ਬੇਨੜਾ ਫਾਟਕ ਨੇੜੇ ਰੇਲਵੇ ਲਾਈਨ ’ਤੇ ਬੈਠੇ ਆਗੂ (Bhana Sidhu)
(ਗੁਰਪ੍ਰੀਤ ਸਿੰਘ) ਸੰਗਰੂਰ। ਯੂ ਟਿਊਬਰ ਭਾਨਾ ਸਿੱਧੂ (Bhana Sidhu) ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਧੂਰੀ ਵਿਖੇ ਹੋਣ ਵਾਲਾ ਰੋਸ ਪ੍ਰਦਰਸ਼ਨ ਪੁਲਿਸ ਵੱਲੋਂ ਅਸਫ਼ਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਦੋਹਲਾ ਫਾਟਕ ਨੇੜੇ ਪੁੱਜੇ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਤਾ ਲੱਗਿਆ ਹੈ ਇਸ ਤੋਂ ਇਲਾਵਾ ਕਈ ਆਗੂ ਬੇਨੜਾ ਰੇਲਵੇ ਫਾਟਕ ’ਤੇ ਲਾਈਨ ’ਤੇ ਬੈਠ ਗਏ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਮੁਤਾਬਕ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਯੂ ਟਿਊਬਰ ਭਾਨਾ ਸਿੱਧੂ ਦੀ ਹਮਾਇਤ ਕਰਦਿਆਂ ਉਸ ’ਤੇ ਦਰਜ਼ ਕੀਤੇ ਗਏ ਪਰਚਿਆਂ ਖਿਲਾਫ਼ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਸੀ ਤੈਅ ਕੀਤੇ ਪ੍ਰੋਗਰਾਮ ਦੌਰਾਨ ਜਿਉਂ ਹੀ ਪਾਰਟੀ ਆਗੂ ਦੋਹਲਾ ਫਾਟਕ ਨੇੜੇ ਪੁੱਜੇ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਕੋਈ ਵੀ ਰੋਸ ਪ੍ਰਦਰਸ਼ਨ ਕਰਨ ਨਹੀਂ ਦਿੱਤਾ। (Bhana Sidhu)
ਇਹ ਵੀ ਪੜ੍ਹੋ: ਐਸ.ਐਸ.ਪੀ ਖੱਖ ਦੀ ਅਗਵਾਈ ‘ਚ ਤੇਜਸਵੀ ਵਾਸ਼ਿਸ਼ਟ ਨੂੰ ਇੱਕ ਦਿਨ ਲਈ ਐਸਐਸਪੀ ਬਣਾਇਆ
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਵੀ ਪੁਲਿਸ ਵੱਲੋਂ ਕਿਸੇ ਹੋਰ ਥਾਂ ਤੋਂ ਪਹਿਲਾਂ ਹੀ ਨਜ਼ਰਬੰਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਗੁਰਨੈਬ ਸਿੰਘ ਰਾਮਪੁਰਾ, ਜੱਸਾ ਸਿੰਘ ਮਾਣਕੀ, ਮਲਕੀਤ ਸਿੰਘ ਮਹਿਲ ਕਲਾਂ , ਬਲਦੇਵ ਸਿੰਘ ਗੰਗੋਹਰ, ਅੰਮ੍ਰਿਤਪਾਲ ਸਿਘ ਨੂੰ ਪੁਲਿਸ ਨੇ ਧੂਰੀ ਨੇੜਿਓਂ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੀ ਕਾਰਵਾਈ ਤੋਂ ਖਫ਼ਾ ਮਾਨ ਦਲ ਦੇ ਆਗੂਆਂ ਨੇ ਬੇਨੜਾ ਫਾਟਕ ਨੇੜੇ ਰੇਲਵੇ ਲਾਈਨ ’ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਰੋਸ ਪ੍ਰਦਰਸ਼ਨ ਨੂੰ ਅਸਫਲ ਕਰਨ ਲਈ ਧੂਰੀ ਵਿਖੇ ਥਾਂ-ਥਾਂ ਤੇ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਸਨ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਪੂਰੀ ਸਰਗਰਮੀ ਨਾਲ ਮਾਨ ਦਲ ਦੇ ਆਗੂਆਂ ਦੀ ਭਾਲ ਕੀਤੀ ਜਾ ਰਹੀ ਹੈ।