ਦੇਖਿਓ! ਕਿਤੇ ਮਠਿਆਈਆਂ ਦੀ ਥਾਂ ਜ਼ਹਿਰ ਤਾਂ ਨ੍ਹੀਂ ਖਾ ਰਹੇ?

Festive Season

ਦੇਖਿਓ! ਕਿਤੇ ਮਠਿਆਈਆਂ ਦੀ ਥਾਂ ਜ਼ਹਿਰ ਤਾਂ ਨ੍ਹੀਂ ਖਾ ਰਹੇ?

ਭਾਰਤ ਤਿਉਹਾਰਾਂ ਦਾ ਦੇਸ਼ ਹੈ ਇੱਥੇ ਸਾਲ ਭਰ ਕੋਈ ਨਾ ਕੋਈ ਤਿਉਹਾਰ ਆਉਂਦਾ ਹੀ ਰਹਿੰਦਾ ਹੈ। ਅੱਜ-ਕੱਲ੍ਹ ਭਾਰਤ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਦੇ ਦਿਨ ਚੱਲ ਰਹੇ ਹਨ ਅਤੇ ਲੋਕਾਂ ਨੇ ਖਰੀਦਦਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਦੇ ਸਮੇਂ ਵਿੱਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਰੰਟੀ ਨਹੀਂ ਹੁੰਦੀ, ਹਰ ਇੱਕ ਚੀਜ ਵਿੱਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ ਕਿੳਂੁਕਿ ਇਨਸਾਨੀਅਤ ਦਾ ਮਿਆਰ ਦਿਨਂ-ਦਿਨ ਘਟਦਾ ਜਾ ਰਿਹਾ ਹੈ ਸਿਰਫ ਧੋਖਾ, ਠੱਗੀ, ਬੇਈਮਾਨੀ ਹੀ ਦੇਖਣ ਨੂੰ ਮਿਲਦੀ ਹੈ।

ਇੱਕ ਆਮ ਇਨਸਾਨ ਲਈ ਇਨ੍ਹਾਂ ਉਤਪਾਦਾਂ ਵਿੱਚੋਂ ਅਸਲ ਜਾਂ ਨਕਲ ਦਾ ਅੰਤਰ ਸਮਝਣਾ ਬੜਾ ਹੀ ਔਖਾ ਕੰਮ ਹੈ। ਹਜ਼ਾਰਾ ਹੀ ਉਤਪਾਦ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜੀਵਨ ਵਿੱਚ ਵਰਤਦੇ ਹਾਂ। ਬਜ਼ਾਰ ਵਿੱਚ ਵਧੇਰੇ ਮਾਤਰਾ ਵਿੱਚ ਨਕਲੀ ਚੀਜ਼ਾਂ ਦੀ ਵਿਕਰੀ ਹੋ ਰਹੀ ਹੈ ਅਤੇ ਸਾਡੇ ਵੱਲੋਂ ਖ਼ਰੀਦੀ ਹੋਈ ਕੋਈ ਵੀ ਚੀਜ਼ ਨਕਲੀ ਹੋ ਸਕਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿੱਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ। ਤਿਉਹਾਰ ਦੇ ਨੇੜੇ ਖਾਣ-ਪੀਣ ਦੀਆਂ ਵਸਤੂਆਂ ਤੇ ਹੋਰ ਸਾਮਾਨ ਨਕਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਇਸ ਲਈ ਸਾਨੂੰ ਇਨ੍ਹਾਂ ਦਿਨਾਂ ਵਿੱਚ ਬਹੁਤ ਧਿਆਨ ਨਾਲ ਖਰੀਦਦਾਰੀ ਕਰਨੀ ਚਾਹੀਦੀ ਹੈ। ਕੋਈ ਵੀ ਸਾਮਾਨ ਜਦੋਂ ਘਰ ਆ ਕੇ ਨਕਲੀ ਨਿੱਕਲਦਾ ਹੈ ਤਾਂ ਮਨ ਦੀ ਸਥਿਤੀ ਤਾਂ ਖ਼ਰਾਬ ਹੁੰਦੀ ਹੀ ਹੈ ਨਾਲ-ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ। ਇਸ ਦਾ ਇੱਕੋ ਕਾਰਨ ਹੈ ਵਸਤੂ ਬਾਰੇ ਜਾਣਕਾਰੀ ਦੀ ਘਾਟ ਕਈ ਵਾਰ ਅਸੀਂ ਵੱਡੇ-ਵੱਡੇ ਵਿਗਿਆਪਨ ਦੇਖ ਕੇ ਠੱਗੇ ਜਾਂਦੇ ਹਾਂ ਵਪਾਰੀਆਂ ਤੇ ਵਿਕ੍ਰੇਤਾਵਾਂ ਦਾ ਵਸਤੂ ਵਿੱਚ ਮਿਲਾਵਟ ਕਰਨ ਪਿੱਛੇ ਇੱਕੋ ਕਾਰਨ ਹੁੰਦਾ ਹੈ ਪੈਸੇ ਦਾ ਵੱਡਾ ਲਾਲਚ। ਸਾਨੂੰ ਬਹੁਤ ਹੀ ਜਾਗਰੂਕ ਹੋ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਨੂੰ ਖਰਾਬ ਹੋਣੋਂ?ਬਚਾ ਸਕੀਏ।

‘ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ’ ਸਗੋਂ ਅਸਲੀ ਤੇ ਨਕਲੀ ਵਸਤੂ ਵਿੱਚ ਬਹੁਤ ਫ਼ਰਕ ਹੁੰਦਾ ਹੈ। ਆਨਲਾਈਨ ਸ਼ਾਪਿੰਗ, ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਲ-ਨਾਲ ਬੱਚਿਆਂ ਦੇ ਖਿਡੌਣੇ, ਬਿਜਲੀ ਦੇ ਉਪਕਰਨ, ਸੂਟ-ਬੂਟ ਹਰ ਉਹ ਚੀਜ਼ ਜੋ ਅਸੀਂ ਰੋਜ਼ਾਨਾ ਵਰਤਦੇ ਹਾਂ, ਪਰ ਹਰ ਇੱਕ ਵਸਤੂ ਵਿੱਚ ਬੇਈਮਾਨੀ ਦਿਖਾਈ ਦਿੰਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਨੁੱਖ ਦੀ ਸਿਹਤ ਲਈ ਘਾਤਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਰਿਸ਼ਵਤਖੋਰੀ ਦੇ ਚਲਣ ਕਰਕੇ ਇਹ ਸਮੱਸਿਆ ਨੂੰ ਬੰਦ ਕਰਨ ਦਾ ਹੱਲ ਨਹੀਂ ਲੱਭ ਰਿਹਾ।

ਲੋੜੋਂ ਵੱਧ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਸਾਡੀ ਧਰਤੀ, ਹਵਾ ਤੇ ਪਾਣੀ ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਹੋ ਹੋ ਰਹੇ ਹਨ। ਇੱਥੋਂ ਤੱਕ ਫ਼ਲਾਂ, ਸਬਜ਼ੀਆਂ ਨੂੰ ਪਕਾਉਣ ਲਈ ਵੀ ਜਾਨਲੇਵਾ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਣ ਵਾਲੀਆਂ ਸਬਜ਼ੀਆਂ ਤੇ ਫ਼ਲਾਂ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿੱਖ ਬਦਲਣ ਲਈ ਕੈਮੀਕਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਉ ਅਸੀਂ ਅਨੇਕਾਂ ਵਾਰ ਸੋਸ਼ਲ ਮੀਡੀਆ ’ਤੇ ਵੀ ਦੇਖ ਚੁੱਕੇ ਹਾਂ। ਇਹ ਇੱਕ ਵੱਡੀ ਸਮੱਸਿਆ ਹੈ।
ਅੱਜ-ਕੱਲ੍ਹ ਭਾਰਤ ਵਿਚ ਨਕਲੀ ਦੁੱਧ ਦੀ ਬਹੁਤ ਵਿੱਕਰੀ ਹੋ ਰਹੀ ਹੈ। ਨਕਲੀ ਦੁੱਧ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਰਹੇ ਹਨ। ਸਭ ਤੋਂ ਖਤਰਨਾਕ ਰੋਗ ਹੈ ਕੈਂਸਰ ਜੋ ਕਿ ਨਕਲੀ ਦੁੱਧ ਕਾਰਨ ਹੁੰਦਾ ਹੈ।

ਭਾਰਤ ਵਿਚ ਸਭ ਤੋਂ ਵੱਧ ਦੁੱਧ ਦਾ ਵਪਾਰ ਮੱਧ ਪ੍ਰਦੇਸ਼ ਦੇ ਮੋਰਾਇਨਾ ਜਿਲ੍ਹੇ ਵਿਚ ਹੁੰਦਾ ਹੈ, ਪਰ ਹੁਣ ਇੱਥੇ ਨਕਲੀ ਦੁੱਧ ਦਾ ਵਪਾਰ ਵਧ ਰਿਹਾ ਹੈ। ਇੱਥੇ 11 ਲੱਖ ਲੀਟਰ ਦੇ ਲਗਭਗ ਦੁੱਧ ਹੁੰਦਾ ਹੈ। ਜਿਸ ਵਿਚੋਂ ਲਗਭਗ 6 ਲੱਖ ਲੀਟਰ ਦੁੱਧ ਬਾਹਰ ਭੇਜਿਆ ਜਾਂਦਾ ਹੈ ਤੇ ਬਾਕੀ ਦੁੱਧ ਇੱਥੋਂ ਦੇ ਲੋਕ ਵਰਤਦੇ ਹਨ। ਇਹ ਦੁੱਧ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਤੱਕ ਭੇਜਿਆ ਜਾਂਦਾ ਹੈ। ਇਸ ਨਕਲੀ ਦੁੱਧ ਦੀ ਵਿੱਕਰੀ ਜਿਆਦਾਤਰ ਬੰਦ ਪੈਕਟਾਂ ਵਿਚ ਕੀਤੀ ਜਾਂਦੀ ਹੈ। ਪੈਕਟਾਂ ਉੁਪਰ ਕਈ ਤਰ੍ਹਾਂ ਦੇ ਕੈਮੀਕਲ ਲੱਗੇ ਹੁੰਦੇ ਹਨ। ਜਿਸ ਕਾਰਨ ਦੁੱਧ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦਾ।

ਅੱਜ-ਕੱਲ੍ਹ ਨਕਲੀ ਦੁੱਧ ਦੇ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਬਣ ਰਹੀਆਂ ਹਨ ਜਿਵੇ:-ਖੋਆ, ਮਾਵਾ, ਪਨੀਰ, ਬਰਫੀ, ਘਿਓ ਆਦਿ ਮਠਿਆਈਆਂ। ਸਾਡੇ ਭਾਰਤ ਵਿਚ ਸਾਲ ਵਿਚ ਕਈ ਤਰ੍ਹਾਂ ਦੇ ਤਿਉਹਾਰ ਆਉਂਦੇ ਹਨ, ਕਈ ਖੁਸ਼ੀ ਦੇ ਮੌਕੇ ਆਉਂਦੇ ਹਨ ਜਿਵੇਂ ਕਿ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਇਨ੍ਹਾਂ ਤਿਉਹਾਰਾਂ ਦੌਰਾਨ ਆਮ ਕਰਕੇ ਮਠਿਆਈਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਜਦ ਲੋਕ ਮਠਿਆਈ ਖਰੀਦਣ ਜਾਂਦੇ ਹਨ ਤਾਂ ਕਈ ਦੁਕਾਨਦਾਰ ਕਾਫੀ ਦਿਨਾਂ ਤੋਂ ਬਣੀ ਅਤੇ ਨਕਲੀ ਖੋਏ ਆਦਿ ਦੀ ਮਠਿਆਈ ਵੇਚ ਦਿੰਦੇ ਹਨ। ਜਿਸ ਨਾਲ ਕਈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।

ਕਈ ਲੋਕ ਮਠਿਆਈਆਂ ਲੈਂਦੇ ਸਮੇਂ ਜਾਂ ਕੋਈ ਹੋਰ ਦੁੱਧ ਤੋਂ ਬਣੀ ਚੀਜ਼ ਲੈਂਦੇ ਹਨ ਤਾਂ ਉਹ ਉਸ ਦੀ ਚੰਗੀ ਤਰ੍ਹਾਂ ਪਰਖ ਨਹੀਂ ਕਰਦੇ। ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਹੈ ਕਿ ਮਠਿਆਈ ਨਕਲੀ ਹੈ ਜਾਂ ਅਸਲੀ। ਜ਼ਿਆਦਾ ਗੂੜੇ੍ਹ ਰੰਗ ਦੀਆਂ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਉਸ ਦੁਕਾਨ ਤੋਂ ਮਠਿਆਈਆਂ ਖਰੀਦਣੀਆਂ ਚਾਹੀਦੀਆਂ ਹਨ ਜੋ ਦੁਕਾਨ ਸਾਫ-ਸੁਥਰੀ ਹੋਵੇ ਤੇ ਜਿੱਥੇ ਆਸੇ-ਪਾਸੇ ਗੰਦਗੀ ਨਾ ਹੋਵੇ।

ਭਾਰਤ ਵਿਚ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਕਾਫੀ ਉਤਸ਼ਾਹਿਤ ਹੁੰਦੇ ਹਨ। ਇਸ ਤਿਉਹਾਰ ’ਤੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਕਈ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਜਦੋਂ ਦੁਕਾਨਦਾਰਾਂ ਨੂੰ ਵਧੀਆ ਦੁੱਧ ਨਹੀਂ ਮਿਲਦਾ ਤਾਂ ਉਹ ਨਕਲੀ ਦੁੱਧ ਨਾਲ ਮਠਿਆਈਆਂ ਤਿਆਰ ਕਰਕੇ ਵੇਚਦੇ ਹਨ। ਦੁਕਾਨਦਾਰ ਕੇਵਲ ਆਪਣਾ ਹੀ ਭਲਾ ਸੋਚਦੇ ਹਨ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਉਹ ਦੂਜਿਆਂ ਦੀ ਸਿਹਤ ਬਾਰੇ ਸੋਚਦੇ ਹੀ ਨਹੀਂ।

ਇਸ ਦਾ ਕੋਈ ਸਾਰਥਕ ਹੱਲ ਕਿਉਂ ਨਹੀਂ ਲੱਭ ਰਿਹਾ ਹੈ? ਸਾਨੂੰ ਇਸ ਸੰਬੰਧੀ ਚੌਕਸ ਹੋਣ ਦੀ ਲੋੜ ਹੈ। ਲੋਕਾਂ ਨੂੰ ਸਾਮਾਨ ਦੇ ਨਕਲੀ ਹੋਣ ਤੇ ਖ਼ੁਰਾਕੀ ਪਦਾਰਥਾਂ ਵਿੱਚ ਮਿਲਾਵਟ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ। ਇਸ ਧੰਦੇ ਦੇ ਖ਼ਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਨੂੰ ਵੀ ਕੁਝ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਿਲਾਵਟ ਕਰਨ ਵਾਲਾ ਹਰ ਇੱਕ ਬੰਦਾ ਡਰ ਮਹਿਸੂਸ ਕਰੇ ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੁੰਦਾ ਖਿਲਵਾੜ ਰੁਕ ਸਕੇ ਅਤੇ ਅਸੀਂ ਇਹਨਾਂ ਪਵਿੱਤਰ ਤਿਉਹਾਰਾਂ ਦਾ ਖੁੱਲ੍ਹ ਕੇ ਆਨੰਦ ਮਾਣ ਸਕੀਏ।
ਜੈਤੋ (ਫ਼ਰੀਦਕੋਟ)
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081
ਪ੍ਰਮੋਦ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ