ਧੀ ਦੀ ਖੇਡ ਖਾਤਰ ਪਿੰਡ ਛੱਡਿਆ, ਧੀ ਨੇ ਜਿੱਤ ਦਾ ਝੰਡਾ ਗੱਡਿਆ

Daughter Raised Victory Flag Sachkahoon

ਧੀ ਦੀ ਖੇਡ ਖਾਤਰ ਪਿੰਡ ਛੱਡਿਆ, ਧੀ ਨੇ ਜਿੱਤ ਦਾ ਝੰਡਾ ਗੱਡਿਆ

ਪਿੰਡ ਮੰਢਾਲੀ ਦੀ ਧੀ ਨੇ ਪੋਲੈਂਡ ’ਚ ਟੀਮ ਪੱਧਰ ’ਤੇ ਸੋਨ ਤੇ ਵਿਅਕਤੀਗਤ ’ਚ ਜਿੱਤਿਆ ਕਾਂਸੀ ਦਾ ਤਮਗਾ

(ਸੁਖਜੀਤ ਮਾਨ) ਮਾਨਸਾ। ਧੀ ਨੂੰ ਖੇਡ ਅਭਿਆਸ਼ ’ਚ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਜ਼ਿਲ੍ਹਾ ਮਾਨਸਾ ਦੇ ਪਿੰਡ ਮੰਢਾਲੀ ਦੇ ਅਵਤਾਰ ਸਿੰਘ ਨੇ ਪਿੰਡ ਛੱਡ ਪਟਿਆਲਾ ਰਿਹਾਇਸ਼ ਕਰ ਲਈ ਪਿਤਾ ਵੱਲੋਂ ਧੀ ਖਾਤਰ ਲਏ ਫੈਸਲੇ ਤੋਂ ਬਾਅਦ ਆਸਾਂ ਨੂੰ ਬੂਰ ਪੈਣ ਲੱਗਿਆ ਤਾਂ ਹੁਣ ਫਲ ਵੀ ਮਿਲ ਗਿਆ ਅਵਤਾਰ ਸਿੰਘ ਦੀ ਖਿਡਾਰਨ ਧੀ ਪ੍ਰਨੀਤ ਕੌਰ ਨੇ ਅੱਜ ਪੋਲੈਂਡ ਵਿਖੇ ਚੱਲ ਰਹੀ ਤੀਰਅੰਦਾਜ਼ੀ ਦੀ ‘ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ’ ’ਚੋਂ ਇੱਕ ਸੋਨ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੇ ਸਿਰਫ ਇਕਲੌਤੀ ਧੀ ਹੈ ਧੀ ਪ੍ਰਨੀਤ ਕੌਰ ਦਾ ਸੁਪਨਾ ਖੇਡਾਂ ’ਚ ਮੱਲਾਂ ਮਾਰਨਾ ਸੀ ਸੁਪਨੇ ਦੀ ਪੂਰਤੀ ਲਈ ਉਸਨੂੰ ਪਿੰਡ ਛੱਡਣਾ ਹੀ ਪੈਣਾ ਸੀ ਕਿਉਂਕਿ ਪਿੰਡ ’ਚ ਰਹਿ ਕੇ ਉਸ ਪੱਧਰ ਦੀ ਕੋਚਿੰਗ ਨਹੀਂ ਮਿਲ ਸਕਦੀ ਸੀ ਪਿੰਡ ਮੰਢਾਲੀ ਛੱਡਕੇ ਉਹ ਪਟਿਆਲਾ ਰਹਿਣ ਲੱਗ ਪਏ ਪਟਿਆਲਾ ਵਿਖੇ ਤੀਰਅੰਦਾਜ਼ੀ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਪ੍ਰਨੀਤ ਕੌਰ ਨੂੰ ਖੇਡ ਦੀਆਂ ਬਾਰੀਕੀਆਂ ਦੱਸੀਆਂ ਤਾਂ ਉਸਦੇ ਤੀਰ ਨਿਸ਼ਾਨੇ ’ਤੇ ਲੱਗਦੇ ਗਏ ਪੋਲੈਂਡ ਵਿਖੇ ਚੱਲ ਰਹੀ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚੋਂ ਪ੍ਰਨੀਤ ਕੌਰ ਨੇ ਅੱਜ ਟੀਮ ਪੱਧਰ ’ਤੇ ਸੋਨ ਤਗ਼ਮਾ ਅਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ ਅਵਤਾਰ ਸਿੰਘ ਨੇ ਆਪਣੀ ਧੀ ਦੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਹ ਵੀ ਇੱਕ ਸਬੱਬ ਹੈ ਕਿ ਪ੍ਰਨੀਤ ਨੇ ਆਪਣੀ ਖੇਡ ਦੀ ਸ਼ੁਰੂਆਤ 14 ਅਗਸਤ 2015 ਨੂੰ ਕੀਤੀ ਸੀ ਅਤੇ ਅੱਜ ਕੌਮਾਂਤਰੀ ਪੱਧਰ ’ਤੇ ਉਸਨੇ ਜੋ ਪ੍ਰਾਪਤੀ ਕੀਤੀ ਹੈ ਉਹ ਵੀ 14 ਅਗਸਤ ਨੂੰ ਹੀ ਕੀਤੀ ਹੈ ਖੇਡ ਮੁਕਾਬਲਿਆਂ ਲਈ ਪੰਜਾਬ ਸਰਕਾਰ ਵੱਲੋਂ ਸਹਾਇਤਾ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੂਰੀ ਮੱਦਦ ਕੀਤੀ।

ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਚੁਣੇ ਜਾਣ ਤੋਂ ਬਾਅਦ ਖੇਡ ਵਿਭਾਗ ਨੇ 4 ਲੱਖ ਰੁਪਏ ਦਾ ਬਿਹਤਰ ਸਾਜੋ-ਸਾਮਾਨ ਮੁਹੱਈਆ ਕਰਵਾਇਆ ਜਿਸਦੀ ਬਦੌਲਤ ਹੀ ਪ੍ਰਨੀਤ ਕੌਰ ਨੇ ਆਪਣਾ ਖੇਡ ਅਭਿਆਸ ਕਰਦਿਆਂ ਅੱਜ ਕੌਮਾਂਤਰੀ ਪ੍ਰਾਪਤੀ ਹਾਸਿਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਪ੍ਰਨੀਤ ਕੌਰ ਦੀ ਖੇਲ੍ਹੋ ਇੰਡੀਆ ਤਹਿਤ ਚੋਣ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਵੀ ਹਰ ਮਹੀਨੇ 10 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਧਿਆਪਕ ਜੋੜੇ ਅਵਤਾਰ ਸਿੰਘ ਅਤੇ ਜਗਮੀਤ ਕੌਰ ਦੀ ਖਿਡਾਰਨ ਧੀ ਪ੍ਰਨੀਤ ਕੌਰ ਇਸ ਵੇਲੇ ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ +1 ਆਰਟਸ ਦੀ ਵਿਦਿਆਰਥਣ ਹੈ।

ਪ੍ਰਨੀਤ ਕੌਰ ਦੀਆਂ ਹੁਣ ਤੱਕ ਦੀਆਂ ਖੇਡ ਪ੍ਰਾਪਤੀਆਂ

ਪ੍ਰਨੀਤ ਕੌਰ ਨੇ ਆਪਣੇ ਹੁਣ ਤੱਕ ਦੇ ਖੇਡ ਸਫਰ ’ਚ 65ਵੀਆਂ ਕੌਮੀ ਸਕੂਲ ਖੇਡਾਂ ਦੇ ਉਮਰ ਵਰਗ 17 ਸਾਲ ’ਚ ਵਿਅਕਤੀ ਪੱਧਰ ਦੇ ਮੁਕਾਬਲੇ ’ਚੋਂ ਚਾਂਦੀ ਦਾ ਤਗ਼ਮਾ, 41ਵੀਂ ਜੂਨੀਅਰ ਕੌਮੀ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚੋਂ ਵਿਅਕਤੀਗਤ ਪੱਧਰ ’ਤੇ ਦੋ ਚਾਂਦੀ ਦੇ ਤਗ਼ਮੇ ਤੇ ਇੱਕ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਸਾਲ 2019 ’ਚੋਂ ਹੋਈਆਂ ਤੰਦਰੁਸਤ ਪੰਜਾਬ ਖੇਡਾਂ ’ਚੋਂ ਵਿਅਕਤੀਗਤ ਪੱਧਰ ’ਤੇ ਤਿੰਨ ਸੋਨ ਤਗ਼ਮੇ ਜਿੱਤੇ।

ਪਿੰਡ ਪੱਧਰ ’ਤੇ ਮਿਲਣ ਸਹੂਲਤਾਂ ਤਾਂ ਹੋਰ ਵੀ ਪੈਦਾ ਹੋਣ ਖਿਡਾਰਨਾਂ : ਪਿਆਰਾ ਸਿੰਘ

ਅਧਿਆਪਕ ਪਿਆਰਾ ਸਿੰਘ ਗੁਰਨੇ ਕਲਾਂ ਨੇ ਪ੍ਰਨੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਕੌਮਾਂਤਰੀ ਪੱਧਰ ਦੀ ਇਸ ਜਿੱਤ ਨਾਲ ਦੇਸ਼ ਦੇ ਨਾਲ-ਨਾਲ ਪਿੰਡ ਅਤੇ ਪੰਜਾਬ ਦਾ ਨਾਂਅ ਵੀ ਰੌਸ਼ਨ ਹੋਇਆ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਪਿੰਡ ਪੱਧਰ ’ਤੇ ਵੀ ਬਿਹਤਰ ਖੇਡ ਸਹੂਲਤਾਂ ਦੇਵੇ ਤਾਂ ਪ੍ਰਨੀਤ ਕੌਰ ਵਾਂਗ ਹੋਰ ਵੀ ਖਿਡਾਰਨਾਂ ਖੇਡ ਖੇਤਰ ’ਚ ਬਿਹਤਰ ਪ੍ਰਦਰਸ਼ਨ ਕਰ ਸਕਦੀਆਂ ਹਨ ਕਿਉਂਕਿ ਹਰ ਕਿਸੇ ’ਚ ਇਹ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਖੇਡਾਂ ਦੀ ਖਾਤਰ ਆਪਣੇ ਪਿੰਡ ਨੂੰ ਛੱਡਕੇ ਪਟਿਆਲਾ ਜਾਂ ਕਿਸੇ ਹੋਰ ਸ਼ਹਿਰ ’ਚ ਰਿਹਾਇਸ਼ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ