ਮਨਜਿੰਦਰ ਸਰਸਾ ਪਿੱਛੋਂ ਬਿਕਰਮ ਮਜੀਠੀਆ ਵੀ ਜੇ ਭਾਜਪਾ ’ਚ ਚਲਾ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ : ਵੜਿੰਗ

Raja Warring Sachkahoon

ਮਨਜਿੰਦਰ ਸਰਸਾ ਪਿੱਛੋਂ ਬਿਕਰਮ ਮਜੀਠੀਆ ਵੀ ਜੇ ਭਾਜਪਾ ’ਚ ਚਲਾ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ : ਵੜਿੰਗ

(ਕੁਲਵੰਤ ਕੋਟਲੀ) ਖਰੜ/ਮੋਹਾਲੀ। ਖਰੜ ਵਿੱਚ ਨਵੇਂ ਬਣਨ ਵਾਲੇ ਮਾਡਰਨ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਪੁੱਜੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਨੂੰ ਲੈ ਕਰੜੇ ਹੱਥੀਂ ਲਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਸ਼ਾਮਲ ਨੂੰ ਲੈ ਕੇ ਕਿਹਾ ਕਿ ਇਸ ਪਿੱਛੋਂ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਦਾ ਪਰਦਾਫਾਸ਼ ਹੋ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਵੀ ਉਹੀ ਰਾਹ ਫੜਦਿਆਂ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

ਵੜਿੰਗ ਨੇ ਕਿਹਾ ਕਿ ਅਕਾਲੀ ਆਗੂ ’ਤੇ ਨਿਸ਼ਾਨਾ ਬਿੰਨ੍ਹਦਿਆਂ ਕਿਹਾ ਕਿ ਕਿਸੇ ਵੀ ਸਮੇਂ ਮਜੀਠੀਆ ਦੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਖਬਰ ਆ ਸਕਦੀ ਹੈ । ਸਿਰਸਾ ਦੀ ਬਰਖਾਸਤਗੀ ‘ਤੇ ਅਕਾਲੀਆਂ ਵਲੋਂ ਹੁਣ ਝੂਠੇ ਹੰਝੂ ਵਹਾਉਣਾ ਇੱਕ ਸ਼ਰਮਨਾਕ ਗੱਲ ਹੈ ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਉਨ੍ਹਾਂ ਨੇ ‘ਆਪ’ ’ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਬੁਰੀ ਤਰ੍ਹਾਂ ਬੁਖ਼ਲਾਈ ਹੋਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਿਸੋਦੀਆ ਵਰਗੇ ਆਗੂ ਸਕੂਲ ‘ਚ ਟਾਇਲਟ ਦਾ ਨਿਰੀਖਣ ਕਰਨ ਜਹੇ ਦਿਖਾਵੇ ਕਰਨ ਲਈ ਮਜ਼ਬੂਰ ਹਨ।

ਉਨ੍ਹਾਂ ਕਿਹਾ, ਸ਼੍ਰੋਮਣੀ ਅਕਾਲੀ ਦਲ ਪਾਟੋ-ਧਾੜ ਹੋ ਗਿਆ ਹੈ ਅਤੇ ਤੁਸੀਂ ਦੇਖੋਗੇ ਕਿ ਉਹ ਵੀ ਪੰਜਾਬ ਵਿੱਚ ਕੇਜਰੀਵਾਲ ਦੇ ਝਾੜੂ ਵਾਂਗ ਖਿੱਲਰ ਜਾਵੇਗਾ।’ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਸਾਡੇ ਮੁੱਖ ਮੰਤਰੀ ਦੇ ਦੋ ਮਹੀਨਿਆਂ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰ ਰਹੀ ਹੈ ,ਪਰ ਸਾਰੀਆਂ ਵਿਰੋਧੀ ਪਾਰਟੀਆਂ ਚਿੰਤਤ ਹਨ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਉਨਾਂ ਕੋਲ ਕਾਂਗਰਸ ਵਿਰੋਧ ਕਰਨ ਲਈ ਕੋਈ ਵੀ ਮੁੱਦਾ ਬਾਕੀ ਨਹੀਂ ਛੱਡਿਆ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਬਾਦਲਾਂ ਵਰਗੇ ਟੈਕਸ ਅਪਰਾਧੀਆਂ ਨੂੰ ਕਾਬੂ ਕਰਨ ਦੀ ਖੁੱਲ ਦਿੱਤੀ ਹੈ ਤਾਂ ਜੋ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧੇ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵਿਭਾਗ ਦੇ ਪ੍ਰਤੀ ਦਿਨ ਮਾਲੀਏ ਨੂੰ 1.05 ਕਰੋੜ ਤੋਂ ਵਧਾ ਕੇ 1.50 ਕਰੋੜ (ਪ੍ਰਤੀ ਦਿਨ) ਕਰਨਾ ਹੈ।

6.57 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਬੱਸ ਸਟੈਂਡ ਦਾ ਰੱਖਿਆ ਨੀਂਹ ਪੱਥਰ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਖਰੜ ਵਿਖੇ 6.57 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੁਪਨਮਈ ਪ੍ਰੋਜੈਕਟ-ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣ ਵਾਲਾ ਆਉਣ ਵਾਲਾ ਹਾਈ-ਟੈਕ ਬੱਸ ਸਟੈਂਡ ਸ਼ਹਿਰ ਦੇ ਮੱਧ ’ਚ ਪੰਚਾਇਤ ਸੰਮਤੀ ਦੀ ਜਮੀਨ ਦੀ 16 ਕਨਾਲ ਜਮੀਨ ’ਤੇ ਵਿਕਸਿਤ ਕੀਤਾ ਜਾਵੇਗਾ। ਪਿਛਲੇ ਸਾਢੇ ਚਾਰ ਸਾਲਾਂ ਤੋਂ ਲਟਕ ਰਹੇ ਇਸ ਅਤਿ ਲੋੜੀਂਦੇ ਪ੍ਰਾਜੈਕਟ ਨੂੰ ਮੁੜ ਸੁਰਜੀਤ ਕਰਨ ਦਾ ਸਿਹਰਾ ਮੁੱਖ ਮੰਤਰੀ ਨੂੰ ਦਿੰਦਿਆਂ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਬਹੁਤ ਹੀ ਨਿਮਰ ਪਿਛੋਕੜ ਵਾਲੇ ਹਨ ਤੇ ਉਹ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਇੱਛਾਵਾਂ ਨੂੰ ਮੰਨਦੇ ਹਨ।

ਨਵੇਂ ਬੱਸ ਸਟੈਂਡ ’ਚ ਖਾਸ ਤੌਰ ’ਤੇ ਬਜ਼ੁਰਗਾਂ ਲਈ ਬੱਸਾਂ ’ਚ ਯਾਤਰੀਆਂ ਦੇ ਦਾਖਲੇ ਨੂੰ ਸੁਚਾਰੂ ਬਣਾਉਣ ਲਈ 5 ਬੇਅ ਹੋਣਗੇ, 34 ਦੁਕਾਨਾਂ ਤੋਂ ਇਲਾਵਾ ਇੱਕ ਕੈਫੇਟੇਰੀਆ, ਪੀਣ ਵਾਲੇ ਸਾਫ ਪਾਣੀ ਅਤੇ ਟਾਇਲਟ ਦੀਆਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਤੋਂ ਇਲਾਵਾ ਵੱਖ-ਵੱਖ ਮਰਦ ਅਤੇ ਔਰਤਾਂ ਲਈ ਆਰਾਮ ਕਰਨ ਲਈ ਕਮਰੇ ਅਤੇ ਸਹੀ ਸੰਕੇਤਾਂ ਵਾਲੇ ਕੈਬਿਨ ਹੋਣਗੇ। ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਦਾ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਕੰਪਲੈਕਸ ਦੇ ਅੰਦਰ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨਮੋਹਨ ਸਿੰਘ ਮੁੱਖ ਮੰਤਰੀ ਦੇ ਵੱਡੇ ਭਰਾ, ਡਾਇਰੈਕਟਰ ਟਰਾਂਸਪੋਰਟ ਪਰਮਜੀਤ ਸਿੰਘ, ਏਡੀਸੀ ਮੁਹਾਲੀ ਕੋਮਲ ਮਿੱਤਲ ਅਤੇ ਇਲਾਕੇ ਦੀਆਂ ਉੱਘੀਆਂ ਸਖਸੀਅਤਾਂ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ