ਸਿੱਧੂ ਤੋਂ ਨਰਾਜ਼ ਵਿਧਾਇਕ ਅੱਜ ਕਰਨਗੇ ਮੁੱਖ ਮੰਤਰੀ ਨੂੰ ਸ਼ਿਕਾਇਤ

Sidhu Angry, MLA, Make, Complaint, Chief, Minister, Today

ਜਲੰਧਰ ਦੇ 4 ਵਿਧਾਇਕਾਂ ਵਿੱਚੋਂ 3 ਵਿਧਾਇਕ ਤੇ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਸਿੱਧੂ ਤੋਂ ਨਰਾਜ਼

  • ਵਿਧਾਇਕ ਸੁਸ਼ੀਲ ਰਿੰਕੂ ਨੇ ਸਿੱਧੂ ‘ਤੇ ਵਾਅਦਾ ਖਿਲਾਫ਼ ਦਾ ਲਾਇਆ ਦੋਸ਼

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) । ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਨਰਾਜ਼ ਹੋਏ ਜਲੰਧਰ ਦੇ 3 ਵਿਧਾਇਕ ਅਤੇ ਸੰਸਦ ਮੈਂਬਰ ਸੰਤੋਖ ਚੌਧਰੀ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਸ਼ਿਕਾਇਤ ਕਰ ਸਕਦੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਨ੍ਹਾਂ ਵਿਧਾਇਕਾਂ ਅਤੇ ਸੰਸਦ ਮੈਂਬਰ ਨੇ ਮਿਲਣ ਲਈ ਸਮਾਂ ਮੰਗ ਲਿਆ ਹੈ ਪਰ ਅਮਰਿੰਦਰ ਸਿੰਘ ਦਿੱਲੀ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਕੋਈ ਪੱਕਾ ਸਮਾਂ ਦੇਣ ਦੀ ਥਾਂ ‘ਤੇ ਚੰਡੀਗੜ ਪੁੱਜਣ ਲਈ ਕਿਹਾ ਹੈ। ਜਿਸ ਕਾਰਨ ਅਮਰਿੰਦਰ ਸਿੰਘ ਆਪਣੇ ਖ਼ਾਲੀ ਸਮੇਂ ਵਿੱਚੋਂ ਕਿਸੇ ਵੀ ਸਮੇਂ ਇਨਾਂ ਵਿਧਾਇਕਾਂ ਅਤੇ ਸੰਸਦ ਮੈਂਬਰ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਆਪਣੀ ਕਾਰਵਾਈ ਕਰਨਗੇ।

ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਜਲੰਧਰ ਵਿਖੇ ਅਚਾਨਕ ਨਜਾਇਜ਼ ਉਸਾਰੀਆਂ ਖ਼ਿਲਾਫ਼ ਅਭਿਆਨ ਛੇੜਦੇ ਹੋਏ ਇਮਾਰਤਾਂ ਨੂੰ ਢਾਹੁਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਜਿਹੜੇ ਇਲਾਕਿਆਂ ਵਿੱਚ ਇਹ ਇਮਾਰਤਾਂ ਢਾਹੀਆਂ ਜਾ ਰਹੀਆਂ ਸਨ ਉਨ੍ਹਾਂ ਇਲਾਕਿਆਂ ‘ਚ ਕਾਂਗਰਸੀ ਵਿਧਾਇਕ ਹੀ ਜਿੱਤ ਕੇ ਆਏ ਹੋਏ ਹਨ। ਅਚਾਨਕ ਹੋਈ ਕਾਰਵਾਈ ਤੋਂ ਬਾਅਦ ਨਾ ਹੀ ਮੌਕੇ ‘ਤੇ ਮੌਜੂਦ ਆਮ ਲੋਕਾਂ ਨੂੰ ਕੁਝ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਵਿਧਾਇਕਾਂ ਨੂੰ ਕੋਈ ਜਿਆਦਾ ਸਮਾਂ ਮਿਲਿਆ ਹੈ। ਹਾਲਾਂਕਿ ਜਲੰਧਰ ਪੱਛਮੀ ਦੇ ਵਿਧਾਇਕ ਸੁਸੀਲ ਰਿੰਕੂ ਵਲੋਂ ਮੌਕੇ ‘ਤੇ ਪੁੱਜ ਕੇ ਕਾਰਵਾਈ ਨੂੰ ਭੰਨ ਤੋੜ ਦੀ ਰੁਕਵਾ ਲਿਆ ਸੀ। ਨਵਜੋਤ ਸਿੱਧੂ ਵਲੋਂ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰ ਨੂੰ ਬਿਨਾਂ ਜਾਣਕਾਰੀ ਦਿੱਤੇ ਉਨਾਂ ਦੇ ਇਲਾਕੇ ਵਿੱਚ ਕੀਤੀ ਕਾਰਵਾਈ ਦੇ ਕਾਰਨ ਵਿਧਾਇਕ ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਸਣੇ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨਰਾਜ਼ ਹੋ ਗਏ ਹਨ।

ਇਨਾਂ ਵਿਧਾਇਕਾਂ ਵਲੋਂ ਮੌਕੇ ‘ਤੇ ਵਿਰੋਧ ਕਰਨ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਪਹੁੰਚ ਕਰਦੇ ਹੋਏ ਮਿਲਣ ਦਾ ਸਮਾਂ ਮੰਗੀਆਂ ਸੀ ਤਾਂ ਕਿ ਉਹ ਨਵਜੋਤ ਸਿੱਧੂ ਦੀ ਸ਼ਿਕਾਇਤ ਕਰ ਸਕਣ। ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਚੰਡੀਗੜ ਵਿਖੇ ਇਨਾਂ ਵਿਧਾਇਕਾਂ ਨੂੰ ਸੱਦ ਲਿਆ ਹੈ ਤਾਂ ਕਿ ਉਹ ਉਨਾਂ ਦੀ ਗਲ ਸੁਣ ਸਕਣ।

ਓਧਰ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਸਿੱਧੂ ਦੇ ਵਿਭਾਗ ਦਾ ਬੁਰਾ ਹਾਲ ਹੈ ਕੂੜਾ ਚੁੱਕਣ ਵਾਲੀਆਂ ਮਸ਼ੀਨਾਂ ‘ਚ ਡੀਜ਼ਲ ਨਹੀਂ ਹੈ ਵਿਭਾਗ ਦੀ ਨਾਕਾਮੀ ਕਾਰਨ ਸਾਡੇ ਨਕਸ਼ੇ ਵੀ ਪਾਸ ਨਹੀਂ ਹੋਏ ਸਿੱਧੂ ਨੇ ਖੁਦ 12 ਜੂਨ ਦੀ ਮੀਟਿੰਗ ਵਿੱਚ ਭੰਨਤੋੜ ਦੀ ਕਾਰਵਾਈ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਮੁੱਕਰ ਗਏ

ਸਿੱਧੂ ਦੀ ਕਾਰਵਾਈ ਤੋਂ ਮੁੱਖ ਮੰਤਰੀ ਦਫ਼ਤਰ ਵੀ ਨਰਾਜ਼

ਨਵਜੋਤ ਸਿੱਧੂ ਦੀ ਇਸ ਕਾਰਵਾਈ ਤੋਂ ਮੁੱਖ ਮੰਤਰੀ ਦਫ਼ਤਰ ਵੀ ਖ਼ਾਸਾ ਨਰਾਜ਼ ਹੈ, ਕਿਉਂਕਿ ਸਿੱਧੂ ਵਲੋਂ ਕਾਰਵਾਈ ਕਰਨ ਤੋਂ ਪਹਿਲਾਂ ਵਿਧਾਇਕਾਂ ਸਣੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ, ਜਿਸ ਕਾਰਨ ਮੁੱਖ ਮੰਤਰੀ ਦਫ਼ਤਰ ਦੇ ਆਦੇਸ਼ ਰਾਹੀਂ ਸਾਰੀ ਕਾਰਵਾਈ ਨੂੰ ਰੁਕਦਾ ਦਿੱਤਾ ਗਿਆ ਹੈ। ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਅਗਲੇ ਆਦੇਸ਼ਾਂ ਤੱਕ ਜਲੰਧਰ ਵਿਖੇ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਨਵਜੋਤ ਸਿੱਧੂ ਦੇ ਇਸ ਤਰ੍ਹਾਂ ਦੇ ਹਰ ਆਦੇਸ਼ ‘ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਫਿਲਹਾਲ ਰੋਕ ਲਗਾਈ ਗਈ ਹੈ।