ਲੁਧਿਆਣਾ ਗੈਸ ਲੀਕ ਮਾਮਲਾ: ਪੰਜਾਬ ਸਰਕਾਰ ਕੋਲ ਪੁੱਜੀ ਪਲੇਠੀ ਰਿਪੋਰਟ, ਜਾਣੋ ਕੌਣ ਨਿੱਕਲਿਆ ਮੁੱਢਲਾ ਦੋਸ਼ੀ

Ludhiana gas leak case

ਲਾਪ੍ਰਵਾਹੀ ਕਾਰਨ ਬਣੀ ਖ਼ਤਰਨਾਕ ਗੈਸ | Ludhiana gas leak case

ਚੰਡੀਗੜ (ਅਸ਼ਵਨੀ ਚਾਵਲਾ)। ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ ਲੁਧਿਆਣਾ ਪ੍ਰਸ਼ਾਸਨ ਵੱਲੋਂ ਸਰਕਾਰੀ ਵਿਭਾਗਾਂ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਲੁਧਿਆਣਾ ਇੰਡਸਟਰੀਜ਼ ਨੂੰ ਸ਼ੁਰੂਆਤੀ ਰਿਪੋਰਟ ਵਿੱਚ ਰਾਹਤ ਦਿੰਦੇ ਹੋਏ ਕਲੀਨ ਚਿੱਟ ਦੇ ਦਿੱਤੀ ਹੈ। ਹਾਲਾਂਕਿ ਇਹ ਪਲੇਠੀ ਰਿਪੋਰਟ ਹੋਣ ਕਰਕੇ ਜਿਆਦਾ ਕੁਝ ਸਰਕਾਰ ਦੱਸਣ ਨੂੰ ਤਿਆਰ ਨਹੀਂ ਹੈ ਪਰ ਸਰਕਾਰ ਵੱਲੋਂ ਸਾਰੇ ਮਾਮਲੇ ਵਿੱਚ ਠੀਕਰਾ ਆਪਣੇ ਹੀ ਸਰਕਾਰੀ ਵਿਭਾਗਾਂ ’ਤੇ ਭੰਨਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸੌਂਪੀ ਰਿਪੋਰਟ ’ਚ ਕਾਰਖਾਨਿਆਂ ਨੂੰ ਕਲੀਨ ਚਿੱਟ

ਇਸ ਮਾਮਲੇ ਵਿੱਚ ਅੱਗੇ ਹੋਰ ਜਾਂਚ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇਗੀ ਪਰ ਸ਼ੁਰੂਆਤੀ ਰਿਪੋਰਟ ਵਿੱਚ ਇਹ ਗੈਸ ਸੀਵਰੇਜ ਵਿੱਚ ਵੈਸਟ ਪਾਣੀ ਨਾਲ ਪੈਦਾ ਹੋਈ ਦੱਸੀ ਜਾ ਰਹੀ ਹੈ। ਇਸ ਗੈਸ ਨੂੰ ਖ਼ਤਮ ਕਰਨ ਲਈ ਜਿਹੜੇ ਕੰਮ ਲੁਧਿਆਣਾ ਦੇ ਨਗਰ ਨਿਗਮ ਅਤੇ ਸੀਵਰੇਜ ਬੋਰਡ ਵੱਲੋਂ ਕੀਤੇ ਜਾਣੇ ਸਨ, ਉਨਾਂ ਨੂੰ ਸਮੇਂ ਸਿਰ ਨਹੀਂ ਕੀਤਾ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਇਹ ਹਾਦਸਾ ਵਾਪਰ ਗਿਆ ਹੈ।

11 ਜਾਨਾਂ ਦਾ ਖੌਅ ਬਣ ਗਿਆ ਸੀਵਰੇਜ | Ludhiana gas leak case

ਜਾਣਕਾਰੀ ਅਨੁਸਾਰ ਬੀਤੇ ਦਿਨ 30 ਅਪਰੈਲ ਨੂੰ ਲੁਧਿਆਣਾ ਦੇ ਗਿਆਸਪੁਰਾ ਵਿਖੇ ਕਥਿਤ ਤੌਰ ’ਤੇ ਸੀਵਰੇਜ ਪਾਈਪ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਕਰਕੇ 11 ਮੌਤਾਂ ਹੋ ਗਈਆਂ ਸਨ, ਜਿਨਾਂ ਵਿੱਚ ਇੱਕੋ ਪਰਿਵਾਰ ਦੇ 5 ਜੀਅ ਵੀ ਸ਼ਾਮਲ ਸਨ। ਇਸ ਭਿਆਨਕ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਇਸ ਹਾਦਸੇ ਦੀ ਸ਼ੁਰੂਆਤੀ ਰਿਪੋਰਟ ਪੰਜਾਬ ਸਰਕਾਰ ਕੋਲ ਪੁੱਜ ਗਈ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਵਿੱਚ ਕਈ ਤਰ੍ਹਾਂ ਦਾ ਵੈਸਟ ਇਕੱਠਾ ਹੋਣ ਕਰਕੇ ਐੱਚ-2 ਐਸ ਗੈਸ ਤਿਆਰ ਹੋ ਗਈ ਸੀ, ਜਿਹੜੀ ਕਾਫ਼ੀ ਜਿਆਦਾ ਜ਼ਹਿਰੀਲੀ ਹੁੰਦੀ ਹੈ। ਗਿਆਸਪੁਰਾ ਇਲਾਕੇ ਵਿੱਚ ਸੀਵਰੇਜ ਵਿੱਚ ਕੋਈ ਗੈਸ ਨਿਕਲਣ ਦਾ ਸਾਧਨ ਨਾ ਹੋਣ ਕਰਕੇ ਗੈਸ ਸੀਵਰੇਜ ਵਿੱਚ ਹੀ ਇਕੱਠੀ ਹੰੁਦੀ ਰਹੀ ਅਤੇ 30 ਅਪਰੈਲ ਨੂੰ ਇਹ ਕਿਸੇ ਤਰੀਕੇ ਬਾਹਰ ਆ ਗਈ, ਜਿਸ ਤੋਂ ਬਾਅਦ ਇਸ ਗੈਸ ਦੀ ਚਪੇਟ ਵਿੱਚ ਆਉਣ ਵਾਲੇ 11 ਜਣੇ ਮੌਤ ਦਾ ਸ਼ਿਕਾਰ ਹੋ ਗਏ ਅਤੇ ਕੁਝ ਨੂੰ ਹਸਪਤਾਲ ਵਿੱਚ ਦਾਖ਼ਲ ਵੀ ਕਰਵਾਉਣਾ ਪਿਆ ਸੀ।

ਪਲੇਠੀ ਰਿਪੋਰਟ ਮੁਤਾਬਿਕ…

ਪਲੇਠੀ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਬੋਰਡ ਅਤੇ ਨਗਰ ਨਿਗਮ ਲੁਧਿਆਣਾ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਸੀ ਪਰ ਉਨਾਂ ਵੱਲੋਂ ਅਣਗਹਿਲੀ ਕੀਤੀ ਗਈ ਹੈ। ਸੀਵਰੇਜ ਦੀ ਸਫ਼ਾਈ ਨਾ ਹੋਣ ਕਰਕੇ ਗੈਸ ਨਿੱਕਲਣ ਲਈ ਰਸਤਾ ਨਹੀਂ?ਸੀ ਜੇਕਰ ਸਮਾਂ ਰਹਿੰਦੇ ਦੋਵੇਂ ਵਿਭਾਗ ਆਪਣੀ ਡਿਊਟੀ ਨਿਭਾਉਂਦੇ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ।

ਇਥੇ ਹੀ ਕਾਰਖਾਨਿਆਂ ਦੇ ਪਾਣੀ ਦਾ ਫਿਲਹਾਲ ਕੋਈ ਜ਼ਿਆਦਾ ਜਿਕਰ ਨਹੀਂ ਹੈ ਪਰ ਫਿਰ ਵੀ ਇਸ ਮਾਮਲੇ ਵਿੱਚ ਪੰਜਾਬ ਰਾਜ ਪ੍ਰਦੂਸ਼ਣ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵੱਲੋਂ ਸੋਮਵਾਰ ਨੂੰ ਸਬੰਧਿਤ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ ਤਾਂਕਿ ਇਸ ਸਾਰੇ ਮਾਮਲੇ ਵਿੱਚ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਪਤਾ ਲਾਇਆ ਜਾ ਸਕੇ। ਕਾਰਖਾਨਿਆਂ ਦੇ ਵੈਸਟ ਨੂੰ ਲੈ ਕੇ ਸਾਰੀ ਜਿੰਮੇਵਾਰੀ ਪ੍ਰਦੂਸ਼ਣ ਬੋਰਡ ਦੀ ਹੀ ਰਹਿੰਦੀ ਹੈ।

ਸਿਰਫ਼ 2 ਪੇਜ਼ ਦੀ ਰਿਪੋਰਟ, ਕਾਰਬਨ ਮੋਨੋਆਕਸਾਈਡ ਗੈਸ ਮੌਤ ਦਾ ਕਾਰਨ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਸੌਂਪੀ ਗਈ ਰਿਪੋਰਟ ਸਿਰਫ਼ 2 ਪੇਜ਼ ਤੱਕ ਹੀ ਸੀਮਤ ਹੈ, ਜਿਸ ਨੂੰ ਦੇਖ ਕੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਵੀ ਹੈਰਾਨ ਹਨ ਕਿ ਇਸ ਰਿਪੋਰਟ ਤੋਂ ਜਿਆਦਾ ਸੰਤੁਸ਼ਟੀ ਜ਼ਾਹਰ ਨਹੀਂ ਕੀਤੀ ਜਾ ਸਕਦੀ। ਇਹ ਪਲੇਠੀ ਰਿਪੋਰਟ ਹੋਣ ਕਰਕੇ ਪੰਜਾਬ ਸਰਕਾਰ ਇਸ ਨੂੰ ਆਧਾਰ ਬਣਾ ਕੇ ਹੀ ਅਗਲੀ ਜਾਂਚ ਨੂੰ ਦੇਖੇਗੀ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੀਵਰੇਜ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਵੀ ਤਿਆਰ ਹੋਈ ਸੀ, ਜਿਸ ਕਾਰਨ ਐੱਚ2ਐਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਕਾਫ਼ੀ ਜਿਆਦਾ ਖ਼ਤਰਨਾਕ ਹੋ ਗਈ। ਇਸ ਕਰਕੇ ਹੀ ਇਹ ਹਾਦਸਾ ਵਾਪਰਿਆਂ ਹੈ। ਇਨਾਂ ਦੋਵੇਂ ਗੈਸ ਦੇ ਤਿਆਰ ਹੋਣ ਨੂੰ ਲੈ ਕੇ ਵੱਖ-ਵੱਖ ਵਿਭਾਗ ਆਪਣੀ ਵੱਖਰੀ ਰਿਪੋਰਟ ਵੀ ਸੌਂਪ ਸਕਦੇ ਹਨ।

ਇਹ ਵੀ ਪੜ੍ਹੋ: ਅਨਮੋਲ ਗਗਨ ਮਾਨ ਨੇ ਖਰੜ ਵਾਸੀਆਂ ਨੂੰ ਦਿੱਤੀ ਰਾਹਤ ਭਰੀ ਖਬਰ