5 ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਹੋਇਆ ਪਰਚਾ 

Ludhiana News ​

ਬਿੱਟੂ, ਆਸ਼ੂ, ਤਲਵਾੜ ਤੇ ਅਰੋੜਾ ਸਣੇ 5 ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਹੋਇਆ ਪਰਚਾ 

ਮਾਮਲਾ: ਨਗਰ ਨਿਗਮ ਦਫਤਰ ਨੂੰ ਤਾਲਾ ਲਗਾ ਕੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦਾ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਥਾਣਾ ਕੋਤਵਾਲੀ ਲੁਧਿਆਣਾ ਦੀ ਪੁਲਿਸ ਨੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਣੇ ਪੰਜ ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਨਗਰ ਨਿਗਮ ਲੁਧਿਆਣਾ ਜੋਨ- ਏ ਦਫਤਰ ਦੇ ਚੌਂਕੀਦਾਰ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ’ਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਤੇ ਸ਼ਾਮ ਸੁੰਦਰ ਅਰੋੜਾ ਸਾਬਕਾ ਡਿਪਟੀ ਮੇਅਰ ਲੁਧਿਆਣਾ ਸਮੇਤ 50-60 ਅਣਪਛਾਤੇ ਕਾਂਗਰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Ludhiana News ​

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਗਰ ਨਿਗਮ ਜੋਨ ਏ ਦੇ ਚੌਂਕੀਦਾਰ ਅਮਿਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ 27 ਫਰਵਰੀ ਨੂੰ ਰੋਜ਼ਾਨਾ ਦੇ ਵਾਂਗ ਆਪਣੀ ਡਿਊਟੀ ’ਤੇ ਤਾਇਨਾਤ ਸੀ ਇਸ ਦੌਰਾਨ ਤਕਰੀਬਨ ਸਾਢੇ ਕੁ 11 ਵਜੇ ਕਾਰਪੋਰੇਸ਼ਨ ਦਫਤਰ ਦੇ ਮੇਨ ਗੇਟ ’ਤੇ ਪਹੁੰਚੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਤੇ ਸ਼ਾਮ ਸੁੰਦਰ ਅਰੋੜਾ ਸਾਬਕਾ ਡਿਪਟੀ ਮੇਅਰ ਸਮੇਤ 50- 60 ਦੇ ਕਰੀਬ ਨਾ ਮਾਲੂਮ ਲੋਕਾਂ ਨੇ ਉਸ ਨੂੰ ਧੱਕੇ ਮਾਰੇ ਅਤੇ ਜ਼ਬਰਦਸਤੀ ਕਾਰਪੋਰੇਸ਼ਨ ਦੇ ਦਫਤਰ ਵਿੱਚ ਦਾਖਲ ਹੋ ਗਏ ਇਸ ਉਪਰੰਤ ਉਕਤਾਨ ਨੇ ਕਾਰਪੋਰੇਸ਼ਨ ਦੇ ਦਫਤਰ ਨੂੰ ਜਬਰੀ ਤਾਲਾ ਲਗਾਇਆ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ, ਇੱਥੋਂ ਤੱਕ ਕਿ ਪ੍ਰਦਰਸ਼ਨਕਾਰੀਆਂ ਨੇ ਆਪਣੇ ਕੰਮਕਾਰ ਕਰਵਾਉਣ ਲਈ ਆਉਣ ਵਾਲੇ ਆਮ ਲੋਕਾਂ ਨੂੰ ਵੀ ਦਫਤਰ ਅੰਦਰ ਦਾਖਲ ਨਹੀਂ ਹੋਣ ਦਿੱਤਾ। Ludhiana News ​

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਾਰਕੋ ਤਸਕਰੀ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼

ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਕਾਂਗਰਸੀਆਂ ਨੇ ਨਗਰ ਨਿਗਮ ਵਿੱਚ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਹੋਣ ਦੀ ਗੱਲ ਆਖਦਿਆਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਅਤੇ ਸ਼ਾਮ ਸੁੰਦਰ ਅਰੋੜਾ ਸਾਬਕਾ ਡਿਪਟੀ ਮੇਅਰ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਜੋਨ- ਏ ਦਫਤਰ ਨੂੰ ਜਿੰਦਰਾ ਲਗਾਇਆ ਸੀ। ਭਾਵੇਂ ਕਾਂਗਰਸੀਆਂ ਵੱਲੋਂ ਲਾਏ ਗਏ ਤਾਲੇ ਨੂੰ ਦਫਤਰ ਦੇ ਮੁਲਾਜ਼ਮਾਂ ਵੱਲੋਂ ਕੁਝ ਸਮੇਂ ਅੰਦਰ ਹੀ ਕਟਰ ਨਾਲ ਕੱਟ ਕੇ ਖੋਲ੍ਹ ਦਿੱਤਾ ਗਿਆ ਬਾਵਜੂਦ ਇਸਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਥਾਣਾ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਚੌਂਕੀਦਾਰ ਅਮਿਤ ਕੁਮਾਰ ਦੇ ਬਿਆਨਾਂ ’ਤੇ ਉਕਤ ਕਾਰਵਾਈ ਕੀਤੀ ਗਈ ਹੈ ਜਿਸ ਵਿਚ ਅੱਗੇ ਜਾਂਚ ਚੱਲ ਰਹੀ ਹੈ।