ਮੀਤ ਹੇਅਰ ਦੇ ਅਧਿਕਾਰੀਆਂ ਨੂੰ ਆਦੇਸ਼, ਬਾਰਡਰ ’ਤੇ ਰੁੱਕੇ ਨਾਜਾਇਜ਼, ਵਾਜਬ ਰੇਟਾਂ ’ਤੇ ਮਿਲੇ ਰੇਤ

Meet Hayer
ਮੀਤ ਹੇਅਰ ਦੇ ਅਧਿਕਾਰੀਆਂ ਨੂੰ ਆਦੇਸ਼, ਬਾਰਡਰ ’ਤੇ ਰੁੱਕੇ ਨਾਜਾਇਜ਼, ਵਾਜਬ ਰੇਟਾਂ ’ਤੇ ਮਿਲੇ ਰੇਤ

ਗੈਰਕਾਨੂੰਨੀ ਖਣਨ ਦੇ ਖ਼ਾਤਮੇ ਅਤੇ ਲੋਕਾਂ ਨੂੰ ਵਾਜਿਬ ਰੇਟਾਂ ’ਤੇ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਨਾਲ ਲੱਗਦੇ ਬਾਰਡਰ ਇਲਾਕੇ ਵਿੱਚ ਚਲ ਰਹੀ ਨਾਜਾਇਜ਼ ਮਾਇਨਿੰਗ ਨੂੰ ਤੁਰੰਤ ਰੋਕਣ ਅਤੇ ਪੰਜਾਬ ਦੇ ਬਾਕੀ ਹਿੱਸੇ ਵਿੱਚ ਵੱਡੇ ਪੱਧਰ ’ਤੇ ਛਾਪੇਮਾਰੀ ਕਰਨ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਵਲੋਂ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਗੁਰਮੀਤ ਸਿੰਘ ਮੀਤੇ ਹੇਅਰ ਵਲੋਂ ਖਣਨ ਤੇ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸਖਤ ਤਾੜਨਾ ਕੀਤੀ ਹੈ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਆਮ ਲੋਕਾਂ ਨੂੰ ਸਸਤਾ ਰੇਤ ਹਰ ਹਾਲਤ ਵਿੱਚ ਮਿਲਣਾ ਚਾਹੀਦਾ ਹੈ।

ਖਣਨ ਮੰਤਰੀ ਨੇ ਕਮਰਸ਼ੀਅਲ ਮਾਈਨਿੰਗ ਸਾਈਟ ਸਬੰਧੀ ਠੇਕੇਦਾਰਾਂ ਤੇ ਕਰੱਸ਼ਰ ਮਾਲਕਾਂ ਨਾਲ ਵੀ ਕੀਤੀ ਮੀਟਿੰਗ

ਮੀਤ ਹੇਅਰ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਨਿਗਰਾਨੀ ਲਈ ਖਣਨ ਤੇ ਪੁਲਿਸ ਵਿਭਾਗ ਦੇ ਫੀਲਡ ਅਧਿਕਾਰੀਆਂ ਦੀ ਸਾਂਝੀ ਕਮੇਟੀ ਬਣਾ ਕੇ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ। ਖਣਨ ਤੇ ਪੁਲਿਸ ਦੇ ਅਧਿਕਾਰੀ ਇਸ ਸੰਬੰਧੀ ਨਿਰੰਤਰ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣਗੇ। ਖਣਨ ਸਾਈਟ ਵਾਲੇ ਜ਼ਿਲਿਆਂ ਖਾਸ ਕਰਕੇ ਸਰਹੱਦੀ ਜ਼ਿਲਿਆਂ ਜਿੱਥੇ ਕੌਮਾਂਤਰੀ ਸਰਹੱਦ ਲੱਗਦੀ ਹੈ, ਉੱਥੇ ਗੈਰਕਾਨੂੰਨੀ ਖਣਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਖਣਨ ਵਿਭਾਗ ਦੇ ਇਨਫੋਰਸਮੈਂਟ ਵਿੰਗ ਨੂੰ ਆਪਣੇ 50 ਕਰਮੀ ਦਿੱਤੇ ਗਏ ਹਨ।

ਉਨਾਂ (Meet Hayer) ਦੱਸਿਆ ਕਿ ਸੂਬਾ ਸਰਕਾਰ ਵੱਲੋਂ ਗੈਰਕਾਨੂੰਨੀ ਖਣਨ ਦੇ ਮੁਕੰਮਲ ਖ਼ਾਤਮੇ ਅਤੇ ਸੂਬਾ ਵਾਸੀਆਂ ਨੂੰ ਵਾਜਿਬ ਰੇਟਾਂ ’ਤੇ ਰੇਤਾ/ਬੱਜਰੀ ਉਪਲਬਧ ਕਰਵਾਉਣ ਦੀ ਵਚਨਬੱਧਤਾ ਦੇ ਚੱਲਦਿਆਂ ਜਿੱਥੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਜਨਤਕ ਮਾਈਨਿੰਗ ਤੇ ਕਮਰਸ਼ੀਅਲ ਮਾਈਨਿੰਗ ਸਾਈਟ ਚਲਾਈਆਂ ਜਾ ਰਹੀਆਂ ਹਨ ਉੱਥੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਵਿਭਾਗ ਦੇ ਇਨਫੋਰਸਮੈਂਟ ਵਿੰਗ ਨੂੰ ਮੁਸਤੈਦ ਕੀਤਾ ਜਾ ਰਿਹਾ ਹੈ।

ਮੀਤ ਹੇਅਰ ਨੇ ਖਣਨ ਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰੰਤਰ ਚੈਕਿੰਗ ਯਕੀਨੀ ਬਣਾਉਣ ਲਈ ਕਿਹਾ

ਖਣਨ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਉੱਤੇ ਵਿਭਾਗ ਵੱਲੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ 55 ਜਨਤਕ ਮਾਈਨਿੰਗ ਸਾਈਟ ਸਫਲਤਾਪੂਰਵਕ ਚਲਾਉਣ ਤੋਂ ਬਾਅਦ ਹੁਣ ਕਮਰਸ਼ੀਅਲ ਮਾਈਨਿੰਗ ਸਾਈਟਾਂ ਨੂੰ ਚਲਾਉਣ ਦੀ ਪੂਰੀ ਤਿਆਰੀ ਹੈ। 40 ਕਮਰਸ਼ੀਅਲ ਮਾਈਨਿੰਗ ਸਾਈਟ ਕਾਰਜਸ਼ੀਲ ਅਧੀਨ ਹੈ ਜਿਨਾਂ ਵਿੱਚੋਂ 19 ਨੂੰ ਸ਼ੁਰੂ ਕਰਨ ਲਈ ਸਭ ਕਾਰਵਾਈ ਮੁਕੰਮਲ ਹੈ ਅਤੇ ਬਾਕੀ ਵੀ ਜਲਦ ਕਰ ਲਈਆਂ ਜਾਣਗੀਆਂ। ਇਨਾਂ ਨਵੇਂ ਕਮਰਸ਼ੀਅਲ ਮਾਈਨਿੰਗ ਕਲੱਸਟਰਾਂ ਦੇ ਚਾਲੂ ਹੋਣ ਨਾਲ ਲੋਕ ਆਪਣੇ ਘਰਾਂ ਨੇੜਲੀਆਂ ਥਾਵਾਂ ਤੋਂ ਰੇਤ/ਬੱਜਰੀ ਪ੍ਰਾਪਤ ਕਰ ਸਕਣਗੇ। ਸਰਕਾਰ ਵੱਲੋਂ ਸੂਬੇ ਵਿੱਚ 100 ਕਮਰਸ਼ੀਅਲ ਕਲੱਸਟਰਾਂ ਨੂੰ ਚਾਲੂ ਕਰਨ ਦਾ ਟੀਚਾ ਹੈ।ਇਸ ਸੰਬੰਧੀ ਬੀਤੀ ਸ਼ਾਮ ਠੇਕੇਦਾਰਾਂ ਨਾਲ ਮੀਟਿੰਗ ਕਰਕੇ ਸਪੱਸ਼ਟ ਕਹਿ ਦਿੱਤਾ ਕਿ ਲੋਕਾਂ ਨੂੰ ਸਸਤਾ ਰੇਤਾ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਮਾਮਲੇ ਵਿੱਚ ਕੋਈ ਵੀ ਕੋਤਾਹੀ ਅਤੇ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਆਰਟੀਆਈ ਭਰਨ ਵਾਲਿਆਂ ਲਈ ਨਵੀਂਆਂ ਗਾਈਡਲਾਈਨ ਰਾਹਤ ਜਾਂ ਆਫ਼ਤ?

ਮੀਟਿੰਗ ਵਿੱਚ ਖਣਨ ਤੇ ਭੂ-ਵਿਗਿਆਨ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਤੇ ਚੀਫ ਇੰਜਨੀਅਰਿੰਗ ਡਰੇਨੇਜ-ਕਮ-ਮਾਈਨਜ਼ ਐਂਡ ਜੀਓਲੋਜੀ ਐਨ. ਕੇ. ਜੈਨ ਅਤੇ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ, ਆਈ.ਜੀ.ਪੀ. ਹੈਡਕੁਆਟਰ ਸੁਖਚੈਨ ਸਿੰਘ ਗਿੱਲ ਤੇ ਡੀ.ਆਈ.ਜੀ. ਅੰਮਿ੍ਰਤਸਰ ਰਣਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।