ਮਾਹਿਰਾਂ ਵੱਲੋਂ ਕੇਂਦਰ ਸਰਕਾਰ ਦਾ ਅੰਤਰਿਮ ਬਜਟ ‘ਗੱਲਾਂ ਦਾ ਕੜਾਹ’ ਕਰਾਰ

Budget
ਬਲਵਿੰਦਰ ਸਿੰਘ ਟਿਵਾਣਾ, ਫੋਟੋਂ ਜਗਮੋਹਨ ਸਿੰਘ

ਨਾ ਨੌਜਵਾਨੀ, ਨਾ ਕਿਸਾਨੀ , ਨਾ ਮਹਿਲਾਵਾਂ ਤੇ ਨਾ ਹੀ ਮਜ਼ਦੂਰਾਂ ਸਬੰਧੀ ਕੋਈ ਰੋਡ ਮੈਪ

ਸੰਯੁਕਤ ਕਿਸਾਨ ਮੋਰਚੇ ਨੇ ਵੀ ਬਜ਼ਟ ਨੂੰ ਨਿਰਾਸ਼ਾਜਨਕ ਆਖ ਕੇ ਭੰਡਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਮੋਦੀ ਸਰਕਾਰ ਦਾ ਅੱਜ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਅਰਥ ਸਾਸਤਰੀਆਂ ਵੱਲੋਂ ਗੱਲਾਂ ਦਾ ਕੜਾਹ ਬਣਾਉਣਾ ਹੀ ਕਰਾਰ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਅਰਥ ਸਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਇਹ ਫੁੱਲ ਬਜਟ ਨਹੀਂ ਹੈ, ਜਿਸ ਕਾਰਨ ਹੀ ਇਸ ਬਜਟ ਵਿੱਚ ਖ਼ਜ਼ਾਨਾ ਮੰਤਰੀ ਵੱਲੋਂ ਵਿਕਸਿਤ ਭਾਰਤ ਦੀ ਗੱਲ ਜ਼ਰੂਰ ਕੀਤੀ ਗਈ ਹੈ, ਪਰ ਇਸ ਨੂੰ ਪੂਰਾ ਕਰਨ ਦਾ ਰੋਡ ਮੈਂਪ ਨਹੀਂ ਦੱਸਿਆ ਗਿਆ। Budget

ਅੰਤਰਿਮ ਬਜਟ ਵਿੱਚ ਇਨਕਮ ਟੈਕਸ ਦੀ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ

ਉਨ੍ਹਾਂ ਕਿਹਾ ਕਿ ਇਸ ਅੰਤਰਿਮ ਬਜਟ ਵਿੱਚ ਇਨਕਮ ਟੈਕਸ ਦੀ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਜਿਸ ਕਾਰਨ ਨਾ ਕਿਸੇ ਨੂੰ ਰਾਹਤ ਮਿਲੀ ਹੈ ਅਤੇ ਨਾ ਕਿਸੇ ’ਤੇ ਭਾਰ ਪਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਜ਼ਰੂਰ ਕੀਤੀ ਗਈ ਹੈ, ਪਰ ਉਨ੍ਹਾਂ ਨੂੰ ਇਹ ਨੌਕਰੀਆਂ ਕਿੱਥੋਂ ਅਤੇ ਕਿਵੇਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। Budget

ਕਿਸਾਨਾਂ ਦੀ ਐੱਮਐੱਸਪੀ ਦੀ ਗਾਰੰਟੀ ਸਬੰਧੀ ਕੁਝ ਸਪੱਸ਼ਟ ਨਹੀਂ ਕੀਤਾ ਗਿਆ। ਔਰਤਾਂ ਦੀ ਮਜ਼ਬੂਤੀ ਦੀ ਗੱਲ ਕੀਤੀ ਗਈ ਹੈ ਅਤੇ ਔਰਤਾਂ ਲਈ ਕੀ ਕਦਮ ਚੁੱਕੇ ਜਾਣਗੇ, ਇਹ ਕੁਝ ਤਹਿ ਨਹੀਂ ਹੈ। ਗਰੀਬਾਂ ਲਈ ਦੋ ਕਰੋੜ ਘਰ ਬਣਾਉਣ ਦੀ ਗੱਲ ਆਖੀ ਗਈ ਹੈ। ਸ੍ਰੀ ਟਿਵਾਣਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਲੋਕਾਂ ਅੱਗੇ ਪਰੋਸੀਆਂ ਗਈਆਂ ਹਨ, ਪਰ ਇਨ੍ਹਾਂ ਨੂੰ ਨੇਪਰੇ ਚੜ੍ਹਾਉਣ ਦੀ ਕੋਈ ਵਿਧੀ ਨਹੀਂ ਦੱਸੀ ਗਈ।

Budget
ਬਲਵਿੰਦਰ ਸਿੰਘ ਟਿਵਾਣਾ, ਫੋਟੋਂ ਜਗਮੋਹਨ ਸਿੰਘ

ਬਜਟ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਨਕਾਰ ਦਿੱਤਾ (Budget)

ਇੱਧਰ ਇਸ ਬਜਟ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਨਕਾਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਜਗਮੋਹਨ ਸਿੰਘ ਪਟਿਆਲਾ ਅਤੇ ਡਾ. ਦਰਸ਼ਨ ਪਾਲ ਦਾ ਕਹਿਣਾ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਇਹ ਬਜਟ ਨਿਰਾਸ਼ਾਜਨਕ ਹੈ। ਕਿਸਾਨਾਂ ਨੂੰ ਆਪਣੀਆਂ ਫਸਲਾਂ ਲਈ ਖਾਦ, ਦਵਾਈਆਂ ਆਦਿ ’ਤੇ ਕੋਈ ਸਬਸਿਡੀ ਨਹੀਂ ਦਿੱਤੀ ਗਈ ਅਤੇ ਨਾ ਹੀ ਮੁੱਖ ਮੰਗ ਐੱਮਐੱਸਪੀ ਸਬੰਧੀ ਕੋਈ ਗਾਰੰਟੀ ਦਿੱਤੀ ਗਈ ਹੈ। ਮਜ਼ਦੂਰ ਵਰਗ ਲਈ ਮਨਰੇਗਾ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਿੱਚ ਕਟੌਤੀ ਕਰਨ ਦੀ ਕੋਈ ਗੱਲ ਨਹੀਂ ਆਖੀ ਗਈ। ਉਨ੍ਹਾਂ ਕਿਹਾ ਕਿ ਨਵੀਂ ਸੰਸਦ ਵਿੱਚ ਪੁਰਾਣੀਆਂ ਦਰਾਂ ’ਤੇ ਬਜਟ ਪੇਸ਼ ਕਰਕੇ ਸਿਰਫ਼ 2024 ਦੀਆਂ ਚੋਣਾਂ ’ਤੇ ਧਿਆਨ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਸ ਬਜਟ ਨੂੰ ਨਕਾਰ ਦਿੱਤਾ ਗਿਆ ਹੈ।