਂ ਅਕਾਲੀ ਦਲ ਆਪਣਾ ਅੰਦੋਲਨ ਤਿੱਖਾ ਕਰ ਦੇਵੇਗਾ। ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਮਾਨ, ਐਨਕੇ ਸ਼ਰਮਾ, ਹਰਮੇਲ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪ੍ਰੀਤ ਕੌਰ ਮੁਖਮੈਲਪੁਰ, ਵਨਿੰਦਰ ਕੌਰ ਲੂੰਬਾ, ਹਰਪਾਲ ਜੁਨੇਜਾ, ਸਤਬੀਰ ਸਿੰਘ ਖੱਟੜਾ, ਚਰਨਜੀਤ ਸਿੰਘ ਬਰਾੜ, ਅਮਨਦੀਪ ਸਿੰਘ ਘੱਗਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਮੌਜੂਦ ਸਨ।

ਸੁਖਦੇਵ ਢੀਂਡਸਾ ਨੇ ਆਪਣੇ ਸਿਆਸੀ ਕਰੀਅਰ ਦਾ ਰਸਤਾ ਆਪ ਚੁਣਿਆ: ਸੁਖਬੀਰ

ਧਰਨੇ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਗੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਿਆਸੀ ਕਰੀਅਰ ਦਾ ਰਸਤਾ ਆਪ ਚੁਣਿਆ ਹੈ। ਢੀਂਡਸਾ ਉਹਨਾਂ ਦੇ ਪਿਤਾ ਸਮਾਨ ਹਨ ਤੇ ਉਹ ਉਹਨਾਂ ਦੇ ਫੈਸਲਿਆਂ ਬਾਰੇ ਕੁਝ ਨਹੀਂ ਕਹਿ ਸਕਦੇ।  ਉਹਨਾਂ ਦੁਹਰਾਇਆ ਕਿ ਅਕਾਲੀ ਦਲ ਵਿਚੋਂ ਭਾਵੇਂ ਸੁਖਬੀਰ ਬਾਦਲ ਸਮੇਤ ਕੋਈ ਵੀ ਚਲਾ ਜਾਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਲੋਕ ਅਕਾਲੀ ਦਲ ਦੇ ਨਾਲ ਹਨ ਅਤੇ ਅਗਲੀ ਵਾਰ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ। ਬਾਦਲ ਨੇ ਨਾਗਰਿਕਤਾ ਸੋਧ ਬਿੱਲ ਬਾਰੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਪਾਸ ਹੋਏ ਐਕਟ ਵਿੱਚ ਫਿਰ ਸੋਧ ਕੀਤੀ ਜਾਵੇ ਅਤੇ ਮੁਸਲਮਾਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।