ਸਿਰਫ਼ ਭਾਸ਼ਾ ਬਦਲੀ, ਨੀਤੀ ਉਹੀ ਰਹੀ

SCO

ਗੋਆ ’ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ’ਚ ਭਾਰਤ-ਪਾਕਿਸਤਾਨ ਸਬੰਧਾਂ ’ਚ ਬਰਫ਼ ਪਿਘਲਣ ਦੇ ਅਸਾਰ ਹਕੀਕਤ ’ਚ ਨਹੀਂ ਬਦਲ ਸਕੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਅੱਤਵਾਦ ਬਾਰੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਉਹ ਵੀ ਇਸਲਾਮਾਬਾਦ ਦੇ ਪੁਰਾਣੇ ਰੁਖ਼ ਤੇ ਪੁਰਾਣੀ ਨੀਤੀ ਨੂੰ ਹੀ ਉਜਾਗਰ ਕਰਦਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੀਟਿੰਗ ’ਚ ਇਹ ਮੁੱਦਾ ਬੜੇ ਜ਼ੋਰ ਨਾਲ ਉਠਾਇਆ ਕਿ ਅੱਤਵਾਦ ਖਿਲਾਫ਼ ਸਭ ਨੂੰ ਹਰ ਮੋਰਚੇ ’ਤੇ ਲੜਨਾ ਪਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਅੱਤਵਾਦ ਜਾਰੀ ਸੀ। ਬਿਲਾਵਲ ਭੁੱਟੋ ਨੇ ਅੱਤਵਾਦ ਦੇ ਖਾਤਮੇ ’ਚ ਆਪਣੀ ਜਿੰਮੇਵਾਰੀ ਨਿਭਾਉਣ ਦੀ ਗੱਲ ਕਰਨ ਦੀ ਬਜਾਇ ਉਲਟਾ ਅਸਿੱਧੇ ਤੌਰ ’ਤੇ ਹੀ ਭਾਰਤ ’ਤੇ ਨਿਸ਼ਾਨਾ ਸੇਧਿਆ ਕਿ ਭਾਰਤ ਅੱਤਵਾਦ ਦੇ ਮੁੱਦੇ ਨੂੰ ਕੂਟਨੀਤਿਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਬਿਲਾਵਲ ਤਾਕਤਵਰ ਮੁਲਕਾਂ ਦੀ ਸ਼ਾਂਤੀਦੂਤ ਵਜੋਂ ਭੂਮਿਕਾ ਦੀ ਗੱਲ ਕਹਿ ਕੇ ਕਸ਼ਮੀਰ ਮਸਲੇ ਸਬੰਧੀ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਦੀ ਪੁਰਾਣੀ ਨੀਤੀ ’ਤੇ ਕਾਇਮ ਰਹੇ। ਅੰਤਰਰਾਸ਼ਟਰੀ ਮੀਡੀਆ ਜਿਸ ਤਰ੍ਹਾਂ ਦੀ ਉਮੀਦ ਕਰ ਰਿਹਾ ਸੀ ਕਿ ਭਾਰਤ ਖਿਲਾਫ਼ ਤਿੱਖੇ ਸ਼ਬਦੀ ਹਮਲੇ ਕਰਨ ਵਾਲੇ ਬਿਲਾਵਲ ਭੁੱਟੋ ਦੇ ਭਾਰਤ ਦੌਰੇ ਨਾਲ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ’ਚ ਆਸ ਦੀ ਕਿਰਨ ਪੈਦਾ ਹੋ ਸਕਦੀ ਹੈ।

ਰਾਜੌਰੀ ਅੱਤਵਾਦੀ ਹਮਲਾ

ਇਸ ਉਮੀਦ ਨੂੰ ਉਸ ਵੇਲੇ ਹੋਰ ਜ਼ਿਆਦਾ ਧੱਕਾ ਲੱਗਾ ਜਦੋਂ ਇਸ ਮੀਟਿੰਗ ਵਾਲੇ ਦਿਨ ਹੀ ਰਾਜੌਰੀ (ਕਸ਼ਮੀਰ) ’ਚ ਅੱਤਵਾਦੀ ਹਮਲਾ ਹੋ ਗਿਆ ਜਿਸ ’ਚ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ। ਗੱਲ ਕੀ, ਨਾ ਤਾਂ ਪਾਕਿਸਤਾਨ ਵੱਲੋਂ ਮੇਜ ’ਤੇ ਸ਼ਾਂਤੀ ਦਾ ਹੁੰਗਾਰਾ ਮਿਲ ਰਿਹਾ ਹੈ?ਤੇ ਨਾ ਹੀ ਸਰਹੱਦ ’ਤੇ ਹਮਲੇ ਬੰਦ ਹੋ ਰਹੇ ਹਨ। ਪਾਕਿਸਤਾਨ ਦੇ ਅੰਦਰੂਨੀ ਹਲਾਤ ਵੀ ਇਹ ਹਨ ਕਿ ਹੁਕਮਰਾਨ ਤੋਂ ਨਾ ਤਾਂ ਅੱਤਵਾਦ ਨਾਲੋਂ ਨਾਤਾ ਤੋੜਿਆ ਜਾ ਸਕਦਾ ਹੈ ਤੇ ਨਾ ਹੀ ਆਰਥਿਕ ਮੋਰਚਾ ਸੰਭਾਲਿਆ ਜਾ ਰਿਹਾ ਹੈ। ਪਾਕਿਸਤਾਨ ’ਚ ਆਰਥਿਕ ਬਰਬਾਦੀ ਨੇ ਆਮ ਜਨਤਾ ਨੂੰ ਬੇਹਾਲ ਕਰ ਦਿੱਤਾ ਹੈ। ਆਟੇ ਸਮੇਤ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਲੋਕ ਖਾਣ-ਪੀਣ ਵਾਲੇ ਸਾਮਾਨ ਦੇ ਟਰੱਕਾਂ ਨੂੰ ਲੁੱਟਣ ਤੱਕ ਜਾ ਰਹੇ ਹਨ।

ਅੱਤਵਾਦ ਲਈ ਭੁੱਖਮਾਰੀ ਖਾਦ ਦਾ ਕਰਦੀ ਐ ਕੰਮ

ਭੁੱਖਮਰੀ ਤੇ ਗਰੀਬੀ ਦੇ ਅਜਿਹੇ ਹਲਾਤ ਅੱਤਵਾਦ ਦੀ ਫ਼ਸਲ ਲਈ ਖਾਦ ਦਾ ਕੰਮ ਕਰ ਸਕਦੇ ਹਨ। ਬੇਰੁਜ਼ਗਾਰੀ ਤੇ ਭੁੱਖਮਰੀ ਦੇ ਸਤਾਏ ਨੌਜਵਾਨ ਅੱਤਵਾਦੀ ਸੰਗਠਨਾਂ ਦੇ ਹੱਥਠੋਕੇ ਬਣ ਜਾਂਦੇ ਹਨ। ਪਾਕਿ ਹੁਕਮਰਾਨਾਂ ਕੋਲ ਨਾ ਅੱਤਵਾਦ ਨੂੰ?ਰੋਕਣ ਦੀ ਇੱਛਾ-ਸ਼ਕਤੀ ਹੈ ਤੇ ਨਾ ਹੀ ਸਮਰੱਥਾ। ਕਿਸੇ ਵੱਡੀ ਸਿਆਸੀ ਤਬਦੀਲੀ ਤੇ ਤਾਕਤਵਰ ਅਗਵਾਈ ਬਿਨਾ ਪਾਕਿਸਤਾਨ ਦੇ ਹਾਲਾਤ ਸੁਧਰਨੇ ਸੌਖੇ ਨਹੀਂ। ਅਜਿਹੇ ਹਾਲਾਤਾਂ ’ਚ ਪਾਕਿ ਦੇ ਹੁਕਮਰਾਨ ਕਿਸੇ ਕੌਮਾਂਤਰੀ ਮੰਚ ’ਤੇ ਅਮਨ-ਅਮਾਨ ਤੇ ਦੋਸਤੀ ਦਾ ਦਾਅਵਾ ਕਰ ਵੀ ਦੇਣ ਤਾਂ ਵੀ ਭਰੋਸਾ ਕਰਨਾ ਬੇਹੱਦ ਔਖਾ ਹੈ। ਮੁਲਕ ਨੂੰ ਸੰਭਾਲ ਨਾ ਸਕਣੇ ਦੀ ਲਾਚਾਰੀ ਦਾ ਸਾਹਮਣਾ ਕਰ ਰਹੇ ਇਹ ਹੁਕਮਰਾਨ ਸਿਰਫ਼ ਸਮਾਂ ਲੰਘਾਉਣ ਜਾਂ ਰਾਜ-ਭਾਗ ਮਾਣਨ ਦੀ ਸੋਚ ਤੋਂ ਅੱਗੇ ਨਹੀਂ ਲੰਘ ਸਕਦੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਫਾਜਿ਼ਲਕਾ ਦੇ ਪਿੰਡ ‘ਚ ਇੱਕ ਲੱਖ ਰੁਪਏ ਨੂੰ ਏਕੜ ਜ਼ਮੀਨ ਚੜ੍ਹੀ ਠੇਕੇ