ਬੱਚਿਆਂ ਪ੍ਰਤੀ ਮਾਂ ਦੀ ਚਿੰਤਾ

ਬੱਚਿਆਂ ਪ੍ਰਤੀ ਮਾਂ ਦੀ ਚਿੰਤਾ

ਮਾਂ ਆਪਣੇ ਬੱਚਿਆਂ ਦੀ ਦੇਖਭਾਲ ਹੀ ਨਹੀਂ ਕਰਦੀ, ਸਗੋਂ ਉਨ੍ਹਾਂ ਦੇ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ਵਿੱਚ ਵੀ ਵੱਡੀ ਸਹਾਇਕ ਸਿੱਧ ਹੁੰਦੀ ਹੈ। ਵਿਲਕ ਰਿਹਾ ਬੱਚਾ ਆਪਣੀ ਮਾਂ ਦੇ ਜ਼ਰਾ ਜਿੰਨੇ ਪਿਆਰ-ਪੁਚਕਾਰ ਨਾਲ ਚੁੱਪ ਕਰ ਜਾਂਦਾ ਹੈ। ਛੋਟੀ-ਮੋਟੀ ਤਕਲੀਫ ਤਾਂ ਮਾਂ ਦੇ ਹੌਂਸਲਾ ਦੇਣ ਨਾਲ ਹੀ ਦੂਰ ਹੋ ਜਾਂਦੀ ਹੈ। ਮਾਂ ਦਾ ਨਿਰਛਲ ਪ੍ਰੇਮ, ਬੱਚੇ ਨੂੰ ਬਿਮਾਰੀ ਦੇ ਅਜਿਹੇ ਬੁਰੇ ਹਾਲਾਤ ’ਚੋਂ ਵੀ ਬਚਾ ਲੈਂਦਾ ਹੈ, ਜਦੋਂ ਕਈ ਵਾਰ ਵੱਡੇ ਤੋਂ ਵੱਡੇ ਡਾਕਟਰ ਵੀ ਹੱਥ ਖੜ੍ਹੇ ਕਰ ਜਾਂਦੇ ਹਨ। ਮਾਂ ਦੀ ਨਿੱਘੀ ਮਾਣਮੱਤੀ ਗੋਦ ’ਚ ਬੈਠਾ ਬੱਚਾ ਆਪਣੇ-ਆਪ ਨੂੰ ਸੰਸਾਰ ਦੇ ਸਭ ਦੁੱਖਾਂ-ਤਕਲੀਫਾਂ ਤੋਂ ਮੁਕਤ ਸਮਝਦਾ ਹੋਇਆ ਖੁਸ਼ੀ ਭਰੀਆਂ ਕਿਲਕਾਰੀਆਂ ਮਾਰਦਾ ਹੈ।

ਨਿਰਸੰਦੇਹ, ਜਿਨ੍ਹਾਂ ਲੋਕਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਇਹ ਉਨ੍ਹਾਂ ਦੇ ਬਚਪਨ ’ਚ ਪਏ ਬਿਮਾਰ ਵਿਚਾਰਾਂ ਦਾ ਹੀ ਪ੍ਰਭਾਵ ਹੁੰਦਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਕਈ ਰਿਸ਼ਤੇਦਾਰ ਤੇ ਗੁਆਂਢੀ ਬੱਚਿਆਂ ਦੇ ਮਨ ’ਚ ਇਹ ਵਿਚਾਰ ਭਰੀ ਰੱਖਦੇ ਹਨ ਕਿ ਸਰੀਰ ਤਾਂ ਬਿਮਾਰ ਹੁੰਦਾ ਹੀ ਰਹਿੰਦਾ ਹੈ।

ਜਦ ਬੱਚੇ ਦੇ ਮਨ ’ਚ ਇਸ ਤਰ੍ਹਾਂ ਦੇ ਵਿਚਾਰ ਘਰ ਕਰ ਜਾਂਦੇ ਹਨ ਤਾਂ ਕੋਈ ਨਾ ਕੋਈ ਅਜਿਹੀ ਬਿਮਾਰੀ ਉਸ ਨੂੰ ਜਕੜ ਲੈਂਦੀ ਹੈ ਜੋ ਸਾਰੀ ਉਮਰ ਉਸਦਾ ਖਹਿੜਾ ਨਹੀਂ ਛੱਡਦੀ। ਕਈ ਵਾਰ ਤਾਂ ਬੱਚੇ ਆਪਣੀ ਮਾਂ ਦੇ ਮਾਨਸਿਕ ਭੈਅ ਅਤੇ ਸ਼ੱਕ ਕਾਰਨ ਹੀ ਰੋਗੀ ਬਣੇ ਰਹਿੰਦੇ ਹਨ।

ਜੋ ਮਾਵਾਂ ਜਲਦੀ ਹੀ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਘਬਰਾ ਜਾਂਦੀਆਂ ਹਨ, ਉਨ੍ਹਾਂ ਨੂੰ ਇਹੀ ਸ਼ੱਕ ਸਤਾਉਂਦਾ ਰਹਿੰਦਾ ਹੈ ਕਿ ਬੱਚੇ ਨੂੰ ਕੋਈ ਅਜਿਹੀ ਬਿਮਾਰੀ ਨਾ ਲੱਗ ਜਾਵੇ ਜਿਸ ਨਾਲ ਉਸਨੂੰ ਕੋਈ ਖਤਰਾ ਪੈਂਦਾ ਹੋ ਜਾਵੇ। ਆਂਢ-ਗੁਆਂਢ ਦੇ ਕਿਸੇ ਬੱਚੇ ਨੂੰ ਲੱਗੀ ਸੱਟ ਦੀ ਖ਼ਬਰ ਸੁਣ ਕੇ ਅਜਿਹੀਆਂ ਮਾਵਾਂ ਦਾ ਝੱਟ ਤਰਾਹ ਨਿੱਕਲ ਜਾਂਦਾ ਹੈ ਅਤੇ ਉਨ੍ਹਾਂ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪੈਂਦਾ ਹੈ। ਇਸੇ ਗੱਲ ਦਾ ਸਿੱਧਾ ਅਸਰ ਉਨ੍ਹਾਂ ਦੇ ਮਾਸੂਮ ਬੱਚਿਆਂ ਉਪਰ ਪੈਂਦਾ ਹੈ। ਮਾਵਾਂ ਦੀਆਂ ਇਨ੍ਹਾਂ ਚਿੰਤਾਵਾਂ ਕਰਕੇ ਬੱਚਿਆਂ ਦਾ ਭੱਜਣਾ-ਨੱਠਣਾ ਅਤੇ ਦੁੜੰਗੇ ਲਾ ਕੇ ਖੇਡਣਾ ਦੁੱਭਰ ਹੋ ਜਾਂਦਾ ਹੈ। ਉਹ ਆਪਣੀਆਂ ਕਮਜ਼ੋਰ ਦਿਲ ਮਾਵਾਂ ਦੀਆਂ ਨਜ਼ਰਾਂ ’ਚ ਨਜ਼ਰਬੰਦ ਹੋ ਕੇ ਰਹਿ ਜਾਂਦੇ ਹਨ।

ਮੇਰਾ ਇੱਕ ਰਿਸ਼ਤੇਦਾਰ ਦੇ ਘਰ ਕਾਫੀ ਆਉਣਾ-ਜਾਣਾ ਹੈ। ਉਸ ਘਰ ਬੱਚਿਆਂ ਦੀ ਮਾਂ ਨੂੰ ਇਹੀ ਕਹਿੰਦੀਆਂ ਸੁਣਦਾ ਰਹਿੰਦਾ ਹਾਂ ਕਿ ਬੱਚਿਆਂ ਨੇ ਦਵਾਈ ਨਹੀਂ ਪੀਤੀ, ਇਹ ਕਮਜ਼ੋਰ ਹੁੰਦੇ ਜਾ ਰਹੇ ਹਨ ਅਤੇ ਨਾਲ ਦੀ ਨਾਲ ਹੀ ਉਹ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਦਵਾਈ ਵੀ ਦਿੰਦੀ ਰਹਿੰਦੀ ਹੈ। ਉਸ ਨੂੰ ਹਰ ਵੇਲੇ ਇਹ ਚਿੰਤਾ ਵੀ ਲੱਗੀ ਰਹਿੰਦੀ ਹੈ ਕਿ ਬੱਚਾ ਬਾਹਰ ਖੇਡਣ ਚਲਾ ਗਿਆ ਤਾਂ ਕਿਧਰੇ ਸੱਟ-ਫੇਟ ਹੀ ਨਾ ਲੱਗ ਜਾਵੇ।

ਮਾਂ ਦੀਆਂ ਇਨ੍ਹਾਂ ਸ਼ੰਕਾਵਾਂ ਕਾਰਨ ਪਰਿਵਾਰ ਦੇ ਬੱਚੇ ਤਾਂ ਕੀ ਘਰ ਦੇ ਵੱਡੇ ਮੈਂਬਰ ਵੀ ਹਰ ਵੇਲੇ ਛੂਈ-ਮੂਈ ਅਤੇ ਡਰੇ-ਡਰੇ ਰਹਿੰਦੇ ਹਨ।
ਜੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਇਸ ਦਾ ਉਪਾਅ ਹਰ ਵੇਲੇ ਦਵਾਈਆਂ ਦਿੰਦੇ ਰਹਿਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸੰਜਮ ’ਚ ਰੱਖਣਾ ਅਤੇ ਉਨ੍ਹਾਂ ਦੀ ਨਿਯਮਤ ਦੇਖਭਾਲ ਕਰਨਾ ਹੈ। ਸਭ ਤੋਂ ਜਰੂਰੀ ਹੈ ਕਿ ਬੱਚਿਆਂ ਦੇ ਮਨ ’ਚੋਂ ਬਿਮਾਰੀ ਦਾ ਡਰ ਕੱਢ ਦਿੱਤਾ ਜਾਵੇ ਤਾਂ ਹੀ ਉਹ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਦੇ ਹਨ। ਸਭ ਤੋਂ ਜ਼ਰੂਰੀ ਇਹ ਵੀ ਹੈ ਕਿ ਉਨ੍ਹਾਂ ਨੂੰ ਹੱਸਣਾ ਸਿਖਾਇਆ ਜਾਵੇ ਅਤੇ ਹੱਸਣ ਦਾ ਮਹੱਤਵ ਸਮਝਾਉਂਦਿਆਂ ਦੱਸਿਆ ਜਾਵੇ ਕਿ ਹੱਸਣਾ ਹੀ ਜ਼ਿੰਦਗੀ ਹੈ।

ਜੇ ਉਹ ਹੱਸਣਗੇ ਤਾਂ ਨਾ ਸਿਰਫ ਸਰੀਰਕ ਤੌਰ ’ਤੇ ਸਗੋਂ ਮਾਨਸਿਕ ਤੌਰ ’ਤੇ ਵੀ ਉਨ੍ਹਾਂ ਦਾ ਵਿਕਾਸ ਹੋਵੇਗਾ। ਅਜਿਹੀ ਸੋਚ ਦੇ ਧਾਰਨੀ ਬੱਚਿਆਂ ’ਚ ਨਰੋਆ ਆਤਮ-ਵਿਸ਼ਵਾਸ ਪੈਦਾ ਹੋਵੇਗਾ ਅਤੇ ਉਹ ਆਪਣੇ ਹੱਥੀਂ ਆਪਣਾ ਭਵਿੱਖ ਸੰਵਾਰਨ ਅਤੇ ਚੜ੍ਹਦੀਆਂ ਕਲਾਂ ’ਚ ਰਹਿ ਕੇ ਹੱਸਦਿਆਂ-ਖੇਡਦਿਆਂ, ਲੱੁਡੀਆਂ ਪਾਉਂਦਿਆਂ ਆਪਣੀ ਜ਼ਿੰਦਗੀ ਦੇ ਬਿੱਖੜੇ ਪੈਂਡੇ ਸਰ ਕਰ ਸਕਣਗੇ। ਬਚਪਨ ਤੋਂ ਹੀ ਬੱਚੇ ਦੇ ਮਨ ਅੰਦਰ ਅਨੰਦਮਈ ਵਿਚਾਰਾਂ ਦਾ ਸੰਚਾਰ ਕੀਤਾ ਜਾਣਾ ਚਾਹੀਦਾ ਹੈ। ਜਦੋਂ ਬੱਚੇ ਅੰਦਰ ਮਾਂ ਦੀ ਭੈਅ-ਮੁਕਤ ਅਤੇ ਸੁਚੱਜੀ ਜੀਵਨਸ਼ੈਲੀ ਦਾ ਪ੍ਰਭਾਵ ਦ੍ਰਿੜ ਹੋ ਜਾਵੇਗਾ ਤਾਂ ਉਸ ਦਾ ਭਵਿੱਖ ਆਸ਼ਾਮਈ ਰੌਸ਼ਨੀਆਂ ਨਾਲ ਜਗਮਗਾ ਉੱਠੇਗਾ।

ਉਹ ਸਦੀਵੀ ਤੌਰ ’ਤੇ ਚਿੰਤਾ, ਨਿਰਾਸ਼ਾ ਅਤੇ ਹੀਣਭਾਵਨਾ ਜਿਹੀਆਂ ਨਕਾਰਾਤਮਕ ਸੋਚਾਂ ’ਚੋਂ ਉੱਭਰ ਕੇ ਨਿੱਡਰਤਾ ਨਾਲ ਅੱਗੇ ਵਧਣ ਦਾ ਹੌਂਸਲਾ ਕਰ ਸਕੇਗਾ। ਸੁੱਘੜ ਅਤੇ ਦੂਰਅੰਦੇਸ਼ੀ ਮਾਵਾਂ ਨੂੰ ਆਪਣੇ ਦਿਲ ਦੀਆਂ ਅਥਾਹ ਡੂੰਘਾਣਾ ’ਚੋਂ ਕੀਤੇ ਨਿਰਛਲ ਪਿਆਰ ਦੁਆਰਾ ਆਪਣੀ ਤੰਦਰੁਸਤ ਬੌਧਿਕ ਸ਼ਕਤੀ ਦਾ ਪ੍ਰਭਾਵ ਆਪਣੇ ਬੱਚਿਆਂ ਦੇ ਮਨ ’ਤੇ ਪਾਉਂਦੇ ਰਹਿਣਾ ਚਾਹੀਦਾ ਹੈ। ਇਹ ਮਾਂ ਵੱਲੋਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਦਿੱਤੀ ਸਕਾਰਾਤਮਕ ਸੇਧ ਹੁੰਦੀ ਹੈ ਜੋ ਜ਼ਿੰਦਗੀ ਭਰ ਉਨ੍ਹਾਂ ਦੇ ਰਾਹਾਂ ਨੂੰ ਰੁਸ਼ਨਾਉਂਦੀ ਰਹਿੰਦੀ ਹੈ।
ਗੁਰੂ ਅਰਜਨ ਦੇਵ ਨਗਰ,
ਫਰੀਦਕੋਟ।
ਸੰਤੋਖ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ