ਬੱਕਰੀਆਂ ਵਾਲੇ ਦੇਸਰਾਜ ਦੀ ਬਣੀ ਕੌਮੀ ਪੱਧਰ ‘ਤੇ ਪਹਿਚਾਣ

National, Identity, National, Level, Made, Goats

8 ਲੱਖ ਰੁਪਏ ਸਾਲਾਨਾ ਕਰ ਰਿਹੈ ਕਮਾਈ

ਬਟਾਲਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ  ਦੇ ਬਟਾਲਾ ਨੇੜਲੇ ਪਿੰਡ ਮੂਲਿਆਂਵਾਲ ਦਾ ਬੱਕਰੀਆਂ ਚਾਰਨ ਵਾਲਾ ਆਜੜੀ ਦੇਸਰਾਜ ਖੁਦਕੁਸ਼ੀ ਦੀ ਥਾਂ ਹੋਰ ਜ਼ਿਆਦਾ ਸਖ਼ਤ ਮਿਹਨਤ ਲਈ ਪ੍ਰੇਰਦਾ ਹੈ। ਆਜੜੀ ਦੇਸਰਾਜ ਸਿੰਘ ਨੂੰ ਪੰਜਾਬ ਸਰਕਾਰ ਦੇ ਯਤਨਾਂ ਸਕਦਾ ਰਾਸ਼ਟਰੀ ਪੱਧਰ ਤੱਕ ਵਿਸ਼ੇਸ਼ ਪਹਿਚਾਣ ਮਿਲੀ ਹੈ। ਉਸਦੀਆਂ ਬੱਕਰੀਆਂ ‘ਤੇ ਹੁਣ ਹੋਰਨਾਂ ਸੂਬਿਆਂ ਦੇ ਮਾਹਿਰ ਵੀ ਖੋਜਾਂ ਕਰਨ ਲੱਗੇ ਹਨ।

ਬੱਕਰੀਆਂ ਚਾਰਨ ਦਾ ਪਿਤਾਪੁਰਖੀ ਧੰਦਾ ਕਰਨ ਵਾਲਾ ਦੇਸਰਾਜ ਸਿੰਘ ਅੱਜ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀ ਸਹਾਇਤਾ ਨਾਲ ਸਫਲ ਬੱਕਰੀ ਪਾਲਕ ਵਜੋਂ ਉੱਭਰਿਆ ਹੈ। ਉਹ ਬੱਕਰੀਆਂ ਪਾਲਣ ਦੇ ਧੰਦੇ ਤੋਂ ਸਾਲਾਨਾ 8 ਲੱਖ ਰੁਪਏ ਤੱਕ ਆਮਦਨ ਕਮਾ ਰਿਹਾ ਹੈ। ਦੇਸਰਾਜ ਸਿੰਘ ਕੋਲ ਬੀਟਲ ਨਸਲ ਦੀਆਂ ਬੱਕਰੀਆਂ ਹਨ, ਜੋ ਸਿਰਫ਼ ਪੰਜਾਬ ਦੇ ਮਾਝਾ ਖੇਤਰ ਦੀ ਪੈਦਾਵਾਰ ਹੈ ਅਤੇ ਇਸ ਨਸਲ ਦੀਆਂ ਬੱਕਰੀਆਂ ਦੁੱਧ ਵਿਚ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਜਰੀਏ ਅਸਾਮ ਸਰਕਾਰ, ਜੰਮੂ-ਕਸ਼ਮੀਰ ਸਰਕਾਰ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਮਖਦੂਮ ਵਿਖੇ ਬੱਕਰੀਆਂ ਦੇ ਰਾਸ਼ਟਰੀ ਰਿਸਰਚ ਕੇਂਦਰ ਵੱਲੋਂ ਦੇਸਰਾਜ ਸਿੰਘ ਦੀਆਂ ਬੱਕਰੀਆਂ ਨੂੰ ਖੋਜ ਲਈ ਵਿਸ਼ੇਸ਼ ਤੌਰ ‘ਤੇ ਖਰੀਦ ਕੇ ਲਿਜਾਇਆ ਗਿਆ ਹੈ।

ਅਸਾਮ, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਰਿਸਰਚ ਕੇਂਦਰ ‘ਚ ਜਾਂਦੀਆਂ ਨੇ ਦੇਸਰਾਜ ਦੀਆਂ ਬੱਕਰੀਆਂ

ਬੱਕਰੀ ਪਾਲਕ ਦੇਸਰਾਜ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਉਸਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਨੇ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਰਕੇ ਆਪਣੇ ਇਸ ਧੰਦੇ ਦਾ ਵਿਸਥਾਰ ਕਰਨ ਦੀ ਸੋਚੀ ਅਤੇ ਉਸਨੂੰ ਪੰਜਾਬ ਸਰਕਾਰ ਵੱਲੋਂ 1 ਲੱਖ ਰੁਪਏ ਦਾ ਲੋਨ ਮਿਲਿਆ। ਉਸਨੇ 1 ਲੱਖ ਰੁਪਏ ਦੀ ਲਾਗਤ ਨਾਲ ਆਪਣੀਆਂ ਬੱਕਰੀਆਂ ਲਈ ਵਾੜਾ ਤਿਆਰ ਕਰਨ ਦੇ ਨਾਲ ਕੁਝ ਨਵੀਆਂ ਬੱਕਰੀਆਂ ਖਰੀਦੀਆਂ ਅਤੇ ਵਿਭਾਗ ਦੀ ਸਲਾਹ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸਰਾਜ ਨੇ ਦੱਸਿਆ ਕਿ ਉਸਨੇ 1 ਲੱਖ ਦਾ ਲੋਨ ਵਾਪਸ ਕਰ ਦਿੱਤਾ ਤੇ ਉਸਨੂੰ ਸਰਕਾਰ ਵੱਲੋਂ 33 ਹਜ਼ਾਰ ਰੁਪਏ ਦੀ ਸਬਸਿਡੀ ਵੀ ਮਿਲੀ।

ਪਿੰਡ ਮੂਲਿਆਂਵਾਲ ਦੇ ਪਸ਼ੂ  ਹਸਪਤਾਲ ਦੇ ਡਾਕਟਰ ਸਿਕੰਦਰ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਬੀਟਲ ਨਸਲ ਮਾਝਾ ਖੇਤਰ ਦੀ ਜੱਦੀ ਨਸਲ ਹੈ, ਜੋ ਕਿ ਦੁੱਧ ਵਿੱਚ  ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬੱਕਰੀ ਖੋਜ ਕੇਂਦਰ ਵਿੱਚ ਇਸ ਨਸਲ ਉੱਪਰ ਕੰਮ ਚੱਲ ਰਿਹਾ ਹੈ ਤੇ ਇਸ ਨਸਲ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਡਾ. ਕਾਹਲੋਂ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਮੁਨਾਫ਼ੇ ਵਾਲਾ ਕਿੱਤਾ ਹੈ ਅਤੇ ਇਸਨੂੰ ਵਿਗਿਆਨਕ ਢੰਗ ਨਾਲ ਸ਼ੁਰੂ ਕਰਕੇ ਕਿਸਾਨ ਚੰਗੀ ਆਮਦਨ ਕਮਾ ਸਕਦੇ ਹਨ।

100 ਰੁਪਏ ਲੀਟਰ ਵੇਚ ਰਿਹੈ ਦੁੱਧ

ਦੇਸਰਾਜ ਸਿੰਘ ਨੇ ਦੱਸਿਆ ਕਿ ਉਸ ਕੋਲ ਹੁਣ 70 ਦੇ ਕਰੀਬ ਬੱਕਰੀਆਂ ਹਨ, ਜਿਨ੍ਹਾਂ ਵਿਚੋਂ ਕਰੀਬ 25 ਬੱਕਰੀਆਂ ਦੁੱਧ ਦੇ ਰਹੀਆਂ ਹਨ। ਇੱਕ ਬੱਕਰੀ ਰੋਜ਼ਾਨਾ 4 ਤੋਂ 5 ਕਿਲੋ ਦੁੱਧ ਦਿੰਦੀ ਹੈ ਜੋ 100 ਰੁਪਏ ਲੀਟਰ ਦੇ ਹਿਸਾਬ ਨਾਲ ਪਿੰਡ ਦੇ 10 ਘਰਾਂ ਵਿੱਚ ਪੱਕਾ ਲੱਗਾ ਹੋਇਆ ਹੈ। ਉਸਨੇ ਦੱਸਿਆ ਕਿ ਉਹ ਬਾਕੀ ਵਧਿਆ ਦੁੱਧ ਡੇਅਰੀ ਵਿੱਚ ਪਾਉਂਦੇ ਹਨ।

ਦੁੱਧ ਚੁਆਈ ‘ਚੋਂ ਜਿੱਤ ਚੁੱਕਿਐ ਕਈ ਇਨਾਮ

ਦੇਸਰਾਜ ਸਿੰਘ ਨੇ ਦੱਸਿਆ ਕਿ ਉਹ ਬੱਕਰੀਆਂ ਨੂੰ ਚਾਰਨ ਤੋਂ ਇਲਾਵਾ ਇਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਦੀ ਸਲਾਹ ਨਾਲ ਵਿਸ਼ੇਸ਼ ਫੀਡ ਆਦਿ ਵੀ ਦਿੰਦਾ ਹੈ। ਉਹ ਆਪਣੀ ਬੀਟਲ ਨਸਲ ਦੀਆਂ ਬੱਕਰੀਆਂ ਸਦਕਾ ਰਾਸ਼ਟਰੀ ਪੱਧਰ ਦੇ ਪਸ਼ੂਧਨ ਮੁਕਾਬਲਿਆਂ ਵਿੱਚ ਨਸਲ ਅਤੇ ਦੁੱਧ ਚੁਆਈ ਵਿੱਚ ਮੋਹਰੀ ਰਹਿ ਕੇ ਕਈ ਇਨਾਮ ਜਿੱਤ ਚੁੱਕਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਇਸ ਧੰਦੇ ਤੋਂ ਬਹੁਤ ਸੰਤੁਸ਼ਟ ਹੈ ਅਤੇ ਚੰਗੀ ਆਮਦਨ ਕਰ ਰਿਹਾ ਹੈ।