ਸਿੱਖਿਆ ਵਿਭਾਗ ਦੇ ਨਵੇਂ ਉਪਰਾਲੇ ਤੋਂ ਵਿਦਿਆਰਥੀਆਂ ਦੇ ਮਾਪੇ ਖ਼ੁਸ਼

ਸਿੱਖਿਆ ਵਿਭਾਗ ਦੇ ਨਵੇਂ ਉਪਰਾਲੇ ਤੋਂ ਵਿਦਿਆਰਥੀਆਂ ਦੇ ਮਾਪੇ ਖ਼ੁਸ਼

ਸਾਡੇ ਦੇਸ਼ ਅੰਦਰ ਕੋਰੋਨਾ ਵਾਇਰਸ ਨੇ ਉਦੋਂ ਦਸਤਕ ਦਿੱਤੀ ਸੀ, ਜਦੋਂ ਦੇਸ਼ ਦੇ ਅੰਦਰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਸਨ। ਕੁੱਝ ਕੁ ਕਲਾਸਾਂ ਦੇ ਤਾਂ ਪੇਪਰ ਹੋ ਗਏ ਸਨ, ਜਦੋਂਕਿ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਪੇਪਰ ਅੱਧ-ਵਿਚਾਲੇ ਰਹਿ ਗਏ। ਕੋਰੋਨਾ ਵਾਇਰਸ ਐਸਾ, ਸਾਡੇ ਦੇਸ਼ ਅੰਦਰ ਆਇਆ ਕਿ ਇਸ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ। ਜਿਹੜੇ ਵਿਦਿਆਰਥੀ ਅਤੇ ਅਧਿਆਪਕ ਸਕੂਲ ਤੋਂ ਇੱਕ ਵੀ ਛੁੱਟੀ ਨਹੀਂ ਸੀ ਕਰਦੇ ਅਤੇ ਆਪਣਾ ਕੰਮ ਪੂਰਾ ਲਗਨ ਤੇ ਮਿਹਨਤ ਨਾਲ ਕਰਦੇ ਸਨ, ਉਨ੍ਹਾਂ ਨੂੰ ਕਰੋਨਾ ਨੇ ਘਰ ਬਿਠਾ ਦਿੱਤਾ।

ਬੇਸ਼ੱਕ 24 ਮਾਰਚ 2020 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਾਣ ‘ਤੇ ਪੂਰੇ ਦੇਸ਼ ਅੰਦਰ ਜਨਤਾ ਕਰਫ਼ਿਊ ਅਤੇ ਤਾਲਾਬੰਦੀ ਕਰ ਦਿੱਤੀ ਗਈ, ਪਰ ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਡਿਊਟੀਆਂ ਦਿੰਦੇ ਰਹੇ।

ਕੋਰੋਨਾ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਏ, ਇਸੇ ਦੇ ਚੱਲਦਿਆਂ ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਚੰਗੀ ਸੋਚ ਮੁਤਾਬਿਕ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀਆਂ ਅਨੋਖੇ ਤਰੀਕੇ ਨਾਲ ਡਿਊਟੀਆਂ ਲਾਈਆਂ ਗਈਆਂ। ਸਿੱਖਿਆ ਸਕੱਤਰ, ਜਿਹੜੇ ਕਿ ਬਹੁਤ ਹੀ ਸੁਲਝੇ ਹੋਏ ਅਤੇ ਚੰਗੀ ਸੋਚ ਦੇ ਮਾਲਕ ਹਨ, ਉਨ੍ਹਾਂ ਵੱਲੋਂ ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ ਖ਼ੁਦ ਵੀ ਕੋਰੋਨਾ ਵਾਇਰਸ ਤੋਂ ਬਚਣ ਅਤੇ ਵਿਦਿਆਰਥੀਆਂ ਨੂੰ ਵੀ ਇਸ ਵਾਇਰਸ ਤੋਂ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ। ਕੋਰੋਨਾ ਕਰਫ਼ਿਊ ਕਾਰਨ ਸਕੂਲਾਂ ਵਿਚ ਜਾਣ ਤੋਂ ਅਸਮਰੱਥ ਹੋਏ ਵਿਦਿਆਰਥੀਆਂ ਨੂੰ ਵਿੱਦਿਅਕ ਗਤੀਵਿਧੀਆਂ ਨਾਲ ਜੋੜਨ ਲਈ ਅਧਿਆਪਕ ਪੂਰੀ ਤਰ੍ਹਾਂ ਸਰਗਰਮ ਹੋਏ ਰਹੇ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਹੱਲਾਸ਼ੇਰੀ ਨਾਲ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ ਵਿਚ ਮਸ਼ਰੂਫ਼ ਹੋ ਗਏ। ਸਾਰੇ ਅਧਿਆਪਕ, ਵਿਦਿਆਰਥੀਆਂ ਨੂੰ ਜ਼ੂਮ ਐਪ ਜ਼ਰੀਏ ਨਿਰਧਾਰਿਤ ਸਮੇਂ ‘ਤੇ ਪੜ੍ਹਾਉਂਦੇ ਰਹੇ ਅਤੇ ਪੜ੍ਹ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਵਟਸਐਪ ਰਾਹੀਂ ਦਿੱਤੇ ਗਏ ਹੋਮ ਵਰਕ ਨੂੰ ਆਪੋ-ਆਪਣੇ ਅਧਿਆਪਕਾਂ ਕੋਲ ਪਹੁੰਚਾਉਂਦੇ ਰਹੇ ਅਤੇ ਪਹੁੰਚਾ ਰਹੇ ਹਨ। ਅਧਿਆਪਕ ਬੱਚਿਆਂ ਦਾ ਕੰਮ ਚੈੱਕ ਕਰਕੇ, ਵਾਪਿਸ ਵਟਸਐਪ ਰਾਹੀਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ।

ਵਿਦਿਆਰਥੀ ਬਹੁਤ ਹੀ ਚਾਅ ਨਾਲ ਪੜ੍ਹਾਈ ਕਰਨ ਲੱਗੇ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਸਿੱਖਿਆ ਵਿਭਾਗ ਦੇ ਇਸ ਨਵੇਂ ਉਪਰਾਲੇ ਤੋਂ ਖ਼ੁਸ਼ ਹਨ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦੇ ਰਹੇ ਹਨ।

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪਾਠਕ੍ਰਮ ਨਾਲ ਸਬੰਧਿਤ ਪੁਸਤਕਾਂ ਵੀ ਖ਼ੂਬਸੂਰਤ ਰੂਪ ਵਿਚ ਆਨਲਾਈਨ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਵੀ ਚੁੱਕੀਆਂ ਹਨ। ਦੱਸਣਾ ਬਣਦਾ ਹੈ ਕਿ ਗੁਣਾਤਮਿਕ ਸਿੱਖਿਆ ਸੁਧਾਰ ਦੇ ਪ੍ਰਾਜੈਕਟ ਤਹਿਤ ਬੱਚਿਆਂ ਵੱਲੋਂ ਕੀਤੀਆਂ ਗਈਆਂ ਸੈਲਫ਼ ਇੰਟਰੋਡਕਸ਼ਨ, ਸੁੰਦਰ ਲਿਖਤ, ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਪੜ੍ਹਨ, ਪਹਾੜਿਆਂ ਆਦਿ ਦੀਆਂ ਪੇਸ਼ਕਾਰੀਆਂ ਲਈ ਬੱਚਿਆਂ ਦੀ ਹੌਂਸਲਾ-ਅਫ਼ਜ਼ਾਈ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੈ।

ਅਧਿਆਪਕ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਦਰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਨਗੇ। ਪਿਛਲੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਬੱਚਿਆਂ ਅਤੇ ਮਾਪਿਆਂ ਦੀ ਕਰੋਨਾ ਰੋਕਥਾਮ ਬਾਰੇ ਅਗਵਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਅਧਿਆਪਕਾਂ ਨੂੰ ਆਨਲਾਈਨ ਦਾਖਲਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ, ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਦਸਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਨੂੰ ਸਟੱਡੀ ਮੈਟੀਰੀਅਲ ਭੇਜਣ ਦੇ ਨਾਲ-ਨਾਲ ਪ੍ਰੇਰਿਤ ਕਰਨ ਲਈ ਕਿਹਾ ਗਿਆ।

ਛੇਵੀਂ ਤੋਂ ਬਾਰਵੀਂ ਤੱਕ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੂੰ ਈ ਕੰਟੈਂਟ ਅਤੇ ਪੀਡੀਐੱਫ ਕਿਤਾਬਾਂ ਭੇਜਣ ਲਈ ਕਿਹਾ ਗਿਆ। ਇਸ ਸੰਕਟ ਕਾਲੀਨ ਸਥਿਤੀ ਵਿੱਚ ਬੱਚਿਆਂ ਨੂੰ ਮੋਬਾਈਲ ਫੋਨਾਂ, ਰੇਡੀਉ, ਟੀ. ਵੀ. ਆਦਿ ਬਿਜਲੀ ਬਿਜਲਈ ਸਾਧਨਾਂ ਰਾਹੀਂ ਪੜ੍ਹਾਈ ਨਾਲ ਜੋੜੀ ਰੱਖਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ।

ਸਿੱਖਿਆ ਸਕੱਤਰ ਨੇ ਆਪਣੇ ਸੁਨੇਹੇ ਵਿਚ ਇਹ ਵੀ ਕਿਹਾ ਕਿ ਇਸ ਸਾਲ ਕੋਵਿਡ-19 ਦੇ ਫੈਲਣ ਕਾਰਨ ਭਾਵੇਂ ਹਾਲਾਤ ਵੱਖਰੇ ਹਨ, ਪਰ ਵਿਦਿਆਰਥੀ ਅਤੇ ਅਧਿਆਪਕ ਆਪਣੇ-ਆਪਣੇ ਘਰਾਂ ਵਿਚ ਹਨ ਅਤੇ ਆਨਲਾਈਨ ਵਿਦਿਆਰਥੀਆਂ ਨੂੰ ਅਧਿਆਪਕ ”ਵਰਕ” ਕਰਵਾ ਰਹੇ ਹਨ। ਵਿਦਿਆਰਥੀਆਂ ਦੀ ਸਿਹਤ ਸੁਰੱਖਿਆ, ਉਨ੍ਹਾਂ ਦਾ ਖਾਣ-ਪੀਣ, ਸਾਫ਼-ਸਫ਼ਾਈ ਆਦਿ ਸਭ ਤੋਂ ਜ਼ਰੂਰੀ ਹੈ, ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਤਹਿਤ ਜਾਗਰੂਕਤਾ ਲਈ ਅਤੇ ਉਨ੍ਹਾਂ ਦੇ ਵਿਹਲੇ ਸਮੇਂ ਨੂੰ ਲਾਭਕਾਰੀ ਕੰਮ ਵਿਚ ਲਾਉਣ ਲਈ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਦੇ ਸੁਝਾਵਾਂ ਅਤੇ ਮੰਗ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਕੂਲਾਂ ਦੇ ਵਿਦਿਆਰਥੀਆਂ ਲਈ ਕੁੱਝ ਗਤੀਵਿਧੀਆਂ ਘਰੇ ਬੈਠ ਕੇ ਕਰਨ ਲਈ ਸੋਸ਼ਲ ਮੀਡੀਆ ਅਤੇ ਫ਼ੋਨ ਰਾਹੀਂ ਲਿਖਤ, ਆਡੀਓ, ਵੀਡੀਓ ਰੂਪ ਵਿਚ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਮੈਨੂੰ ਲੱਗਦਾ ਹੈ ਕਿ ਅਧਿਆਪਕਾਂ ਕੋਲ ਵੀ ਵਿਦਿਆਰਥੀਆਂ ਦੇ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਸਿਹਤ ਸੁਰੱਖਿਆ ਲਈ ਅਗਵਾਈ ਦੇਣ ਦਾ ਇਹ ਵਧੀਆ ਮੌਕਾ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਕੋਵਿਡ-19 ਤੋਂ ਬਚਣ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਘਰਾਂ ਵਿਚ ਹੀ ਰਹੋ ਅਤੇ ਇਸ ਬਾਰੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ।

ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ‘ਖੰਘ ਜ਼ੁਕਾਮ ਵਾਲੇ ਮਰੀਜ਼ਾਂ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ, ਖੰਘਣ ਛਿੱਕਣ ਸਮੇਂ ਆਪਣਾ ਨੱਕ ਮੂੰਹ ਕੂਹਣੀ ਨਾਲ ਢੱਕੋ, ਵਾਰ-ਵਾਰ ਸਾਬਣ ਨਾਲ ਜਾਂ ਫਿਰ ਹੈਂਡ ਸੈਨੇਟਾਈਜ਼ਰ ਨਾਲ ਹੱਥਾਂ ਦੀ ਸਫ਼ਾਈ ਕਰੋ। ਇਸ ਤੋਂ ਇਲਾਵਾ ਆਸ-ਪਾਸ ਦੀਆਂ ਚੀਜ਼ਾਂ ਨੂੰ ਛੂਹਣ ਤੋਂ ਬਚੋ। ਇਸ ਤਰ੍ਹਾਂ ਕੁੱਝ ਕੁ ਸਾਵਧਾਨੀਆਂ ਵਰਤ ਕੇ ਅਸੀਂ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ।
ਪਰਮਜੀਤ ਕੌਰ ਸਿੱਧੂ
ਮੋ. 98148-90905

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।