ਸਿੱਖਿਆ ਵਿਭਾਗ ਵੱਲੋਂ ਤਿਆਰੀ ਮੁਕੰਮਲ, ਸਿਰਫ਼ ਮੰਤਰੀ ਵਿਜੈਇੰਦਰ ਸਿੰਗਲਾ ਦੇ ਆਦੇਸ਼ ਦਾ ਇੰਤਜ਼ਾਰ
ਸਿਫ਼ਾਰਸ਼ੀ ਤਬਾਦਲੇ ਹੋਣਗੇ ਬੰਦ, ਵਿਧਾਇਕਾਂ ਤੇ ਮੰਤਰੀ ਦੇ ਆਦੇਸ਼ਾਂ ਨੂੰ ਨਹੀਂ ਮੰਨੇਗਾ ਸਾਫ਼ਟਵੇਅਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਿੱਖਿਆ ਵਿਭਾਗ ਵਿੱਚ ਸਿਫ਼ਾਰਸ਼ੀ ਤਬਾਦਲੇ ਕਰਵਾਉਣ ਵਾਲਿਆਂ ਦੀ ਹੁਣ ਦਾਲ ਨਹੀਂ ਗਲਣ ਵਾਲੀ, ਕਿਉਂਕਿ ਸਿੱਖਿਆ ਵਿਭਾਗ ਨੇ ਆਪਣੀ ਸਾਰੀ ਤਿਆਰੀ ਖਿੱਚਦੇ ਹੋਏ ਨਾ ਸਿਰਫ਼ ਸਾਫ਼ਟਵੇਅਰ ਤਿਆਰ ਕਰ ਲਿਆ ਹੈ, ਸਗੋਂ ਤਬਾਦਲੇ ਕਰਨ ਤੋਂ ਪਹਿਲਾਂ ਤਿਆਰ ਕੀਤੀ ਜਾਣ ਵਾਲੀ ਰੈਸੇਲਾਈਜੇਸ਼ਨ ਨੂੰ ਕਰਨ ਲਈ ਅਧਿਕਾਰੀਆਂ ਨੇ ਕਮਰ ਕਸ ਲਈ ਹੈ। ਇਸ ਸਬੰਧੀ ਹੁਣ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਆਖਰੀ ਆਦੇਸ਼ਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਵੇਂ ਹੀ ਮੰਤਰੀ ਦੇ ਆਦੇਸ਼ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਪੁੱਜ ਗਏ ਤਾਂ ਮਿੰਟਾਂ ਵਿੱਚ ਸਾਫ਼ਟਵੇਅਰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਇੱਕ ਹੀ ਕਲਿੱਕ ਨਾਲ ਅਧਿਆਪਕ ਆਪਣੀ ਤਬਾਦਲੇ ਦੀ ਅਰਜ਼ੀ ਨੂੰ ਸਾਫ਼ਟਵੇਅਰ ਰਾਹੀਂ ਵਿਭਾਗ ਕੋਲ ਭੇਜ ਸਕਣਗੇ। ਇੱਥੋਂ ਤੱਕ ਕਿ ਸਾਫ਼ਟਵੇਅਰ ਖ਼ੁਦ ਅਧਿਆਪਕ ਦਾ ਤਬਾਦਲਾ ਕਰਦੇ ਹੋਏ ਅਧਿਆਪਕ ਨੂੰ ਸੂਚਿਤ ਕਰਦੇ ਹੋਏ ਆਦੇਸ਼ ਤੱਕ ਜਾਰੀ ਕਰ ਦੇਵੇਗਾ।
ਹੁਣ ਇਸ ਸਾਫ਼ਟਵੇਅਰ ਰਾਹੀਂ ਤਬਾਦਲੇ ਕਰਨ ਦੀ ਗੇਂਦ ਵਿਜੈਇੰਦਰ ਸਿੰਗਲਾ ਦੇ ਪਾਲੇ ਵਿੱਚ ਹੈ ਤੇ ਉਨ੍ਹਾਂ ਨੇ ਹੀ ਆਖਰੀ ਫੈਸਲਾ ਲੈਣਾ ਹੈ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੇ ਤਬਾਦਲੇ ਨੂੰ ਲੈ ਕੇ ਹਰ ਸਾਲ ਹੀ ਸਿੱਖਿਆ ਵਿਭਾਗ ‘ਚ ਮਾਰੋ-ਮਾਰ ਰਹਿੰਦੀ ਸੀ ਤੇ ਜਿਨ੍ਹਾਂ ਕੋਲ ਸਿਫ਼ਾਰਸ਼ ਹੁੰਦੀ ਸੀ, ਉਹ ਆਪਣੇ ਤਬਾਦਲੇ ਕਰਵਾ ਜਾਂਦੇ ਸਨ, ਜਦੋਂ ਕਿ ਬਾਕੀ ਰਹਿ ਜਾਂਦੇ ਸਨ, ਜਿਸ ਕਾਰਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਤੱਕ ਤਬਾਦਲੇ ਸਬੰਧੀ ਕਾਫ਼ੀ ਜਿਆਦਾ ਦਬਾਅ ਬਣਿਆ ਰਹਿੰਦਾ ਸੀ। ਸਿੱਖਿਆ ਵਿਭਾਗ ਵੱਲੋਂ ਇਸ ਦਬਾਅ ਨੂੰ ਖ਼ਤਮ ਕਰਨ ਲਈ ਪਿਛਲੇ ਸਾਲ ਆਨਲਾਈਨ ਟਰਾਂਸਫ਼ਰ ਪਾਲਿਸੀ ਲਿਆਉਣ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਨੂੰ ਲਾਗੂ ਕਰਨ ਸਬੰਧੀ ਪਿਛਲੇ ਮਹੀਨੇ ਮਾਰਚ ਵਿੱਚ ਹੀ ਕੈਬਨਿਟ ‘ਚੋਂ ਆਦੇਸ਼ ਜਾਰੀ ਹੋਏ ਸਨ।
ਇਨ੍ਹਾਂ ਆਦੇਸ਼ਾਂ ਦੇ ਜਾਰੀ ਹੋਣ ਤੋਂ ਤੁਰੰਤ ਬਾਅਦ ਹੀ ਸਿੱਖਿਆ ਵਿਭਾਗ ਨੇ ਆਪਣਾ ਸਾਫ਼ਟਵੇਅਰ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਰੈਸੇਲਾਈਜੇਸ਼ਨ ਲਈ ਵੀ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਆਨਲਾਈਨ ਤਬਾਦਲੇ ਦੀ ਨੀਤੀ ਨੂੰ ਲਾਗੂ ਕਰਨ ਲਈ ਤਿਆਰ ਬਰ ਤਿਆਰ ਹੈ ਪਰ ਇਸ ਸਬੰਧੀ ਆਖ਼ਰੀ ਆਦੇਸ਼ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਜੁਲਾਈ ਵਿੱਚ ਹੋਣਗੇ ਆਨਲਾਈਨ ਤਬਾਦਲੇ ਅਸੀਂ ਤਿਆਰ : ਵਿਜੈਇੰਦਰ ਸਿੰਗਲਾ
ਵਿਜੈਇੰਦਰ ਸਿੰਗਲਾ ਨੇ ਆਨਲਾਈਨ ਤਬਾਦਲੇ ਸਬੰਧੀ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਸ ਸਬੰਧੀ ਤਿਆਰ ਹੈ ਤੇ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਹੁਣ ਕਾਰਵਾਈ ਆਖਰੀ ਪੜਾਅ ‘ਤੇ ਹੈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਵਿੱਚ ਆਨਲਾਈਨ ਤਬਾਦਲੇ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।