ਭਗਵੰਤ ਮਾਨ ਦੀ ਸਖ਼ਤੀ : ਪੀਸੀਐਸ ਅਧਿਕਾਰੀ ਬਿਨਾਂ ਸ਼ਰਤ ਡਿਊਟੀ ’ਤੇ ਪਰਤੇ

Bhagwant Maan

ਮੁੱਖ ਮੰਤਰੀ ਨੇ 2 ਵਜੇ ਤੱਕ ਦਿੱਤਾ ਸੀ ਸਮਾਂ, ਪੀਸੀਐਸ ਅਧਿਕਾਰੀਆਂ ਨੇ 2 ਵਜੇ ਸ਼ੁਰੂ ਕੀਤਾ ਕੰਮ

  • ਪੀਸੀਐਸ ਅਧਿਕਾਰੀਆਂ ਦੀ ਚਾਰੇ ਮੰਗਾਂ ਮੰਨਣ ਤੋਂ ਇਨਕਾਰ, ਸਰਕਾਰ ਕਰੇਗੀ ਮਾਮਲੇ ਦੀ ਜਾਂਚ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤੀ ਤੋਂ ਪੰਜਾਬ ਭਰ ਦੇ 235 ਪੀਸੀਐਸ ਅਧਿਕਾਰੀ ਤੁਰੰਤ ਆਪਣੀ ਡਿਊਟੀ ’ਤੇ ਵਾਪਸ ਆ ਗਏ ਹਨ। ਇਸ ਨਾਲ ਹੀ ਵਿੱਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਵਲੋਂ ਵੀ ਆਪਣੀ ਹੜਤਾਲ ਵਾਪਸ ਲੈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਨਾਂ ਅਧਿਕਾਰੀਆਂ ਨੂੰ 2 ਵਜੇ ਤੋਂ ਪਹਿਲਾਂ ਡਿਊਟੀ ’ਤੇ ਵਾਪਸ ਆਉਣ ਦੇ ਆਦੇਸ਼ ਦਿੱਤੇ ਗਏ ਸਨ, ਨਹੀਂ ਤਾਂ ਸਾਰੀਆਂ ਨੂੰ ਮੁਅੱਤਲ ਕਰਦੇ ਹੋਏ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਭਗਵੰਤ ਮਾਨ ਦੀ ਇਸ ਸਖ਼ਤੀ ਨੂੰ ਦੇਖਦੇ ਹੋਏ ਪੀਸੀਐਸ ਅਧਿਕਾਰੀਆਂ ਨੇ ਨਾ ਸਿਰਫ਼ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸਗੋਂ ਬਿਨਾਂ ਸ਼ਰਤ ਹੜਤਾਲ ਨੂੰ ਖ਼ਤਮ ਕਰਨ ਦਾ ਵੀ ਐਲਾਨ ਕਰ ਦਿੱਤਾ।

ਇਥੇ ਹੀ ਭਗਵੰਤ ਮਾਨ ਵੱਲੋਂ ਬੀਤੇ ਦੋ ਦਿਨ ਪਹਿਲਾਂ ਕੀਤੇ ਗਏ ਵਾਅਦੇ ਨੂੰ ਹੀ ਪੂਰਾ ਕੀਤਾ ਜਾਏਗਾ ਕਿ ਜਿਹੜੇ ਅਧਿਕਾਰੀਆਂ ਨੂੰ ਵਿਜੀਲੈਂਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਉਸ ਮਾਮਲੇ ਵਿੱਚ ਮੁੱਖ ਸਕੱਤਰ ਦੇ ਪੱਧਰ ’ਤੇ ਜਾਂਚ ਕੀਤੀ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤੀ ਤੋਂ ਬਾਅਦ ਸਾਰੇ ਹੀ ਪੀਸੀਐਸ ਅਧਿਕਾਰੀ ਲਗਭਗ 2 ਵਜੇ ਆਪਣੇ ਆਪਣੇ ਦਫ਼ਤਰਾਂ ਵਿੱਚ ਡਿਊਟੀ ’ਤੇ ਨਜ਼ਰ ਆਉਣੇ ਸ਼ੁਰੂ ਹੋ ਗਏ ਸਨ।

ਮੀਟਿੰਗ ਤੋਂ ਬਾਅਦ ਹੜਤਾਲ ਵਾਪਸੀ ਦਾ ਐਲਾਨ ਕੀਤਾ

ਪੀਸੀਐਸ ਅਧਿਕਾਰੀਆਂ ਦੀ ਯੂਨੀਅਨ ਵਲੋਂ ਚੰਡੀਗੜ ਵਿਖੇ ਮੁੱਖ ਸਕੱਤਰੀ ਪ੍ਰਮੁੱਖ ਸਕੱਤਰ ਵੇਣੂ ਪ੍ਰਸ਼ਾਦ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਵਾਪਸੀ ਦਾ ਐਲਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਇੱਕ ਪੀਸੀਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਵਿਜੀਲੈਂਸ ਵਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਭਰ ਦੇ ਪੀਸੀਐਸ ਅਧਿਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਪੀਸੀਐਸ ਐਸੋਸੀਏਸ਼ਨ ਵਲੋਂ ਬੀਤੇ 2 ਦਿਨ ਪਹਿਲਾਂ ਮੁਕੰਮਲ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਖਜਾਨਾ ਵਿਭਾਗ ਵਿੱਚ ਤਾਇਨਾਤ ਅਧਿਕਾਰੀਆਂ ਨੇ ਵੀ ਹੜਤਾਲ ਦਾ ਐਲਾਨ ਕਰ ਦਿੱਤਾ।

ਪੀਸੀਐਸ ਅਧਿਕਾਰੀਆਂ ਨੂੰ ਸੋਮਵਾਰ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੀਟਿੰਗ ਲਈ ਸੱਦਿਆ ਗਿਆ ਸੀ ਅਤੇ ਇਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਭਿ੍ਰਸ਼ਟਾਚਾਰ ਦੇ ਖ਼ਿਲਾਫ਼ ਉਹ ਕਿਸੇ ਦੀ ਵੀ ਨਹੀਂ ਸੁਣਨਗੇ ਪਰ ਸਰਕਾਰੀ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਏਗੀ। ਕਿਸੇ ਵੀ ਇਮਾਨਦਾਰ ਅਧਿਕਾਰੀ ਨਾਲ ਧੱਕਾ ਨਹੀਂ ਹੋਏਗਾ।

ਮੁੱਖ ਮੰਤਰੀ ਮਾਨ ਨੇ ਅਧਿਕਾਰੀਆਂ ਨੂੰ  2 ਵਜੇ ਤੱਕ ਆਪਣੀ ਡਿਊਟੀ ’ਤੇ ਆਉਣ ਲਈ ਕਿਹਾ ਸੀ

ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਵੀ ਪੀਸੀਐਸ ਅਧਿਕਾਰੀਆਂ ਨੇ ਹੜਤਾਲ ਖ਼ਤਮ ਕਰਨ ਦੀ ਥਾਂ ’ਤੇ ਆਪਣੀ 4 ਮੰਗਾਂ ਰੱਖ ਦਿੱਤੀਆਂ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤੀ ਕਰਦੇ ਹੋਏ ਬੁੱਧਵਾਰ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਕਿ ਜਿਹੜੇ ਵੀ ਅਧਿਕਾਰੀ 2 ਵਜੇ ਤੱਕ ਆਪਣੀ ਡਿਊਟੀ ’ਤੇ ਨਹੀਂ ਆਉਣਗੇ, ਉਨਾਂ ਨੂੰ ਤੁਰੰਤ ਮੁਅੱਤਲ ਕਰਦੇ ਹੋਏ ਉਨਾਂ ਦੀ ਡਿਊਟੀ ਨੂੰ ਵੀ ਖ਼ਤਮ ਕੀਤਾ ਜਾਏਗਾ। ਭਗਵੰਤ ਮਾਨ ਦੀ ਇਸ ਸਖ਼ਤੀ ਤੋਂ ਬਾਅਦ ਪੀਸੀਐਸ ਅਧਿਕਾਰੀ ਕਾਫ਼ੀ ਜਿਆਦਾ ਘਬਰਾ ਗਏ ਅਤੇ ਉਨਾਂ ਵਲੋਂ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਏ. ਵੇਣੂ ਪ੍ਰਸ਼ਾਦ ਨਾਲ ਮੀਟਿੰਗ ਕਰਦੇ ਹੋਏ ਮਾਮਲੇ ਨੂੰ ਖ਼ਤਮ ਕਰਨ ਲਿਆ ਕਿਹਾ। ਇਸ ਮੀਟਿੰਗ ਤੋਂ ਬਾਅਦ ਪੀਸੀਐਸ ਅਧਿਕਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ