ਅਸਲੀ ਸਨਮਾਨ ਚਿੰਨ੍ਹ

ਅਸਲੀ ਸਨਮਾਨ ਚਿੰਨ੍ਹ

ਕੁਲਦੀਪ ਸਰਕਾਰੀ ਨੌਕਰੀ ਮਿਲਦਿਆਂ ਹੀ ਸਕੂਲ ਨੂੰ ਸਮਰਪਿਤ ਹੋ ਗਿਆ ਸੀ। ਕੁਝ ਕੁ ਸਮੇਂ ਬਾਅਦ ਹੀ ਉਸ ਦੀ ਤਰੱਕੀ ਹੋ ਗਈ ਅਤੇ ਉਸ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੋਣ ਵਾਂਗ ਉਹ ਆਪਣੇ ਪੁਰਾਣੇ ਸਕੂਲ ਦਾ ਹੀ ਹੈਡ ਮਾਸਟਰ ਬਣ ਗਿਆ। ਉਸਨੇ ਆਪਣੀ ਅਣਥੱਕ ਮਿਹਨਤ ਨਾਲ ਸਕੂਲ ਦੀ ਦਿੱਖ ਬਦਲ ਦਿੱਤੀ ਜਿਸ ਦੇ ਬਦਲੇ ਵਿਭਾਗ ਵੱਲੋਂ ਉਸ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ। ਕੁਲਦੀਪ ਨੂੰ ਜਦੋਂ ਵੀ ਸਨਮਾਨ ਪੱਤਰ ਮਿਲਦਾ ਤਾਂ ਉਹ ਬੜੇ ਹੀ ਚਾਅ ਨਾਲ ਉਸ ਸਨਮਾਨ ਪੱਤਰ ਨੂੰ ਦਫਤਰ ਦੀ ਕੰਧ ਉੱਤੇ ਬਿਲਕੁਲ ਸਾਹਮਣੇ ਲਟਕਾ ਦਿੰਦਾ ਸੀ ਤਾਂ ਕਿ ਦਫਤਰ ’ਚ ਆਉਂਦੇ-ਜਾਂਦੇ ਹਰ ਕਿਸੇ ਦੀ ਨਜ਼ਰ ਉਹਨਾਂ ’ਤੇ ਸਿੱਧੀ ਪੈਂਦੀ ਰਹੇ।

ਇੱਕ ਦਿਨ ਕੁਲਦੀਪ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਨਮਾਨ ਪੱਤਰਾਂ ਨੂੰ ਸਾਫ ਕਰ ਰਿਹਾ ਸੀ ਤਾਂ ਇੱਕ ਵਿਦਿਆਰਥੀ ਨੇ ਪੁੱਛਿਆ, ‘‘ਸਰ ਇਹ ਹੈ ਕੀ ਨੇ, ਜਿਨ੍ਹਾਂ ਨੂੰ ਤੁਸੀਂ ਐਨੇ ਪਿਆਰ ਨਾਲ ਸੰਭਾਲ ਕੇ ਰੱਖਿਆ ਐ?’’

‘‘ਪੁੱਤਰੋ! ਤੁਸੀਂ ਆਪ ਈ ਪੜ੍ਹ ਕੇ ਦੇਖੋ ਤਾਂ ਸਹੀ, ਤੁਹਾਨੰ ਵੀ ਪਤਾ ਲੱਗੂ ਮੇਰੀ ਕਿੰਨੀ ਵੱਡੀ ਪ੍ਰਾਪਤੀ ਐ’’ ਕੁਲਦੀਪ ਨੇ ਚੌੜਾ ਹੁੰਦਿਆਂ ਕਿਹਾ।
ਜਿਉਂ ਈ ਬੱਚੇ ਉਸ ਦੇ ਨੇੜੇ ਗਏ ਤਾਂ ਉਹ ਭਮੱਤਰੀਆਂ ਹੋਈਆਂ ਅੱਖਾਂ ਨਾਲ ਵੇਖ ਕਹਿਣ ਲੱਗੇ, ‘‘ਸਰ ਜੀ! ਇਹ ਤਾਂ ਜੀ ਅੰਗਰੇਜ਼ੀ ਵਿੱਚ ਨੇ ਜੀ! ਸਾਨੂੰ ਤਾਂ ਅਜੇ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਪੜ੍ਹਨੀ ਆਉਂਦੀ, ਅੰਗਰੇਜ਼ੀ ਤਾਂ ਬੜੀ ਦੂਰ ਦੀ ਗੱਲ ਐ’’

ਇਹ ਸੁਣਦਿਆਂ ਹੀ ਕੁਲਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਨੂੰ ਇਉਂ ਲੱਗਾ ਜਿਵੇਂ ਉਹ ਸਨਮਾਨ-ਪੱਤਰ ਹੁਣ ਉਸ ਦੇ ਮੂੰਹ ’ਤੇ ਚਪੇੜਾਂ ਮਾਰਨ ਲੱਗ ਪਏ ਹੋਣ। ਉਸ ਦਿਨ ਤੋਂ ਬਾਅਦ ਕੁਲਦੀਪ ਨੇ ਕੰਧ ਉੱਤੋਂ ਸਾਰੇ ਸਨਮਾਨ-ਪੱਤਰ ਉਤਾਰ ਕੇ ਕਮਰੇ ਦੇ ਖੂੰਜੇ ਪਈ ਅਲਮਾਰੀ ਵਿੱਚ ਸਾਂਭ ਦਿੱਤੇ। ਪਰ ਵਿਦਿਆਰਥੀਆਂ ਦੇ ਬੋਲੇ ਦੋ ਸ਼ਬਦ ਉਸ ਦੇ ਦਿਲ ਅਤੇ ਦਿਮਾਗ਼ ਅੰਦਰ ਅਜੇ ਵੀ ਖੌਰੂ ਪਾ ਰਹੇ ਸਨ ਜਿਵੇਂ ਉਹ ਆਖ ਰਹੇ ਹੋਣ, ‘‘ਸਰ ਜੀ! ਕਦੇ ਸਾਨੂੰ ਵੀ ਦੋ ਅੱਖਰ ਚੱਜ ਨਾਲ ਸਿਖਾ ਦਿਆ ਕਰੋ, ਕਾਹਤੋਂ ਐਵੇਂ ਫੋਕੀ ਸ਼ੋਹਰਤ ਦੇ ਕਾਗਜਾਂ ਪਿੱਛੇ ਤੁਰੇ ਫਿਰਦੇ ਓ!’’ ਕਈ ਵਾਰ ਉਹ ਰਾਤ ਨੂੰ ਉੱਠ ਖੜ੍ਹਾ ਹੁੰਦਾ, ਕਦੀਂ ਉਹ ਸਕੂਲ ਵਿੱਚ ਹੈਡ ਮਾਸਟਰ ਦੀ ਕੁਰਸੀ ਨੂੰ ਦੇਖ ਕੇ ਝੂਰਦਾ ਰਹਿੰਦਾ ਅਤੇ ਕਦੇ ਆਪਣੇ-ਆਪ ਨੂੰ ਕੋਸਦਾ ਹੋਇਆ ਇਸ ਨੌਕਰੀ ਲਈ ਅਯੋਗ ਘੋਸ਼ਿਤ ਕਰ ਦਿੰਦਾ।

ਵਿਚਾਰਾਂ ਦੀ ਉਥਲ-ਪੁਥਲ ਉਸ ਨੂੰ ਚੈਨ ਨਹੀਂ ਸੀ ਲੈਣ ਦਿੰਦੀ। ਬਹੁਤ ਕੁਝ ਸੋਚ-ਵਿਚਾਰ ਕਰਨ ਤੋਂ ਬਾਅਦ ਕੁਲਦੀਪ ਨੇ ਇਹ ਫ਼ੈਸਲਾ ਕਰ ਲਿਆ ਕਿ ਉਹ ਮੁੜ ਕੋਈ ਵੀ ਸਨਮਾਨ ਨਹੀਂ ਲਵੇਗਾ ਅਤੇ ਜਿੰਨਾ ਚਿਰ ਦੀਵੇ ਹੇਠਲਾ ਹਨ੍ਹੇਰਾ ਦੂਰ ਨਹੀਂ ਹੁੰਦਾ, ਓਨਾ ਚਿਰ ਓਹ ਆਪਣੇ-ਆਪ ਨੂੰ ਮੁਆਫ਼ ਨਹੀਂ ਕਰੇਗਾ। ਉਸ ਦਾ ਪਲਕ ਝਪਦਿਆਂ ਬਦਲਿਆ ਰਵੱਈਆ ਦੇਖ ਕੇ ਵਿਦਿਆਰਥੀਆਂ ਅਕਸਰ ਹੀ ਕਹਿੰਦੇ ਰਹਿੰਦੇ, ‘‘ਸਰ ਜੀ! ਸਹੁੰ ਲੱਗੇ, ਤੁਸੀਂ ਸਾਨੂੰ ਹੁਣ ਬਹੁਤ ਹੀ ਚੰਗੇ ਲੱਗਦੇ ਓ! ਤੁਸੀਂ ਹਰ ਵਿਸ਼ੇ ਬਾਰੇ ਬਾਕਮਾਲ ਸਮਝਾਉਂਦੇ ਓ, ਕਦੀਂ-ਕਦੀਂ ਕੋਈ ਵਿਦਿਆਰਥੀ ਇਹ ਵੀ ਕਹਿ ਦਿੰਦਾ, ਸਰ ਜੀ! ਤੁਸੀਂ ਪਹਿਲਾਂ ਤਾਂ ਜਮਾਤ ਵਿੱਚ ਵੜਦੇ ਈ ਨਹੀਂ ਸੀ! ਹੁਣ ਨਿੱਕਲਦੇ ਈ ਮਸਾਂ ਓ!’’
ਦੂਜੇ ਪਾਸੇ ਕੁਲਦੀਪ ਬੱਚਿਆਂ ਦਾ ਜਵਾਬ ਦਿੰਦਿਆਂ ਇੰਝ ਕਹਿੰਦਾ ਰਹਿੰਦਾ,

‘‘ਬੱਸ ਪੁੱਤਰੋ! ਸਭ ਸਮੇਂ ਦਾ ਗੇੜ ਐ, ਕਈ ਵਾਰ ਇੱਕ ਨਿੱਕੀ ਜਿਹੀ ਲੱਗੀ ਠੋ੍ਹਕਰ ਵੀ ਆਦਮੀ ਨੂੰ ਸਿੱਧੇ ਰਸਤੇ ਪਾ ਦਿੰਦੀ ਐ, ਸਮਝ ਲਵੋ ਮੇਰੇ ਪੈਰੀਂ ਉਹ ਠ੍ਹੋਕਰ ਵੱਜ ਗਈ ਐ’’

ਸਾਰੇ ਵਿਭਾਗ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਸੀ ਕਿ ਕੁਲਦੀਪ ਸਿੰਘ ਨੇ ਅੱਗੇ ਤੋਂ ਕੋਈ ਵੀ ਸਨਮਾਨ ਨਾ ਲੈਣ ਦਾ ਪ੍ਰਣ ਕਰ ਲਿਆ ਐ। ਜਦੋਂ ਵੀ ਕਦੇ ਉੱਚ ਅਧਿਕਾਰੀ ਉਸ ਦੇ ਸਕੂਲ ਵਿਜ਼ਿਟ ਕਰਦੇ ਤਾਂ ਉਹ ਅਕਸਰ ਈ ਆਖਦੇ, ‘‘ਦੇਖ ਕੁਲਦੀਪ! ਤੂੰ ਆਪਣੀ ਸਮਰਪਿਤ ਭਾਵਨਾ ਨਾਲ ਕੰਮ ਕਰਕੇ ਸਕੂਲ ਦੀ ਐਨੀ ਸੋਹਣੀ ਦਿੱਖ ਬਣਾਈ ਐ! ਤੂੰ ਹਰ ਤਰ੍ਹਾਂ ਦੇ ਸਨਮਾਨ ਦਾ ਹੱਕ ਰੱਖਦਾ ਐਂ ! ਜੇ ਮਹਿਕਮਾ ਤੇਰਾ ਮਾਣ ਕਰਦਾ, ਤਾਂ ਤੈਨੂੰ ਉਹ ਮਾਣ ਲੈਣ ’ਚ ਕੀ ਹਰਜ ਐ? ਨਾਲੇ ਸਨਮਾਨ ਕਿਸੇ ’ਤੇ ਕੀਤਾ ਕੋਈ ਅਹਿਸਾਨ ਥੋੜ੍ਹਾ ਹੁੰਦਾ ਐ ਇਹ ਤਾਂ ਦੇਣ ਵਾਲੇ ਦੀ ਕ੍ਰਿਤੱਗਤਾ ਅਤੇ ਲੈਣ ਵਾਲੇ ਦਾ ਹੱਕ ਹੁੰਦਾ ਐ’’

ਅੱਗੋਂ ਕੁਲਦੀਪ ਆਖ ਦਿੰਦਾ, ‘‘ਦੇਖੋ ਜੀ! ਤੁਸੀਂ ਜਾਣਦੇ ਈ ਓ ਕਿ ਮੈਂ ਪਹਿਲਾਂ ਕਿੰਨੇ ਈ ਵਾਰ ਸਨਮਾਨਿਤ ਹੋਇਆ ਆਂ, ਮੈਨੂੰ ਹੱਕ ਦਾ ਤਾਂ ਪਤਾ ਸੀ ਪਰ ਉਹਨਾਂ ਹੱਕਾਂ ਦੇ ਨਾਲ ਜੁੜੇ ਫਰਜ ਮੈਥੋਂ ਭੁੱਲ ਹੋ ਗਏ ਸੀ’’

ਇਸ ਤਰ੍ਹਾਂ ਕੁਲਦੀਪ ਹਰ ਵਾਰ ਸਨਮਾਨਿਤ ਹੋਣਾ ਟਾਲ ਦਿੰਦਾ ਪਰ ਓਹਦੀ ਸਕੂਲ ਪ੍ਰਤੀ ਭਾਵਨਾ ਪਹਿਲਾਂ ਨਾਲੋਂ ਕਿਤੇ ਜਿਆਦਾ ਵਧ ਗਈ ਸੀ। ਹੁਣ ਉਹ ਵਾਧੂ ਕਲਾਸਾਂ ਲਾ ਕੇ ਵੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਮਗਨ ਰਹਿੰਦਾ ਸੀ। ਬੱਚਿਆਂ ਨੂੰ ਸਮੇਂ-ਸਮੇਂ ਉਚੇਰੀ ਸਿੱਖਿਆ ਲਈ ਮਾਰਗ-ਦਰਸ਼ਨ ਕਰਨਾ ਉਸ ਦਾ ਸੁਭਾਅ ਬਣ ਗਿਆ ਸੀ। ਦੂਸਰੇ ਪਾਸੇ ਉਸ ਦੇ ਨਾਂਅ ਨਾਲ ‘ਸਨਮਾਨ ਨਾ ਲੈਣ ਵਾਲਾ ਅਧਿਆਪਕ’ ਇੱਕ ਤਖੱਲਸ ਵਾਂਗ ਜੁੜ ਗਿਆ ਸੀ। ਪਿੰਡ ਵਾਸੀ ਸਕੂਲ ਗੇੜਾ ਮਾਰਦੇ ਰਹਿੰਦੇ ਅਤੇ ਉਸ ਦੀਆਂ ਸਿਫਤਾਂ ਕਰਦੇ ਹੋਏ ਅਕਸਰ ਹੀ ਆਖ ਦਿੰਦੇ, ‘‘ਮਾਸਟਰ ਜੀ! ਸਾਡੇ ਪਿੰਡ ਨੇ ਕੋਈ ਚੰਗਾ ਈ ਪੁੰਨ ਕੀਤਾ ਹੋਊ ਜਿਹੜਾ ਤੁਹਾਡੇ ਵਰਗਾ ਅਧਿਆਪਕ ਸਾਡੇ ਪਿੰਡ ਆ ਗਿਆ। ਧਰਮ ਨਾਲ ਹੁਣ ਤਾਂ ਸਾਡੇ ਪਿੰਡ ਦੇ ਬੱਚੇ ਕਿਸੇ ਤਣ-ਪੱਤਣ ਲੱਗ ਈ ਜਾਣਗੇ’’

ਅੱਗੋਂ ਕੁਲਦੀਪ ਵੀ ਮੋੜਵੇਂ ਜਵਾਬ ਵਿੱਚ ਆਖ ਦਿੰਦਾ, ‘‘ਨਹੀਂ ਜੀ! ਹੋਰ ਅਸੀਂ ਤਨਖ਼ਾਹ ਕਾਹਦੀ ਲੈਂਦੇ ਆਂ, ਇਹ ਤਾਂ ਹਰ ਇੱਕ ਅਧਿਆਪਕ ਦਾ ਫਰਜ਼ ਐ! ਕੋਈ ਪਹਿਲਾਂ ਪਹਿਚਾਣ ਲੈਂਦਾ ਐ, ਕਿਸੇ -ਕਿਸੇ ਮੇਰੇ ਵਰਗੇ ਨੂੰ ਬਾਅਦ ਵਿੱਚ ਸਮਝ ਆਉਂਦੀ ਐ’’
‘‘ਆਹ ਮਾਣ-ਸਨਮਾਨ ਆਲਾ ਕੀ ਚੱਕਰ ਐ? ਬੜਾ ਰੌਲਾ ਪੈ ਰਿਹਾ ਐ!’’ ਇੱਕ ਬਜ਼ੁਰਗ ਨੇ ਮੂਹਰੇ ਹੁੰਦਿਆਂ ਪੁੱਛਿਆ। ਅੱਗੋਂ ਕੁਲਦੀਪ ਹੱਸ ਕੇ ਕਹਿਣ ਲੱਗਾ, ‘‘ਨਹੀਂ ਬਜ਼ੁਰਗੋ! ਦੁਨੀਆਂ ਤਾਂ ਐਵੀਂ ਖੰਭਾਂ ਦੀਆਂ ਡਾਰਾਂ ਬਣਾ ਲੈਂਦੀ ਆ! ਕੋਈ ਚੱਕਰ-ਚੁੱਕਰ ਨਹੀਂ ਐ, ਤੁਹਾਡਾ ਅਸ਼ੀਰਵਾਦ ਕਿਹੜਾ ਸਨਮਾਨ ਤੋਂ ਘੱਟ ਐ’’

‘‘ਆਹੋ ਜੀ ਜਿਵੇਂ ਅੱਜ-ਕੱਲ੍ਹ ਧੜਾਧੜ ਅਧਿਆਪਕ ਸਨਮਾਨਿਤ ਹੋਈ ਜਾਂਦੇ ਆ, ਮੈਨੂੰ ਨੀ ਲੱਗਦਾ ਆਉਣ ਆਲੇ ਦਿਨਾਂ ’ਚ ਕੋਈ ਅਧਿਆਪਕ ਸਨਮਾਨਿਤ ਹੋਏ ਬਿਨਾ ਰਹਿਜੂ, ‘ਸਾਰੇ ਬੱਚੇ ਪਾਸ’ ਫਾਰਮੂਲਾ ਬਹੁਤੇ ਮਾਸਟਰਾਂ ਦੇ ਰਾਸ ਆ ਗਿਆ ਐ ਜੀਹਨੇ ਗਧਾ-ਘੋੜਾ ਇੱਕ ਮੁੱਲ ਦਾ ਕਰ ਦਿੱਤਾ’’ ਸਾਬਕਾ ਪੰਚ ਇਹ ਕਹਿ ਕੇ ਪਾਸੇ ਹੋ ਗਿਆ।

ਸਮਾਂ ਆਪਣੀ ਚਾਲ ਚੱਲਦਾ ਗਿਆ, ਕੁਲਦੀਪ ਦੀ ਚਰਚਾ ਹਰ ਪਾਸੇ ਹੁੰਦੀ ਰਹਿੰਦੀ। ਉਹ ਵਿਦਿਆਰਥੀਆਂ ਨਾਲ ਹਰ ਸਮੇਂ ਇਸ ਤਰ੍ਹਾਂ ਖੁਭਿਆ ਰਹਿੰਦਾ ਸੀ ਜਿਵੇਂ ਕਿਸੇ ਖਾਸ ਮਕਸਦ ਨੂੰ ਪੂਰਾ ਕਰਨ ਦਾ ਦਿ੍ਰੜ੍ਹ ਇਰਾਦਾ ਆਪਣੇ ਅੰਦਰ ਸਮੋਈ ਬੈਠਾ ਹੋਵੇ। ਸਕੂਲ ਵਿੱਚੋਂ ਪੜ੍ਹ ਕੇ ਗਏ ਉਹ ਵਿਦਿਆਰਥੀ ਵੀ ਕੁਲਦੀਪ ਕੋਲ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ ਜਿਨ੍ਹਾਂ ਨੇ ਹੁਣ ਉਚੇਰੀ ਸਿੱਖਿਆ ਦੇ ਕੋਰਸਾਂ ਵਿੱਚ ਦਾਖਲਾ ਲੈ ਲਿਆ ਸੀ ਜਾਂ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ।

‘‘ਹੈਂ! ਆ ਕੀ! ਕਹਿੰਦੇ ਆ ਕੁਲਦੀਪ ਨੂੰ ਡੀ. ਸੀ. ਸਨਮਾਨਿਤ ਕਰੂ ਆਹ ਛੱਬੀ ਜਨਵਰੀ ਨੂੰ!’’ ਇਹ ਗੱਲ ਹਰ ਅਧਿਆਪਕ ਦੇ ਕੰਨਾਂ ਤਾਈਂ ਮਿੰਟੋਂ-ਮਿੰਟੀ ਪਹੁੰਚ ਗਈ ਸੀ। ਇਹ ਹਰ ਇੱਕ ਲਈ ਅਚੰਭਾ ਹੀ ਸੀ ਕਿ ਉਹ ਅਧਿਆਪਕ ਹੁਣ ਐਨੇ ਸਾਲਾਂ ਮਗਰੋਂ ਅਚਾਨਕ ਸਨਮਾਨਿਤ ਹੋਣ ਲਈ ਕਿਵੇਂ ਤਿਆਰ ਹੋ ਗਿਆ। ਸਾਰੇ ਆਪੋ-ਆਪਣੀਆਂ ਕਿਆਸ-ਅਰਾਈਆਂ ਲਾ ਰਹੇ ਸਨ ਜਦੋਂ ਵੀ ਕਦੇ ਉਹ ਇਕੱਠੇ ਹੁੰਦੇ ਤਾਂ ਕੋਈ ਕਹਿੰਦਾ, ‘‘ਐਂਵੀਂ ਨੀ ਕੁਲਦੀਪ ਤਿਆਰ ਹੋਇਆ! ਕੋਈ ਤਾਂ ਦਾਲ ’ਚ ਕਾਲਾ ਐ!’’ ਅੱਗੋਂ ਦੂਜਾ ਆਖ ਦਿੰਦਾ, ‘‘ਕੋਈ ਵੱਡੀ ਈ ਧਨ ਰਾਸ਼ੀ ਮਿਲਣੀ ਹੋਊ! ਸਾਰੇ ਸਾਲਾਂ ਦਾ ’ਕੱਠਾ ਈ ਭਾਂਗਾ ਕੱਢ ਦੇਣਾ ਐ, ਐਵੀਂ ਨਹੀਂ ਉਹ ਐਨੇ ਟੈਮ ਦਾ ਚੁੱਪ ਬੈਠਾ ਰਿਹਾ!’’

ਕਿਸੇ-ਕਿਸੇ ਮੂੰਹੋਂ ਇਹ ਵੀ ਸੁਣਨ ਨੂੰ ਮਿਲਦਾ, ‘‘ਨਾਲੇ ਅੱਜ-ਕੱਲ੍ਹ ਸਨਮਾਨ ਕੌਣ ਛੱਡਦਾ ਐ, ਆਪਣੇ ਵਰਗਾ ਦੋ ਬੈਂਚਾਂ ’ਤੇ ਰੰਗ ਮਾਰ ਕੇ ਵੀ ਸਨਮਾਨਿਤ ਹੋਣ ਨੂੰ ਲੇਲੜੀਆਂ ਕੱਢਦਾ ਫਿਰਦਾ ਰਹਿੰਦਾ ਐ, ਉਹ ਤਾਂ ਪਤੰਦਰ ਚੌਵੀ ਘੰਟੇ ਰਹਿੰਦਾ ਈ ਸਕੂਲ ’ਚ ਐ, ਵਿੱਚੋਂ ਗੱਲ ਤਾਂ ਕੋਈ ਹੋਰ ਈ ਨਿੱਕਲੂ!’’

ਜਿਵੇਂ ਕਿਸੇ ਵੇਲੇ ਕੁਲਦੀਪ ਦੀ ਸਨਮਾਨ ਨਾ ਲੈਣ ਦੀ ਚਰਚਾ ਹੋਈ ਸੀ। ਉਸ ਤੋਂ ਕਿਤੇ ਵਧੇਰੇ ਹੁਣ ਸਨਮਾਨਿਤ ਹੋਣ ਦੀ ਚਰਚਾ ਹੋਣ ਲੱਗ ਪਈ ਸੀ। ਹਰ ਕੋਈ ਇਹ ਜਾਣਨ ਲਈ ਉਤਾਵਲਾ ਹੋਇਆ ਫਿਰਦਾ ਸੀ ਕਿ ਆਖਰ ਗੱਲ ਕੀ ਐ!

ਦਸੰਬਰ ਦੇ ਚੱਲ ਰਹੇ ਸੈਮੀਨਾਰਾਂ ਵਿੱਚ ਵੀ ਏਹੀ ਮੁੱਦਾ ਭਾਰੂ ਰਿਹਾ। ਜੇਕਰ ਕੋਈ ਕੁਲਦੀਪ ਨੂੰ ਪੁੱਛਦਾ ਤਾਂ ਅੱਗੋਂ ਕੁਲਦੀਪ ਵੀ ਐਨੀ ਗੱਲ ਕਹਿ ਕੇ ਚੁੱਪ ਕਰ ਜਾਂਦਾ, ‘‘ਭਰਾਵਾ! ਮੈਂ ਕਦੋਂ ਤੋਂ ਇਹ ਸਨਮਾਨ ਦੀ ਤਾਂਘ ਵਿੱਚ ਈ ਬੈਠਾ ਸੀ, ਐਨੇ ਸਾਲਾਂ ਬਾਅਦ ਮਸਾਂ ਹੱਥ ਲੱਗਣਾ ਐ!’’ ਕੁਲਦੀਪ ਦੀਆਂ ਲੱਛੇਦਾਰ ਗੱਲਾਂ ਸੁਣ ਕੇ ਇੱਕ ਹੋਰ ਸਾਥੀ ਥੋੜ੍ਹਾ ਭੜਕ ਕੇ ਕਹਿਣ ਲੱਗਾ,

‘‘ਆਹੋ! ਐਂ ਤਾਂ ਸਾਨੂੰ ਵੀ ਪਤੈ ਹੀ ਕਿ ਤੂੰ ਕੋਈ ਵੱਡਾ ਈ ਸੱਪ ਕੱਢੇਂਗਾ, ਕੋਈ ਉਹ ਵੀ ਸਮਾਂ ਸੀ ਜਦੋਂ ਤੂੰ ਹਰ ਕੰਮ ਕੇਵਲ ਸਨਮਾਨਿਤ ਹੋਣ ਲਈ ਹੀ ਕਰਦਾ ਸੀ, ਅਸੀਂ ਕਿਤੇ ਤੈਨੂੰ ਭੁੱਲੇ ਆਂ, ਬਥੇਰੀ ਚਾਪਲੂਸੀ ਕੀਤੀ ਐ ਤੈਂ! ਤਾਂ ਕੀ ਹੋ ਗਿਆ ਜੇਕਰ ਤੂੰ ਦਸ-ਬਾਰਾਂ ਸਾਲਾਂ ਤੋਂ ਕੋਈ ਸਨਮਾਨ ਨਹੀਂ ਲਿਆ, ਬੰਦਾ ਤਾਂ ਤੂੰ ਓਹੀ ਐਂ!’’ ਇਹ ਸੁਣ ਕੇ ਸਾਰੇ ਜਣੇ ਖਿੜ-ਖਿੜ ਹੱਸ ਪਏ।

‘‘ਜੋ ਵੀ ਹੋਊ! ਆਪੇ ਪਤਾ ਲੱਗਜੂ, ਤੁਸੀਂ ਕਾਹਤੋਂ ਖਾਹ-ਮਖਾਹ ਉਂਗਲਾਂ ਭੰਨ੍ਹੀਆਂ ਨੇ, ਛੱਬੀ ਨੂੰ ਆਜੂ ਬਿੱਲੀ ਆਪੇ ਥੈਲੇ ’ਚੋਂ ਬਾਹਰ!’’ ਇੱਕ ਅਧਿਆਪਕ ਦੇ ਬੋਲਾਂ ਨੇ ਸਭ ਦੀ ਘੁਸਰ-ਮੁਸਰ ਬੰਦ ਕਰਵਾ ਦਿੱਤੀ।

ਗਣਤੰਤਰ ਦਿਵਸ ਮੌਕੇ ਕੁਲਦੀਪ ਫੁੱਲਿਆ ਨਹੀਂ ਸਮਾ ਰਿਹਾ ਸੀ, ਉਸ ਦੇ ਚਿਹਰੇ ’ਤੇ ਇਸ ਤਰ੍ਹਾਂ ਦੀ ਰੌਣਕ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ। ਪਰੇਡ ਹੋਣ ਤੋਂ ਪਿੱਛੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੇ ਡੀਸੀ ਸਹਿਬਾਨ ਨੇ ਜਦੋਂ ਆਪਣੀ ਕੁਰਸੀ ਕੁਲਦੀਪ ਲਈ ਛੱਡ ਦਿੱਤੀ ਤਾਂ ਸਭ ਦੇ ਮੂੰਹ ਵਿੱਚ ਆਪ-ਮੁਹਾਰੇ ਉਂਗਲਾਂ ਪੈ ਗਈਆਂ। ਇੱਕ ਅਧਿਆਪਕ ਦੂਜੇ ਦੇ ਕੂਹਣੀ ਮਾਰ ਕੇ ਕਹਿਣ ਲੱਗਾ, ‘‘ਅੱਜ ਮਿਲੀ ਐ ਅਧਿਆਪਕ ਨੂੰ ਸਹੀ ਥਾਂ, ਆਖਣ ਨੂੰ ਸਾਰੇ ਕੌਮ ਦਾ ਨਿਰਮਾਤਾ ਆਖਦੇ ਆ, ਪਰ ਆਪਾਂ ਨੂੰ ਪੁੱਛਦਾ ਕੋਈ ਕੌਡੀਆਂ ਵੱਟੇ ਵੀ ਨਹੀਂ!’’ ਇਹ ਸੁਣ ਕੇ ਦੂਸਰਾ ਕਹਿਣ ਲੱਗਾ, ‘‘ਹੀਰੇ ਦੀ ਪਰਖ ਵੀ ਜੌਹਰੀ ਹੀ ਕਰ ਸਕਦਾ ਐ, ਇਹ ਤਾਂ ਡੀਸੀ ਸਾਹਿਬ ਈ ਚੰਗੇ ਨੇ, ਜਿਨ੍ਹਾਂ ਨੇ ਅਧਿਆਪਕ ਦੀ ਸਹੀ ਪਰਖ ਕੀਤੀ ਐ, ਨਹੀਂ ਤਾਂ ਵੱਡੇ ਅਫਸਰ ਆਪਾਂ ਨੂੰ ਮੁਰਲੀ ਈ ਸਮਝਦੇ ਆ!’’

ਕੁਲਦੀਪ ਨੂੰ ਸਨਮਾਨਿਤ ਕਰਨ ਤੋਂ ਬਾਅਦ ਜਦੋਂ ਡੀਸੀ ਨੇ ਕੁਲਦੀਪ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਤਾਂ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਪੂਰੇ ਸਟੇਡੀਅਮ ਵਿੱਚ ਡੀਸੀ ਸਾਹਿਬ ਦੀਆਂ ਗੱਲਾਂ ਹੋਣ ਲੱਗ ਪਈਆਂ। ਹੁਣ ਮਾਇਕ ਕੁਲਦੀਪ ਦੇ ਹੱਥ ਵਿੱਚ ਸੀ ਅਤੇ ਉਹ ਸਨਮਾਨ ਚਿੰਨ੍ਹ ਨੂੰ ਵਾਰ-ਵਾਰ ਚੁੰਮ ਰਿਹਾ ਸੀ ਕੁਝ ਕੁ ਸਮਾਂ ਚੁੱਪ ਰਹਿਣ ਮਗਰੋਂ ਕੁਲਦੀਪ ਨੇ ਬੋਲਣਾ ਸ਼ੁਰੂ ਕੀਤਾ, ‘‘ਮੇਰੇ ਸਤਿਕਾਰਤ ਭਰਾਵੋ! ਜੋ ਤੁਸੀਂ ਮੇਰੇ ਹੱਥ ਵਿੱਚ ਇਹ ਸਨਮਾਨ ਦੇਖ ਰਹੇ ਓ! ਮੈਂ ਸੱਚਮੁੱਚ ਹੀ ਇਸ ਦਾ ਹੱਕਦਾਰ ਆਂ, ਮੈਂ ਚਾਹੁੰਦਾ ਆਂ ਕਿ ਇਸ ਤਰ੍ਹਾਂ ਦੇ ਅਸਲੀ ਸਨਮਾਨ ਈ ਹਰ ਆਧਿਆਪਕ ਹਾਸਲ ਕਰੇ, ਇਹ ਬੋਲਦਿਆਂ ਕੁਲਦੀਪ ਕੁਝ ਕੁ ਪਲ ਲਈ ਭਾਵੁਕ ਹੋ ਗਿਆ ਅਤੇ ਸਾਰੇ ਪਾਸਿਓਂ ਕੁਝ ਆਵਾਜ਼ਾਂ ਆਉਂਣ ਲੱਗ ਪਈਆਂ, ਅਸਲੀ ਸਨਮਾਨ! ਇਹ ਅਸਲੀ ਕਿਵੇਂ ਹੋਇਆ ਭਲਾਂ..?

ਆਵਾਜ਼ਾਂ ਹੌਲੀ ਹੋ ਗਈਆਂ ਤਾਂ ਕੁਲਦੀਪ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ, ‘‘ਹਾਂ ਭਰਾਵੋ! ਇਹ ਬਿਲਕੁਲ ਅਸਲੀ ਸਨਮਾਨ ਐ! ਕਿਉਂਕਿ ਜਿਸ ਡੀਸੀ ਸਾਹਿਬ ਨੇ ਮੈਨੂੰ ਇਹ ਸਨਮਾਨ ਦਿੱਤਾ ਐ ਉਹ ਮੇਰੇ ਹੀ ਪੜ੍ਹਾਏ ਹੋਏ ਵਿਦਿਆਰਥੀ ਨੇ’’
ਹੁਣ ਚਾਰੇ ਪਾਸੇ ਤਾੜੀਆਂ ਦੀ ਗੂੰਜ ਸੀ ਅਤੇ ਕੁਲਦੀਪ ਦੇ ਹੱਥ ਵਿੱਚ ਉਸਦਾ ਅਸਲੀ ਸਨਮਾਨ ਚਿੰਨ੍ਹ!
ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ. 94171-80205

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.