…ਜਦੋਂ ਬਜ਼ੁਰਗ ਪਿਤਾ ਨੇ ਨੌਜਵਾਨ ਪੁੱਤਰ ਦੀਆਂ ਅੱਖਾਂ ਦਾਨ ਕਰਨ ਦਾ ਜੇਰਾ ਵਿਖਾਇਆ

(ਸੁਖਜੀਤ ਮਾਨ) ਕੋਟਕਪੂਰਾ। ਮੇਰਾ ਪੁੱਤ ਤਾਂ ਹੁਣ ਚਲਾ ਗਿਆ, ਪਰ ਉਹਦੀਆਂ ਅੱਖਾਂ ਦਾਨ ਜ਼ਰੂਰ ਕਰ ਦਿੱਤੀਆਂ ਜਾਣ। ਇਹ ਭਾਵੁਕ ਪ੍ਰਗਟਾਵਾ ਪ੍ਰਦੀਪ ਸਿੰਘ ਇੰਸਾਂ ਦੇ ਪਿਤਾ ਜਸਪਾਲ ਸਿੰਘ ਇੰਸਾਂ ਦਾ ਹੈ, ਜਿਸਨੇ ਕੱਲ੍ਹ ਆਪਣੇ ਗੱਭਰੂ ਪੁੱਤ ਦਾ ਕਤਲ ਹੋਣ ਦੇ ਬਾਵਜ਼ੂਦ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੰਦਿਆਂ ਕਿਹਾ ਕਿ ਉਸਦੇ ਪੁੱਤ ਦੀਆਂ ਅੱਖਾਂ ਦਾਨ ਕੀਤੀਆਂ ਜਾਣ।

ਵੇਰਵਿਆਂ ਮੁਤਾਬਿਕ ਪ੍ਰਦੀਪ ਇੰਸਾਂ ਦਾ ਕੱਲ੍ਹ ਸਵੇਰੇ ਉਸ ਦੀ ਦੁਕਾਨ ’ਤੇ 6 ਅਣਪਛਾਤਿਆਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਨੌਜਵਾਨ ਪੁੱਤ ਦੀ ਮੌਤ ਮਗਰੋਂ ਜਿਸ ਵੇਲੇ ਮਾਪਿਆਂ ਦਾ ਰੋਂਦਿਆਂ-ਕੁਰਲਾਉਂਦਿਆਂ ਦਾ ਦਰਦ ਝੱਲਿਆ ਨਹੀਂ ਜਾ ਰਿਹਾ ਸੀ ਤਾਂ ਉਸ ਵੇਲੇ ਵੀ ਪ੍ਰਦੀਪ ਦੇ ਬਿਰਧ ਪਿਤਾ ਨੇ ਜ਼ਿੰਮੇਵਾਰਾਂ ਨੂੰ ਕਿਹਾ ਕਿ ਮੇਰਾ ਪੁੱਤ ਤਾਂ ਹੁਣ ਚਲਾ ਗਿਆ, ਪਰ ਉਹਦੀਆਂ ਅੱਖਾਂ ਦਾਨ ਜ਼ਰੂਰ ਕਰ ਦਿੱਤੀਆਂ ਜਾਣ। ਪ੍ਰਦੀਪ ਇੰਸਾਂ ਨੇ ਵੀ ਜਿਉਂਦੇ ਜੀਅ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਪ੍ਰਦੀਪ ਦੇ ਉਸ ਪ੍ਰਣ ਨੂੰ ਬਿਰਧ ਪਿਤਾ ਨੇ ਉਸ ਵੇਲੇ ਯਾਦ ਕਰਵਾਇਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਦੁੱਖ ਦੀ ਇਸ ਘੜੀ ’ਚ ਵੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦਾ ਪੱਲਾ ਨਹੀਂ ਛੱਡਿਆ।


ਇਸ ਮੌਕੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਜਦੋਂ ਸਾਧ-ਸੰਗਤ ਨੂੰ ਪ੍ਰਦੀਪ ਸਿੰਘ ਇੰਸਾਂ ਦੇ ਪਿਤਾ ਜਸਪਾਲ ਸਿੰਘ ਇੰਸਾਂ ਵੱਲੋਂ ਦਿਖਾਏ ਜਜ਼ਬੇ ਬਾਰੇ ਦੱਸਿਆ ਤਾਂ ਉੱਥੇ ਮੌਜ਼ੂਦ ਹਰ ਡੇਰਾ ਸ਼ਰਧਾਲੂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਕਿਹਾ ਕਿ ਕਿਸੇ ਲਈ ਅੱਖਾਂ ਦਾਨ ਕਰਨ ਵਾਲਾ ਬੇਅਦਬੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਕਰਨੀ ਤਾਂ ਦੂਰ ਦੀ ਗੱਲ ਹੈ

ਅਰਥੀ ਚੁੱਕਣ ਵੇਲੇ ਪਰਿਵਾਰ ਨੇ ਲਾਏ ਨਾਅਰੇ

ਪ੍ਰਦੀਪ ਇੰਸਾਂ ਦੀ ਮਿ੍ਰਤਕ ਦੇਹ ਨੂੰ ਜਦੋਂ ਨਾਮ ਚਰਚਾ ਘਰ ’ਚੋਂ ਅੰਤਿਮ ਸਸਕਾਰ ਲਈ ਲਿਜਾਣ ਲੱਗੇ ਤਾਂ ਪਰਿਵਾਰਕ ਮੈਂਬਰਾਂ ਪਿਤਾ ਜਸਪਾਲ ਸਿੰਘ, ਮਾਤਾ ਸ਼ਿਮਲਾ ਰਾਣੀ, ਪਤਨੀ ਸਿਮਰਨ ਕੌਰ, ਬੇਟੀ ਨਵਜੋਤ ਕੌਰ, ਬੇਟੇ ਰੁਸਤਮ ਤੇ ਐਸ਼ਮੀਤ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਅਕਾਸ਼ ਗੁੰਜਾਊ ਨਾਅਰੇ ਲਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ