Punjab
Principal Vacancies Punjab: ਸਕੂਲਾਂ ’ਚ ਪ੍ਰਿੰਸੀਪਲ ਹੀ ਨਹੀਂ! 60% ਅਸਾਮੀਆਂ ਖਾਲੀ, DTF ਨੇ ਸਰਕਾਰ ਨੂੰ ਘੇਰਿਆ
ਸੂਬੇ ਦੇ ਸੈਕੰਡਰੀ ਸਕੂਲਾਂ 'ਚ ਪ੍ਰਿੰਸੀਪਲਾਂ ਦੀਆਂ ਕੁੱਲ 1927 ਅਸਾਮੀਆਂ 'ਚੋਂ 1153 ਅਸਾਮੀਆਂ ਖਾਲੀ ਪਈਆਂ ਹਨ
Principal Vacancies Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਇੱਕ ਵਾਰ ਫਿਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਣ ਦੀ ਤਿਆਰੀ ਕਰ ਰਹੀ ਹੈ। 27 ਅਕਤੂਬਰ ਤੋਂ 3 ਨਵੰਬਰ ਤੱਕ ਸਕੂਲਾਂ ਵਿੱਚ ਆਪਣੇ ਰਾਜਨੀਤਿਕ ਮਨਸੂਬੇ ਪੂਰੇ ਕਰਨ ਲਈ ਸਿੱਖਿਆ ਕ੍ਰਾਂਤੀ ਦਾ ਡਰਾਮਾ ਕੀਤਾ ਜਾ ਰਿਹਾ ਹੈ, ਪਰ ਸਰਕਾਰ ਦੀ ਇਸ ਅਖੌਤੀ ਸਿੱਖਿਆ ਕ੍ਰਾਂਤੀ ਦੀ ਫੂਕ ਸਕੂਲਾਂ 'ਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਕੱਢ ਰਹੀਆਂ ਹਨ।
ਇਹ ਦੋਸ਼ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਲਾਏ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਸੂਬੇ ਦੇ ਸੈਕੰਡਰੀ ਸਕੂਲਾਂ 'ਚ ਪ੍ਰਿੰਸੀਪਲਾਂ ਦੀਆਂ ਕੁੱਲ 1927 ਅਸਾਮੀਆਂ 'ਚੋਂ 1153 ਅਸਾਮੀਆਂ ਖਾਲੀ ਪਈਆਂ ਹਨ, ਜਿਸਦੀ ਪ੍ਰਤੀਸ਼ਤਤਾ 60 ਫੀਸਦੀ ਬਣਦੀ ਹੈ। ਮਾਨਸਾ ਅਤੇ ਨਵਾਂ ਸ਼ਹਿਰ 'ਚ 80 ਫੀਸਦੀ ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ, ਜਦੋਂਕਿ ਮੋਗਾ, ਬਰਨਾਲਾ ਅਤੇ ਤਰਨਤਾਰਨ 'ਚ 75 ਫੀਸਦੀ ਤੋਂ ਵੱਧ ਸਕੂਲਾਂ 'ਚ ਪ੍ਰਿੰਸੀਪਲ ਨਹੀਂ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈੱਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਜਥੇਬੰਦੀਆਂ ਅਨੇਕਾਂ ਵਾਰ ਡੀ.ਪੀ.ਆਈ. ਦਫ਼ਤਰ ਜਾ ਕੇ ਮੰਗ ਕਰ ਚੁੱਕੀਆਂ ਹਨ ਕਿ ਸਕੂਲਾਂ 'ਚ ਵਿਗੜੇ ਪ੍ਰਬੰਧਕੀ ਮਾਹੌਲ ਨੂੰ ਠੀਕ ਕਰਨ ਲਈ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਮੇਤ ਸਾਰੇ ਕਾਡਰਾਂ ਦੀਆਂ ਪ੍ਰਮੋਸ਼ਨਾਂ ਅਤੇ ਭਰਤੀਆਂ ਤੁਰੰਤ ਕੀਤੀਆਂ ਜਾਣ।

Comments