ਜ਼ਿੰਦਗੀ ਦੇ ਰੰਗਾਂ ਨੂੰ ਮਾਨਣ ਦੀ ਕਲਾ ਸਿੱਖੀਏ

ਜ਼ਿੰਦਗੀ ਦੇ ਰੰਗਾਂ ਨੂੰ ਮਾਨਣ ਦੀ ਕਲਾ ਸਿੱਖੀਏ

ਬੰਦਾ ਜਗਤ ਨਜ਼ਾਰੇ ਲੈਣ ਆਇਆ ਹੈ ਪਰ ਬਹੁਤੇ ਲੋਕ ਗਧੇ ਬਣੇ ਰਹਿੰਦੇ ਹਨ ਤੇ ਉਨ੍ਹਾਂ ਦੀ ਸਾਰੀ ਉਮਰ ਘੱਟਾ ਢੋਂਦੇ ਹੀ ਲੰਘ ਜਾਂਦੀ ਹੈ ।ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਨਾ ਇੱਕ ਸਨਮਾਨ ਦਾ ਬੈਜ ਮੰਨਿਆ ਜਾਂਦਾ ਰਿਹਾ ਹੈ । ਕੰਮ ਨਾ ਕਰਨ ਵਾਲਿਆਂ ਨੂੰ ਵਿਹਲੜ ਸਮਝਿਆ ਜਾਂਦਾ ਹੈ। ਪਰ ਛੁੱਟੀਆਂ ਜਾਂ ਕੰਮ ’ਚ ਬਰੇਕਾਂ ਸਾਨੂੰ ਤਰੋ-ਤਾਜ਼ਾ ਕਰ ਦਿੰਦੀਆਂ ਹਨ। ਕਈ ਵਾਰੀ ਅਸੀਂ ਸਮਝਦੇ ਹਾਂ ਕਿ ਜ਼ਿਆਦਾ ਕੰਮ ਕਰਨ ਨਾਲ ਪਰਿਵਾਰ ਜਾਂ ਸੰਗਠਨ ’ਚ ਸਾਡੀ ਬੁੱਕਤ ਵਧੇਗੀ ਜੋ ਕਿ ਸਾਡਾ ਨਿਰਾ ਵਹਿਮ ਹੁੰਦਾ ਹੈ । ਅਸਲ ’ਚ ਕੰਮ ਤੇ ਜੀਵਨ ’ਚ ਸੰਤੁਲਨ ਬਹੁਤ ਜ਼ਰੂਰੀ ਹੈ ਅਸੀਂ ਜ਼ਿੰਦਗੀ ਜਿਉਣ ਆਏ ਹਾਂ, ਢੋਣ ਨਹੀਂ। ਸਿਹਤ ਤੋਂ ਇਲਾਵਾ ਤੁਹਾਡੀ ਉਤਪਾਦਕਤਾ ਵੀ ਲੰਮੇ ਕੰਮ ਦੇ ਘੰਟਿਆਂ ਕਾਰਨ ਪ੍ਰਭਾਵਿਤ ਹੁੰਦੀ ਹੈ। ਅੰਨ੍ਹੇਵਾਹ ਕੰਮ ਕਰਨ ਨਾਲ ਤੁਸੀਂ ਲਗਾਤਾਰ ਥਕਾਵਟ ਮਹਿਸੂਸ ਕਰਦੇ ਹੋ ਤੇ ਅਗਲੇ ਦਿਨ ਆਪਣਾ ਕੰਮ ਸ਼ੁਰੂ ਕਰਨ ਲਈ ਉਤਸ਼ਾਹ ਵੀ ਘੱਟ ਹੁੰਦਾ ਹੈ।

ਜਨਰਲ ਐਨਵਾਇਰਨਮੈਂਟਲ ਇੰਟਰਨੈਸ਼ਨਲ ਅਨੁਸਾਰ, 745,000 ਲੋਕਾਂ ਦੀ ਮੌਤ ਸਟ੍ਰੋਕ ਜਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੋਈ ਜੋ 2016 ਵਿੱਚ ਲੰਮੇ ਕੰਮ ਦੇ ਘੰਟਿਆਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਸਨ, 2000 ਵਿੱਚ ਇਸ ਗਿਣਤੀ ’ਚ ਪਹਿਲਾਂ ਨਾਲੋਂ 30 ਫੀਸਦੀ ਹੋਰ ਵਾਧਾ ਰਿਕਾਰਡ ਕੀਤਾ ਗਿਆ ਵਿਸ਼ਵ ਸਿਹਤ ਸੰਗਠਨ ਦੇ ਵਾਤਾਵਰਨ ਵਿਭਾਗ ਦੀ ਡਾਇਰੈਕਟਰ ਮਾਰੀਆ ਨੀਰਾ ਅਨੁਸਾਰ ਪ੍ਰਤੀ ਹਫਤੇ 55 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨਾ ਸਿਹਤ ਲਈ ਗੰਭੀਰ ਖਤਰਾ ਹੈ। ਕੋਰੋਨਾ ਮਹਾਂਮਾਰੀ ਨੇ ਕੰਮ ਦੀ ਗਤੀ ਹੋਰ ਤੇਜ਼ ਕੀਤੀ ਹੈ। ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਘਰ ਤੋਂ ਕੰਮ ਕਰਨਾ ਅਪਣਾਇਆ ਗਿਆ ਸੀ ਪਰ ਇਸ ਨਾਲ ਕੰਮ ਦਾ ਬੋਝ ਕਈ ਗੁਣਾਂ ਜ਼ਿਆਦਾ ਵਧ ਗਿਆ ਹੈ

ਆਪਣੀ ਨੌਕਰੀ ਕਾਇਮ ਰੱਖਣ ਅਤੇ ਆਪਣੇ ਆਕਾਵਾਂ ਦੀਆਂ ਨਜ਼ਰਾਂ ’ਚ ਬਣੇ ਰਹਿਣ ਲਈ ਬਹੁਤ ਸਾਰੇ ਕਰਮਚਾਰੀ ਸਮਰੱਥਾ ਤੋਂ ਵੱਧ ਕੰਮ ਕਰਦੇ ਹਨ ਜੋ ਕਿ ਆਪਣੀ ਸਿਹਤ ਨਾਲ ਸਰਾਸਾਰ ਧੱਕਾ ਹੈ। ਸਾਨੂੰ ਕਈ ਵਾਰ ਲੱਗਦਾ ਹੈ ਕਿ ਕਮਾਈ ਕਰਨ ਲਈ ਵਰਤਮਾਨ ਹੀ ਵਧੀਆ ਸਮਾਂ ਹੈ ਜਦੋਂਕਿ ਰੂਹ ਨੂੰ ਖੁਰਾਕ ਦੇਣ ਲਈ ਮਨੋਰੰਜਨ ਵੀ ਜ਼ਰੂਰੀ ਹੈ। ਕਦੇ ਵੀ ਆਪਣੀ ਜ਼ਿੰਦਗੀ ਜੀਉਣ ਦਾ ਅਨੰਦ ਲੈਣਾ ਨਾ ਭੁੱਲੋ। ਇਸਦੇ ਨਾਲ ਹੀ ਕੰਮਾਂ ਨੂੰ ਇਸ ਤਰੀਕੇ ਨਾਲ ਨਿਪਟਾਓ ਕਿ ਤੁਹਾਡੇ ਕੰਮ ਵੀ ਪੂਰੇ ਹੋ ਜਾਣ ਤੇ ਮਾਨਸਿਕ ਤਿ੍ਰਪਤੀ ਲਈ ਸਮਾਂ ਵੀ ਬਚਿਆ ਰਹੇ।

ਮਾਲਕ/ਸੰਸਥਾਵਾਂ ਨੂੰ ਵੀ ਆਪਣੇ ਕਰਮਚਾਰੀਆਂ ਦੇ ਕੰਮ ਤੇ ਜੀਵਨ ਸੰਤੁਲਨ ਵੱਲ ਡੂੰਘਾ ਧਿਆਨ ਦੇਣ ਦੀ ਲੋੜ ਹੈ। ਖੁਸ਼ ਕਰਮਚਾਰੀ ਦੁੱਗਣਾ ਕੰਮ ਕਰਦੇ ਹਨ। ਉਹ ਸੰਸਥਾਵਾਂ ਜੋ ਕਾਰਜ-ਜੀਵਨ ਦੇ ਸੰਤੁਲਨ ਨੂੰ ਉਤਸ਼ਾਹਿਤ ਕਰਦੀਆਂ ਹਨ ਵਧੇਰੇ ਪ੍ਰਸਿੱਧ ਹਨ ਤੇ ਕਾਬਿਲ ਨੌਜਵਾਨ ਵਰਗ ਅਜਿਹੀਆਂ ਸੰਸਥਾਵਾਂ ਵੱਲ ਖਿੱਚਿਆ ਜਾਂਦਾ ਹੈ। ਕੁਝ ਜੀਵਨ ਯੁਗਤਾਂ ਵਰਤ ਕੇ ਅਸੀਂ ਕੰਮ ਦੇ ਨਾਲ-ਨਾਲ ਜੀਵਨ ਦਾ ਆਨੰਦ ਵੀ ਲੈ ਸਕਦੇ ਹਾਂ। ਆਪਣੇ ਦਿਨ ਦੀ ਯੋਜਨਾ ਬਣਾਉਣੀ ਸ਼ੁਰੂ ਕਰੋ। ਸਭ ਤੋਂ ਪਹਿਲਾਂ ਜੋ ਤੁਸੀਂ ਕਰਨਾ ਹੈ ਉਹ ਹੈ ਕਿ ਆਪਣੇ ਦਿਨ ਦੀ ਯੋਜਨਾ ਬਣਾਉ ਤੇ ਵਿਸ਼ੇਸ਼ ਕਾਰਜ਼ਾਂ ਨੂੰ ਤਰਜ਼ੀਹੀ ਅਧਾਰ ’ਤੇ ਕਰੋ। ਯੋਜਨਾਬੰਦੀ ਤੁਹਾਨੂੰ ਆਪਣੇ ਕਾਰਜਾਂ ਨੂੰ ਵੰਡਣ ਵਿੱਚ ਸਹਾਇਤਾ ਕਰਦੀ ਹੈ ਤੇ ਬਦਲੇ ਵਿੱਚ ਤੁਹਾਨੂੰ ਵਧੇਰੇ ਲਾਭਕਾਰੀ ਬਣਾਉਂਦੀ ਹੈ।

ਇਸ ਨਾਲ ਇੱਛਿਤ ਨਤੀਜੇ ਮਿਲਦੇ ਹਨ, ਜਿਵੇਂ ਕਿ ਤੁਹਾਡੀ ਉਤਪਾਦਕਤਾ ਵਧਦੀ ਹੈ ਤੁਸੀਂ ਘੱਟ ਤਣਾਅਪੂਰਨ ਹੋ ਜਾਂਦੇ ਹੋ ਤੇ ਇਹ ਸੰਤੁਸ਼ਟੀ ਤਹਾਡੀ ਤੰਦਰੁਸਤੀ ਦਾ ਅਧਾਰ ਬਣ ਜਾਂਦੀ ਹੈ। ਜਦੋਂ ਤੁਸੀਂ ਕੰਮ ਲਈ ਸਵੇਰੇ ਉੱਠਦੇ ਹੋ ਤਾਂ ਅੱਧਾ ਘੰਟਾ ਯੋਗਾ, ਸਰੀਰਕ ਤੇ ਮਾਨਸਿਕ ਕਸਰਤ ਲਈ ਰਾਖਵਾਂ ਰੱਖੋ। ਇਹ ਰੋਜ਼ਾਨਾ ਰੁਟੀਨ ਤੁਹਾਡੇ ਮੂਡ ਨੂੰ ਉੱਚਾ ਕਰਦਾ ਹੈ ਤੇ ਤੁਹਾਨੂੰ ਤਣਾਅ ਮੁਕਤ ਅਤੇ ਸ਼ਾਂਤ ਰੱਖਦਾ ਹੈ। ਮਿਲ-ਜੁਲ ਕੇ ਰਹਿਣਾ ਸਿੱਖੋ। ਸਮਾਜ ਦੇ ਸਰਗਰਮ ਮੈਂਬਰ ਬਣੇ ਰਹੋ। ਆਪਣੇ-ਆਪ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਿਲ ਕਰੋ ਜਿਵੇਂ ਖੇਡਾਂ ਖੇਡਣਾ ਜਾਂ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲਵੋ। ਰੁਝੇਵਾਂ ਤੁਹਾਨੂੰ ਦਿਨ ਭਰ ਸਰਗਰਮ ਰੱਖੇਗਾ ਤੇ ਸੁਸਤੀ ਨੂੰ ਘੱਟ ਕਰੇਗਾ।

ਕਸਰਤ ਤੋਂ ਬਿਨਾਂ ਆਪਣੀ ਖੁਰਾਕ ਵੱਲ ਵੀ ਉਚਿਤ ਧਿਆਨ ਦੇਣਾ ਅਤੀ ਜ਼ਰੂਰੀ ਹੈ। ਤਰਲ ਪਦਾਰਥ ਤੇ ਫਾਰੀਬਰ ਆਧਾਰਿਤ ਖੁਰਾਕ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉ। ਤੁਹਾਡੇ ਸਰੀਰ ਨੂੰ ਸੁਚਾਰੂ ਰੂਪ ਨਾਲ ਚੱਲਦਾ ਰੱਖਣ ਲਈ ਤਰਲ ਪਦਾਰਥ ਮਹੱਤਵਪੂਰਨ ਕਾਰਕ ਹਨ। ਇਨ੍ਹਾਂ ਦੇ ਸੇਵਨ ਨਾਲ ਸਾਡਾ ਭਾਰ ਵੀ ਸੰਤੁਲਨ ’ਚ ਰਹਿੰਦਾ ਹੈ। ਤਰਲ ਪਦਾਰਥ ਤੁਹਾਡੇ ਦਿਮਾਗ ਨੂੰ ਕਿਰਿਆਸ਼ੀਲ ਰਹਿਣ ਵਿੱਚ ਵੀ ਸਹਾਇਤਾ ਕਰਦੇ ਹਨ। ਸਿਹਤਮੰਦ ਖਾਣਾ ਸਾਡੀ ਰੱਖਿਆ ਪੰਕਤੀ ਨੂੰ ਬਿਹਤਰ ਬਣਾਈ ਰੱਖਦਾ ਹੈ। ਬਿਮਾਰੀਆਂ ਨੂੰ ਰੋਕਣ, ਦਿਨ ਭਰ ਤੁਹਾਨੂੰ ਕਿਰਿਆਸ਼ੀਲ ਰੱਖਣ ’ਚ ਸਹਾਇਤਾ ਕਰਦਾ ਹੈ। ਵਧੀਆ ਆਹਾਰ ਤੋਂ ਮਿਲੀ ਊਰਜਾ ਸਾਨੂੰ ਆਪਣੇ ਕੰਮ ਤੇ ਲਗਨ ਨਾਲ ਧਿਆਨ ਕੇਂਦਰਤ ਕਰਨ ਵਿੱਚ ਸਹਾਇਤਾ ਕਰਦੀ ਹੈ।

ਲੋੜੀਂਦੀ ਨੀਂਦ ਵੀ ਸਾਡੀ ਤੰਦਰੁਸਤੀ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਸਹੀ ਨੀਂਦ ਪੈਟਰਨ ਤੁਹਾਨੂੰ ਪੂਰੇ ਦਿਨ ਲਈ ਕਿਰਿਆਸ਼ੀਲ ਰਹਿਣ ਵਿੱਚ ਸਹਾਇਤਾ ਕਰੇਗੀ ਤੇ ਕੰਮ ਦੌਰਾਨ ਤੁਹਾਨੂੰ ਚੁਸਤ ਅਤੇ ਜੋਸ਼ੀਲਾ ਰੱਖੇਗੀ। ਨੀਂਦ ਦਾ ਨਾ ਆਉਣਾ ਸਾਡੀ ਸਿਹਤ ’ਤੇ ਬੁਰਾ ਅਸਰ ਪਾਉਂਦਾ ਹੈ । ਕਦੇ-ਕਦੇ ਬੰਕ ਮਾਰੋ ਤੇ ਆਪਣੇ ਪਰਿਵਾਰ ਜਾਂ ਸਾਥੀਆਂ ਨਾਲ ਸਮਾਂ ਗੁਜ਼ਾਰੋ, ਪਹਾੜਾਂ ਵੱਲ ਹੋ ਤੁਰੋ। ਆਪਣੇ-ਆਪ ਨੂੰ ਤਾਜ਼ਾ ਕਰਨ ਲਈ ਸੰਗੀਤ ਸੁਣੋ। ਚੁਟਕੀਆਂ ਮਾਰੋ।

ਇਸਦੇ ਨਾਲ ਤੁਹਾਡਾ ਕੰਮ ਤੇ ਜੀਵਨ ਦੋਵੇਂ ਸੰਤੁਲਿਤ ਹੋਣਗੇ। ਯਾਦ ਰੱਖੋ, ਜੇ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਆਪਣੇ ਪਰਿਵਾਰ, ਦੋਸਤਾਂ ਤੇ ਨਜ਼ਦੀਕੀ ਲੋਕਾਂ ਨਾਲ ਬਿਤਾਉਣ ਲਈ ਲੋੜੀਂਦਾ ਸਮਾਂ ਨਹੀਂ ਪ੍ਰਾਪਤ ਕਰ ਰਹੇ ਹੋ ਤਾਂ ਤੁਹਾਡੇ ਯਤਨਾਂ ਦੇ ਨਤੀਜੇ ’ਤੇ ਕੋਈ ਵੀ ਤਾੜੀ ਮਾਰਨ ਵਾਲਾ ਨਹੀਂ ਮਿਲਣਾ। ਅਲੱਗ-ਥਲੱਗ ਪੈ ਇਕੱਲੇ ਰਹਿ ਜਾਵੋਗੇ ਇਹ ਪੱਕਾ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਅਨੰਦ ਲੈਂਦੇ ਹੋ ਤੇ ਆਪਣੀ ਸਰੀਰਕ ਜਾਂ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤੇ ਬਿਨਾਂ ਮਿਲ ਕੇ ਕੰਮ ਕਰਦੇ ਹੋ। ਕੰਮ ਦੇ ਨਾਲ-ਨਾਲ ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਹੀ ਅਸਲ ਜੀਵਨ ਕਲਾ ਹੈ।
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਬਲਜਿੰਦਰ ਜੌੜਕੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ