ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ

Ludhiana News
ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ

ਖਰੀਦਦਾਰ ਨੇ ਬੰਧਕ ਬਣਾ ਕੇ ਜ਼ਬਰਦਸਤੀ ਬਣਾਏ ਸਬੰਧ, ਬਚ ਕੇ ਘਰ ਪਹੁੰਚੀ ਮਹਿਲਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਤੀ- ਪਤਨੀ ਵਿਚਕਾਰ ਪੈਦਾ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਵੱਲੋਂ ਇੱਕ ਮਹਿਲਾ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖਰੀਦਦਾਰ ਨੇ ਬੰਧਕ ਬਣਾ ਕੇ ਕਈ ਦਿਨ ਤੱਕ ਮਹਿਲਾ ਨਾਲ ਜ਼ਬਰਦਸਤੀ ਸਬੰਧ ਬਣਾਏ। ਕਿਸੇ ਤਰ੍ਹਾਂ ਬਚਕੇ ਘਰ ਪਹੁੰਚੀ ਪੀੜਤ ਮਹਿਲਾ ਨੇ ਥਾਣਾ ਮਿਹਰਬਾਨ ਦੀ ਪੁਲਿਸ ਕੋਲ ਸ਼ਿਕਾਇਤ ਦੇ ਕੇ ਵਿਚੋਲਣ ਤੇ ਸਬੰਧਿਤ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ। (Ludhiana News)

ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਕਿ ਉਸ ਦੀ ਮਾਮੇ ਦੀ ਧੀ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਗੁੱਸਾ ਗਿਲਾ ਸੀ। ਜਿਸ ਕਰਕੇ ਉਹ 4 ਜਨਵਰੀ 2023 ਨੂੰ ਕੈਪਟਨ ਕਲੋਨੀ ਵਾਸੀ ਆਪਣੀ ਵਿਚੋਲਣ ਕਿਰਨਾ ਕੋਲ ਆ ਗਈ। ਜਿੱਥੇ ਕਿਰਨਾ ਨੇ ਸਾਜ਼ਿਸ਼ ਤਹਿਤ ਉਸ ਨੂੰ ਘੁੰਮਾਉਣ- ਫਿਰਾਉਣ ਦੇ ਬਹਾਨੇ ਆਪਣੇ ਸਾਥੀਆਂ ਨਾਲ ਹਮ ਮਸ਼ਵਰਾ ਹੋ ਕੇ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ  (Ludhiana News) ਜਿਸ ਕਾਰਨ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਚਲੀ ਗਈ ਤੇ ਕਿਰਨਾ ਤੇ ਉਸਦੇ ਸਾਥੀਆਂ ਦੁਆਰਾ ਉਸ ਨੂੰ ਅੰਮਿ੍ਰਤਸਰ ਦਾ ਕਹਿ ਕੇ ਟਰੇਨ ਰਾਹੀਂ ਰਾਜਸਥਾਨ ਲਿਜਾ ਕੇ ਰਾਜਵੀਰ ਮਾਂਝੂ ਨਾਂਅ ਦੇ ਇੱਕ ਵਿਅਕਤੀ ਕੋਲ 2 ਲੱਖ ਰੁਪਏ ਵਿੱਚ ਵੇਚ ਦਿੱਤਾ, ਜਿਸ ਨੇ ਉਸ ਨੂੰ (ਮਾਮੇ ਦੀ ਧੀ) ਇੱਕ ਕਮਰੇ ਵਿੱਚ ਬੰਧਕ ਬਣਾ ਕੇ ਉਸ ਨਾਲ ਕਈ ਮਹੀਨੇ ਤੱਕ ਜ਼ਬਰਦਸਤੀ ਸਬੰਧ ਬਣਾਏ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੱਚੇ ਮਕਾਨਾਂ ਲਈ ਦਿੱਤਾ ਤੋਹਫਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਚੁੰਗਲ ’ਚੋਂ ਬਚ ਕੇ ਕਿਸੇ ਤਰ੍ਹਾਂ 27 ਜੁਲਾਈ ਨੂੰ ਲੁਧਿਆਣਾ ਪਹੁੰਚੀ ਪੀੜਤਾ ਨੇ ਆਪਣੇ ਨਾਲ ਬੀਤੀ ਸੁਣਾਈ ਅਤੇ ਉਸ ਰਾਹੀਂ ਪੁਲਿਸ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ। ਸ਼ਿਕਾਇਤ ਮਿਲਣ ’ਤੇ ਥਾਣਾ ਮਿਹਰਬਾਨ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ 4 ਅਗਸਤ ਨੂੰ ਕਿਰਨਾ, ਲਾਡੀ, ਮਿਸਰਨ, ਬਿੱਲੋ ਤੇ ਮਨਜੀਤ ਵਾਸੀਆਨ ਕੈਪਟਨ ਕਲੋਨੀ ਪਿੰਡ ਮੇਹਰਬਾਨ ਅਤੇ ਰਾਜਵੀਰ ਮਾਝੂ ਵਾਸੀ ਰਾਜਸਥਾਨ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।