ਮੀਤ ਹੇਅਰ ਵੱਲੋਂ ਜਲ ਸਰੋਤ ਵਿਭਾਗ ਦੇ ਚੱਲ ਰਹੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ

ਜਲ ਸਰੋਤ ਮੰਤਰੀ ਨੇ ਨਵੇਂ ਅਲਾਟ ਹੋਏ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ

(ਅਸ਼ਵਨੀ ਚਾਵਲਾ) ਚੰਡੀਗੜ। ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਅਤੇ ਇਨਾਂ ਦੇ ਫੰਡਾਂ ਦੀ ਢੁਕਵੀਂ ਅਤੇ ਸੁਚੱਜੀ ਵਰਤੋਂ ਕਰਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਨਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਅਲਾਟ ਹੋਏ ਜਲ ਸਰੋਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਕੀਤੀ ਪਲੇਠੀ ਮੀਟਿੰਗ ਮੌਕੇ ਕੀਤਾ। ਮੀਟਿੰਗ ਵਿੱਚ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ, ਕੰਢੀ ਨਹਿਰ, ਰਾਜਸਥਾਨ ਫੀਡਰ, ਸਰਹਿੰਦ ਫੀਡਰ ਅਤੇ ਲਾਹੌਰ ਬ੍ਰਾਂਚ ਦੀ ਲਾਈਨਿੰਗ ਨਾਲ ਸਬੰਧਤ ਪ੍ਰਮੁੱਖ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਨਾਂ ਮਹੱਤਵਪੂਰਨ ਕਾਰਜਾਂ ਦਾ ਲਾਭ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ।

ਵਿਕਾਸ ਕਾਰਜਾਂ ਲਈ ਬਜਟ ਦੀ ਵਰਤੋਂ ਦਾ ਜਾਇਜ਼ਾ ਲੈਂਦਿਆਂ ਉਨਾਂ ਹਦਾਇਤ ਕੀਤੀ ਕਿ ਸਾਰੇ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਜਲ ਸ੍ਰੋਤ ਮੰਤਰੀ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਗਈ ਕਿ ਜਲ ਸਰੋਤਾਂ ਦੇ ਕੰਢਿਆਂ ਦੀ ਮੁਰੰਮਤ ਸਬੰਧੀ ਕਾਰਜਾਂ ਵਿੱਚ ਕਮੀ ਪਾਈ ਗਈ ਹੈ ਅਤੇ ਐਮ.ਡੀ. ਪੀ.ਡਬਲਯੂ.ਆਰ.ਐਮ.ਡੀ.ਸੀ. ਨੂੰ ਹਦਾਇਤ ਕੀਤੀ ਗਈ ਕਿ ਉਹ ਅਜਿਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਨੂੰ ਯਕੀਨੀ ਬਣਾਉਣ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕਿ੍ਰਸ਼ਨ ਕੁਮਾਰ, ਚੀਫ ਇੰਜਨੀਅਰ ਡਰੇਨੇਜ-ਕਮ-ਮਾਈਨਿੰਗ ਐਨ ਕੇ ਜੈਨ, ਚੀਫ ਇੰਜਨੀਅਰ ਨਹਿਰਾਂ ਸ਼ਮੀ ਸਿੰਗਲਾ, ਚੀਫ ਇੰਜਨੀਅਰ ਵਿਜੀਲੈਂਸ ਐਂਡ ਡਿਜ਼ਾਈਨ ਵਾਟਰ ਸਿਸਟਮ ਪਵਨ ਕਪੂਰ, ਐਮ.ਡੀ. ਪੀ.ਡਬਲਯੂ.ਆਰ.ਐਮ.ਡੀ.ਸੀ. ਹਰਿੰਦਰਪਾਲ ਸਿੰਘ ਬੇਦੀ, ਐਕਸੀਅਨ ਡੈਮ ਦਿਲਪ੍ਰੀਤ ਸਿੰਘ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here