ਵਿਦੇਸ਼ੀ ਨਜ਼ਰਾਂ ‘ਚ ਭਾਰਤੀ ਚੋਣਾਂ ਲੋਕਤੰਤਰ ਦਾ ਮਹਾਂਉਤਸਵ

Indian, Elections, Foreign, Festivals, Democracy

‘ਦਰਬਾਰਾ ਸਿੰਘ ਕਾਹਲੋਂ’

ਭਾਰਤ ਅੰਦਰ ਸਤਾਰਵੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਚੋਣ ਪ੍ਰਚਾਰ ਦੇ ਰੌਲੇ-ਗੌਲੇ, ਰਾਜਨੀਤਕ ਪਾਰਟੀਆਂ ਦੀ ਖਿੱਚ-ਧੂਹ, ਰਾਜਨੀਤੀਵਾਨਾਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਦੇ ਅਸੱਭਿਆ ਤੇ ਗਿਰਾਵਟ ਭਰੇ ਬੋਲ-ਕਬੋਲਾਂ, ਚੋਣਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਨੋਟ ਸ਼ਕਤੀ ਦੀ ਭਰਮਾਰ, ਅਜੀਬ ਕਿਸਮ ਦੀਆਂ ਵਿਅੰਗਾਤਮਿਕ ਡੰਗ ਤੇ ਚੋਬਾਂ ਕਰਕੇ ਬੌਂਦਲੇ ਪਏ ਹੋਣ ਪਰ ਵਿਦੇਸ਼ੀ ਲੋਕਾਂ, ਰਾਜਨੀਤੀਵਾਨਾਂ, ਸਟੇਟਸਮੈਨਾਂ, ਭੱਦਰਪੁਰਸ਼ਾਂ ਤੇ ਵਿਚਾਰਧਾਰਕ ਚਿੰਤਕਾਂ ਦੀਆਂ ਨਜ਼ਰਾਂ ਵਿਚ ਇਹ ਲੋਕਤੰਤਰ ਦਾ ਅਤਿ ਮਹੱਤਵਪੂਰਨ ਤੇ ਸ਼ਲਾਘਾਯੋਗ ਮਹਾਂਉਤਸਵ ਹੈ।

ਸ਼ਾਇਦ ਆਮ ਭਾਰਤੀ ਨਾਗਰਿਕ ਤੇ ਵੋਟਰ ਨੂੰ ਇਸ ਲੋਕਤੰਤਰ ਦੇ ਮਹਾਂਉਤਸਵ ਅਤੇ ਵਿਸ਼ਵ ਦੇ ਸਭ ਤੋਂ ਤਾਕਤਵਰ ਵਿਸ਼ਾਲ ਲੋਕਤੰਤਰ ਨੂੰ ਬੜੀ ਸ਼ਿੱਦਤ ਨਾਲ ਸਿਰੇ ਚੜ੍ਹਾਉਣ ਵਿਚ ਭਾਰਤੀ ਚੋਣ ਕਮਿਸ਼ਨ, ਪ੍ਰਸ਼ਾਸਨ, ਕਰਮਚਾਰੀ ਵਰਗ ਆਦਿ ਦੇ ਰੋਲ ਬਾਰੇ ਉਹ ਜਾਣਕਾਰੀ ਨਾ ਹੋਵੇ ਜੋ ਉਨ੍ਹਾਂ ਕੋਲ ਮੌਜੂਦ ਹੈ। ਉਹ ਭਾਰਤੀ ਵੋਟਿੰਗ ਸਿਸਟਮ ਸਬੰਧੀ ਪਲ-ਪਲ, ਛਿੰਨ-ਛਿੰਨ ਜਾਣਕਾਰੀ ਰੱਖ ਰਹੇ ਹਨ। ਵਿਦੇਸ਼ੀ ਅਖ਼ਬਾਰਾਂ, ਮੈਗਜ਼ੀਨ, ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਇਸ ਮਹਾਂਉਤਸਵ ਬਾਰੇ ਵੱਖ-ਵੱਖ ਦੇਸ਼ਾਂ, ਰਾਜਾਂ ਤੇ ਇਲਾਕਿਆਂ ਵਿਚ ਲੋਕਤੰਤਰ ਪ੍ਰੇਮੀ ਲੋਕਾਂ ਨੂੰ ਅਤਿ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ।

ਵਿਦੇਸ਼ਾਂ ਵਿਚ ਕਿਧਰੇ ਵੀ ਏਡੇ ਵੱਡੇ ਪੱਧਰ ‘ਤੇ ਚੋਣ ਪ੍ਰਕਿਰਿਆ ਵੇਖਣ ਨੂੰ ਨਹੀਂ ਮਿਲਦੀ। ਅਕਸਰ ਚੋਣ ਪ੍ਰਕਿਰਿਆ ਚੋਣ ਵਾਲੇ ਦਿਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਫੁਰਸਤ ਸਮੇਂ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰ ਆਉਂਦੇ ਹਨ। ਚੋਣਾਂ ਸਮੇਂ ਬੈਲਟ ਪੇਪਰ ਵਰਤੇ ਜਾਂਦੇ ਹਨ ਤੇ ਅਕਸਰ ਇੱਕ ਦਿਨ ਵਿਚ ਹੀ ਗਿਣਤੀ ਕਰਕੇ ਨਤੀਜੇ ਐਲਾਨ ਦਿਤੇ ਜਾਂਦੇ ਹਨ ਪਰ ਭਾਰਤ ਵਿਚ ਅਜਿਹਾ ਸੰਭਵ ਨਹੀਂ ਉਹ ਭਲੀ-ਭਾਂਤ ਜਾਣਦੇ ਹਨ। ਸੰਨ 2017 ਅਨੁਸਾਰ ਭਾਰਤ ਦੀ ਅਬਾਦੀ 130 ਕਰੋੜ ਹੈ। ਚਾਲੂ 2019 ਦੀਆਂ ਲੋਕ ਸਭਾ ਚੋਣਾਂ ਲਈ 90 ਕਰੋੜ ਵੋਟਰ ਰਜਿਸਟਰਡ ਹਨ। ਇਨ੍ਹਾਂ ਲਈ 10 ਲੱਖ ਦੇ ਕਰੀਬ ਪੋਲਿੰਗ ਸਟੇਸ਼ਨ ਬਣਾਏ ਗਏ ਤੇ ਗਿਆਰਾਂ ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਯਕੀਨੀ ਕੀਤਾ ਗਿਆ। ਇਨ੍ਹਾਂ ਨੂੰ ਬਕਾਇਦਾ ਮਾਹਿਰਾਂ ਵੱਲੋਂ ਚੈੱਕ ਕੀਤਾ ਗਿਆ ਹੈ ਤਾਂ ਕਿ ਚੋਣ ਪ੍ਰਕਿਰਿਆ ਸਮੇਂ ਇਨ੍ਹਾਂ ਦੀ ਖਰਾਬੀ ਕਾਰਨ ਰੁਕਾਵਟ ਪੈਦਾ ਨਾ ਹੋਵੇ।

ਵਿਦੇਸ਼ੀ ਦੇਸ਼ਾਂ ‘ਚੋਂ ਕਈਆਂ ਦੀ ਏਨੀ ਅਬਾਦੀ ਨਹੀਂ ਜਿੰਨੇ ਨਵੇਂ ਵੋਟਰ ਭਾਵ 130 ਮਿਲੀਅਨ ਪਹਿਲੀ ਵਾਰ ਇਨ੍ਹਾਂ ਚੋਣਾਂ ਸਮੇਂ ਰਜਿਸਟਰ ਕੀਤੇ ਗਏ ਹਨ। ਪੰਦਰਾਂ ਮਿਲੀਅਨ ਵੋਟਰ 18 ਤੋਂ 19 ਸਾਲ ਦੇ ਹਨ। ਇਨ੍ਹਾਂ ਚੋਣਾਂ ‘ਚ 8000 ਤੋਂ ਵਧ ਉਮੀਦਵਾਰ ਆਪਣਾ ਭਵਿੱਖ ਅਜ਼ਮਾ ਰਹੇ ਹਨ ਜੋ 2293 ਰਾਸ਼ਟਰੀ, ਇਲਾਕਾਈ, ਸਥਾਨਕ ਰਾਜਨੀਤਕ ਪਾਰਟੀਆਂ ਜਾਂ ਅਜ਼ਾਦਾਂ ਨਾਲ ਸਬੰਧਿਤ ਹਨ।

ਇਨ੍ਹਾਂ ਚੋਣਾਂ ‘ਚ 9.5 ਬਿਲੀਅਨ ਡਾਲਰ ਧਨ ਖ਼ਰਚ ਆਵੇਗਾ। ਹੁਣ ਤੱਕ ਦੇ ਗੇੜਾਂ ਤੱਕ ਹੋਈਆਂ ਚੋਣਾਂ ਵਿਚ ਵੱਖ-ਵੱਖ ਰਾਜਾਂ ‘ਚੋਂ 345 ਮਿਲੀਅਨ ਡਾਲਰ ਕੈਸ਼, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਜੋ ਉਮੀਦਵਾਰਾਂ ਵੱਲੋਂ ਆਪਣੇ ਹੱਕ ਵਿਚ ਵੋਟਰਾਂ ਨੂੰ ਭਰਮਾਉਣ ਲਈ ਵਰਤੇ ਜਾਣੇ ਸਨ। ਇਸ ਤੋਂ ਇਲਾਵਾ ਹਜ਼ਾਰਾਂ ਮਿਲੀਅਨ ਡਾਲਰ ਖ਼ਰਚੇ ਗਏ ਹਨ ਜਾਂ ਖ਼ਰਚੇ ਜਾਣੇ ਹਨ ਜੋ ਚੋਣ ਕਮਿਸ਼ਨ ਮਸ਼ੀਨਰੀ ਦੇ ਵੱਸ ਤੋਂ ਬਾਹਰੇ ਹਨ। ਵਿਦੇਸ਼ੀ ਲੋਕ ਖਾਸ ਕਰਕੇ ਪੱਛਮੀ ਦੇਸ਼ਾਂ ਦੇ ਲੋਕਤੰਤਰ ਪ੍ਰੇਮੀ ਲੋਕ ਐਸੇ ਚੋਣ ਖ਼ਰਚੇ ਤੋਂ ਹੈਰਾਨ ਹਨ।  ਭਾਰਤ ਦੀ ਇੱਕ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ  ਦੇ ਨੌਜਵਾਨ ਪ੍ਰਧਾਨ ਦੀ ਚੋਣ ਰੈਲੀ ਵਿਚ ਭੀੜ ਇਕੱਤਰ ਕਰਨ ਦੇ ਮੰਤਵ ਨਾਲ ਜਿਵੇਂ ਹਰ ਵਿਅਕਤੀ ਨੂੰ ਵਰਕਰ ਅਤੇ ਆਗੂ ਨਕਦ ਕੈਸ਼ ਦੇ ਰਹੇ ਸਨ, ਇਹ ਸੀਨ ਸੋਸ਼ਲ ਮੀਡੀਏ ‘ਤੇ ਵੇਖ ਕੇ ਵਿਦੇਸ਼ੀ ਲੋਕ ਹੈਰਾਨ ਸਨ। ਪ

ਰ ਸ਼ਾਇਦ ਉਹ ਨਹੀਂ ਜਾਣਦੇ ਕਿ ਇਹ ਕੁਰੀਤੀ ਹਰ ਪਾਰਟੀ ਅਤੇ ਆਗੂਆਂ ਨਾਲ ਜੁੜੀ ਹੋਈ ਹੈ। ਵਿਦੇਸ਼ੀ ਮੀਡੀਆ ਅਨੁਸਾਰ ਜਿੱਥੇ ਸੰਨ 2014 ਦੀਆਂ ਚੋਣਾਂ ਸਮੇਂ 66.4 ਪ੍ਰਤੀਸ਼ਤ ਲੋਕਾਂ ਨੇ ਆਪਣੇ ਮੱਤ ਅਧਿਕਾਰ ਦਾ ਪ੍ਰਯੋਗ ਕੀਤਾ Àੁੱਥੇ ਅਪਰੈਲ 11, 18, 23, 29 ਅਤੇ ਮਈ 6, 12, 19 ਵਿਚੋਂ ਅਪਰੈਲ 11 ਨੂੰ ਪਹਿਲੇ ਦੌਰ ਸਮੇਂ 69.43, ਅਪਰੈਲ 18 ਨੂੰ 69.45 ਅਤੇ ਅਪਰੈਲ 23 ਨੂੰ 65.71 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਮੱਤ ਅਧਿਕਾਰ ਦਾ ਪ੍ਰਯੋਗ ਕੀਤਾ। ਇਨ੍ਹਾਂ ਚੋਣਾਂ ਦੀ ਹੋਰ ਦਿਲਚਸਪ ਗੱਲ ਇਹ ਹੈ ਕਿ 190 ਪੋਲਿੰਗ ਸਟੇਸ਼ਨ ਦੂਰ-ਦਰਾਜ਼ ਪਹਾੜੀ ਇਲਾਕਿਆਂ ਵਿਚ ਸਮੁੰਦਰ ਦੇ ਤਲ ਤੋਂ 2200 ਮੀਟਰ ਉਚਾਈ ਤੱਕ ਬਣਾਏ ਗਏ ਹਨ। ਚੋਣਾਂ ਨੂੰ ਸਿਰੇ ਚੜ੍ਹਾਉਣ ਵਾਲਾ ਕਰੀਬ 11 ਮਿਲੀਅਨ ਅਮਲਾ ਚੋਣ ਸਟੇਸ਼ਨਾਂ ‘ਤੇ ਪਹੁੰਚਾਉਣ ਲਈ ਬੱਸਾਂ, ਟਰੱਕਾਂ, ਹੈਲੀਕਾਪਟਰਾਂ, ਰੇਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੋਲਿੰਗ ਸਟੇਸ਼ਨਾਂ ‘ਤੇ ਹਿੰਸਾ ਹੋਣ ਕਰਕੇ ਕਈ ਪੋਲਿੰਗ ਅਫਸਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਤੈਨਾਤ ਪੁਲਿਸ ਅਮਲੇ ਦੀ ਜਾਨ ਵੀ ਚਲੀ ਜਾਂਦੀ ਹੈ। ਵਿਦੇਸ਼ਾਂ ਵਿਚ ਭਾਰਤੀ ਵਚਿੱਤਰ ਚੋਣ ਮਹਾਂਉਤਸਵ ਦੇ ਕਈ ਦ੍ਰਿਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਹੋਣ ਕਰਕੇ ਇਸ ਦੀ ਮਹਾਨਤਾ ਅਤੇ ਚੋਣ ਕਮਿਸ਼ਨ ਦੀ ਸ਼ਿੱਦਤ ਭਰੀ ਮਿਹਨਤ ਤੇ ਦਿਆਨਤਦਾਰੀ ਦਾ ਪਤਾ ਚਲਦਾ ਹੈ। ਭਾਰਤੀ ਕਾਨੂੰਨ ਅਨੁਸਾਰ ਕਿਸੇ ਵੀ ਵੋਟਰ ਦਾ ਪੋਲਿੰਗ ਸਟੇਸ਼ਨ ਦੋ ਕਿਲੋਮੀਟਰ ਦੀ ਦੂਰੀ ਤੋਂ ਵਧ ਨਹੀਂ ਹੋਣਾ ਚਾਹੀਦਾ। ਵਿਦੇਸ਼ੀ ਹੈਰਾਨ ਹਨ ਕਿ ਗੁਜਰਾਤ ਪ੍ਰਾਂਤ ਅੰਦਰ ਸ਼ੇਰਾਂ ਦੀ ਬਹੁਤਾਤ ਵਾਲੇ ਖੇਤਰ ਅੰਦਰ ਦੂਰ-ਦੁਰੇਡੇ ਜੰਗਲ ਵਿਚ ਇੱਕ ਪੁਰਾਤਨ ਮੰਦਰ ਹੈ ਜਿਸਦੀ ਦੇਖ-ਰੇਖ ਭਰਤਦਾਸ ਦਰਸ਼ਨਦਾਸ ਨਾਮਕ ਪੁਜਾਰੀ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਉਸਦੀ ਇੱਕ ਵੋਟ ਲਈ ਪੋਲਿੰਗ ਦਾ ਪ੍ਰਬੰਧ ਕਰਦਾ ਹੈ। ਕਰੀਬ 1000 ਕਿਲੋਮੀਟਰ ਖਤਰਨਾਕ ਜੰਗਲੀ ਇਲਾਕਾ ਤੈਅ ਕਰਕੇ ਵੱਡੇ ਪੁਲਿਸ ਪ੍ਰਬੰਧ ਤੇ ਸੁਰੱਖਿਆ ਹੇਠ ਪੋਲਿੰਗ ਅਫਸਰ ਉੱਥੇ ਪਹੁੰਚਦੇ ਹਨ। ਭਾਰਤੀ ਲੋਕਤੰਤਰ ਕਿੰਨਾ ਮਹਾਨ ਹੈ। ਇਸ ਵਿਚ ਇੱਕ-ਇੱਕ ਵੋਟ ਦਾ ਕਿੰਨਾ ਮਹੱਤਵ ਹੈ। ਭਾਰਤੀ ਚੋਣ ਕਮਿਸ਼ਨ ਇਸ ਪ੍ਰਤੀ ਕਿੰਨਾ ਪ੍ਰਤੀਬੱਧ ਹੈ। ਇਸ ਨਿਵੇਕਲੀ ਮਿਸਾਲ ਤੋਂ ਪਤਾ ਲੱਗਦਾ ਹੈ।

ਜਿੰਨੇ ਭਾਰਤੀ ਵੋਟਰ ਰਜਿਸਟਰਡ ਹਨ, ਏਨੀ ਅਬਾਦੀ ਤਾਂ ਪੂਰੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਾਰੇ ਦੇਸ਼ਾਂ ਦੀ ਨਹੀਂ ਹੈ। ਭਾਰਤੀ ਲੋਕਤੰਤਰ ਅੰਦਰ ਖੁਸਰਿਆਂ ਨੂੰ ਤੀਸਰੇ ਲਿੰਗ ਵਜੋਂ ਸਵੀਕਾਰ ਕਰਕੇ ਸੰਨ 2014 ਵਿਚ ਮੱਤ ਅਧਿਕਾਰ ਸਨਮਾਨ ਦਿੱਤਾ ਗਿਆ ਸੀ। ਇਸ ਸਮੇਂ ਭਾਰਤ ਅੰਦਰ 41,292 ਤੋਂ ਵੱਧ ਇਸ ਤੀਸਰੇ ਲਿੰਗ ਦੇ ਰਜਿਸਟਰਡ ਵੋਟਰ ਹਨ। ਇਨ੍ਹਾਂ ਵਿਚੋਂ ਕਈ ਕੌਂਸਲਰ, ਕਾਰਪੋਰੇਸ਼ਨਾਂ ਦੇ ਨੁਮਾਇੰਦੇ ਚੁਣੇ ਗਏ ਹਨ। ਭਾਰਤੀ ਲੋਕ ਸਭਾ 5 ਸਾਲ ਦਾ ਕਾਰਜਕਾਲ ਰੱਖਦੀ ਹੈ। ਇਸ ਦੇ 543 ਮੈਂਬਰ ਲੋਕਾਂ ਦੁਆਰਾ ਮੱਤ ਅਧਿਕਾਰ ਰਾਹੀਂ ਚੁਣੇ ਜਾਂਦੇ ਹਨ। ਸੱਜੇ ਪੱਖੀ ਹਿੰਦੁਤਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਨਰਿੰਦਰ ਮੋਦੀ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ ਜੋ ਇਸ ਸਮੇਂ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਪਦ ਦੇ ਮੁੱਖ ਦਾਅਵੇਦਾਰ ਹਨ। ਉਹ ਵਿਦੇਸ਼ਾਂ ਵਿਚ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਾਅਦ ਦੂਸਰੇ ਐਸੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਬਹੁਤ ਹਰਮਨ ਪਿਆਰੇ ਹਨ। ਪੂਰੇ ਵਿਸ਼ਵ ਦੀਆਂ ਨਜ਼ਰਾਂ 23 ਮਈ, 2019 ਨੂੰ ਭਾਰਤੀ ਲੋਕ ਸਭਾ ਚੋਣਾਂ ਦੀ ਗਿਣਤੀ ‘ਤੇ ਟਿਕੀਆਂ ਹਨ। ਉਨ੍ਹਾਂ ਦੀ ਅਗਵਾਈ ਵਿਚ ਭਾਜਪਾ ਨੇ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿਚ 282 ਸੀਟਾਂ ਪ੍ਰਾਪਤ ਕਰਕੇ ਇਕੱਲਿਆਂ ਬਹੁਮਤ ਪ੍ਰਾਪਤ ਕੀਤਾ ਸੀ ਭਾਵੇਂ ਉਨ੍ਹਾਂ ਨੇ ਆਪਣੇ ਸਹਿਯੋਗੀ ਐਨ.ਡੀ.ਏ. ਗਠਜੋੜ ਨੂੰ ਨਾਲ ਲੈ ਕੇ ਸਰਕਾਰ ਬਣਾਈ ਸੀ। ਪਹਿਲੀ ਵਾਰ ਲੰਮਾ ਸਮਾਂ ਭਾਰਤ ‘ਤੇ ਸ਼ਾਸਨ ਕਰਨ ਵਾਲੀ ਕਾਂਗਰਸ ਪਾਰਟੀ ਸ਼ਰਮਨਾਕ 44 ਸੀਟਾਂ ‘ਤੇ ਸਿਮਟ ਕੇ ਰਹਿ ਗਈ

ਕਾਂਗਰਸ ਪਾਰਟੀ ਦੀ ਪਰਿਵਾਰਵਾਦੀ ਅਗਵਾਈ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਵਿਦੇਸ਼ੀ ਹੈਰਾਨ ਹਨ। ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਦੂਸਰੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਬਾਅਦ ਪ੍ਰਧਾਨ ਮੰਤਰੀ ਬਣੀ ਜੋ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ‘ਤੇ ਨੀਲਾ ਤਾਰਾ ਅਪਰੇਸ਼ਨ ਕਰਕੇ ਆਪਣੇ ਹੀ ਅੰਗ ਰੱਖਿਅਕਾਂ ਦੁਆਰਾ ਮਾਰੀ ਗਈ ਸੀ। ਉਸਦਾ ਪੁੱਤਰ ਰਾਜੀਵ ਗਾਂਧੀ ਉਸ ਬਾਅਦ ਪ੍ਰਧਾਨ ਮੰਤਰੀ ਬਣਿਆ ਜਿਸ ਨੂੰ ਸ਼੍ਰੀਲੰਕਾ ਵਿਚ ਸ਼ਾਂਤੀ ਸੈਨਾ ਭੇਜਣ ਦੇ ਵਿਰੋਧ ਵਿਚ ਤਾਮਿਲ ਮਾਨਵ ਬੰਬ ਨੇ ਇੱਕ ਚੋਣ ਜਲਸੇ ਵਿਚ ਮਾਰ ਦਿੱਤਾ। ਉਸਦੀ ਪਤਨੀ ਸ੍ਰੀਮਤੀ ਸੋਨੀਆ ਗਾਂਧੀ ਨੇ ਕਰੀਬ 10 ਸਾਲ ਦੋ ਯੂ.ਪੀ.ਏ. ਸਰਕਾਰਾਂ ਰਿਮੋਰਟ ਕੰਟਰੋਲ ਦੁਆਰਾ ਚਲਾਈਆਂ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਹੇ। ਇਸ ਪਾਰਟੀ ਦੇ ਪਰਿਵਾਰਵਾਦੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਿਦੇਸ਼ੀਆਂ ਦੀਆਂ ਨਜ਼ਰਾਂ ਵਿਚ ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇ ਰਹੇ ਹਨ।

ਉਨ੍ਹਾਂ ਦੀਆਂ ਨਜ਼ਰਾਂ ਵਿਚ ਕਾਂਗਰਸ ਪਾਰਟੀ ਸੈਕੂਲਰਵਾਦੀ ਅਤੇ ਸਮਾਜਵਾਦੀ ਪਾਰਟੀ ਹੈ ਜੋ ਭਾਰਤ ਦੇ ਗਰੀਬ ਅਤੇ ਘੱਟ-ਗਿਣਤੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ। ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਅਪਰਾਧਿਕ ਰਿਕਾਰਡ ਰੱਖਣ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਅਤੇ ਟੈਲੀਵਿਜ਼ਨ ਰਾਹੀਂ ਆਪਣਾ ਰਿਕਾਰਡ ਦਰਸਾਉਣ ਲਈ ਕਿਹਾ ਗਿਆ ਹੈ। ਪਹਿਲਾਂ ਉਹ ਐਸੀ ਜਾਣਕਾਰੀ ਚੋਣ ਅਧਿਕਾਰੀਆਂ ਨੂੰ ਹੀ ਦਿੰਦੇ ਸਨ। ਇਵੇਂ ਹੀ ਉਮੀਦਵਾਰਾਂ ਦੀਆਂ ਫੋਟੋਆਂ, ਉਨ੍ਹਾਂ ਦੀ ਪਾਰਟੀ ਦਾ ਨਾਂਅ ਜਾਂ ਅਜ਼ਾਦ ਅਤੇ ਚੋਣ ਨਿਸ਼ਾਨ ਨੂੰ ਵੋਟਿੰਗ ਵੇਲੇ ਯਕੀਨੀ ਬਣਾਇਆ ਗਿਆ ਹੈ। ਹਕੀਕਤ ਵਿਚ ਵਿਦੇਸ਼ੀਆਂ ਦੀਆਂ ਨਜ਼ਰਾਂ ਵਿਚ ਭਾਰਤ ਦਾ ਵਿਸ਼ਾਲ ਲੋਕਤੰਤਰ, ਇਸ ਦੀ ਵਿਸ਼ਾਲ ਚੋਣ ਪ੍ਰਕਿਰਿਆ, ਇਸ ਨੂੰ ਸਫ਼ਲ ਬਣਾਉਣ ਲਈ ਖੁਦਮੁਖ਼ਤਿਆਰ ਚੋਣ ਕਮਿਸ਼ਨ, ਭਾਰਤੀ ਪ੍ਰਸ਼ਾਸਨ, ਇਸਦੇ ਲੋਕਤੰਤਰ ਦੇ ਚੋਣ ਮਹਾਂਉਤਸਵ ਅਤੇ ਇਸ ਦੀ ਵਚਿੱਤਰਤਾ ਬਹੁਤ ਮਹੱਤਵ ਰੱਖਦੇ ਹਨ। ਉਹ ਇਸ ਦੀ ਪੂਰਨ ਚੋਣ ਪ੍ਰਕਿਰਿਆ ਨੂੰ ਉੱਥੋਂ ਦੇ ਅਖ਼ਬਾਰਾਂ, ਮੈਗਜ਼ੀਨਾਂ, ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਜਾਣਕਾਰੀ ਵਿਚ ਅਤਿ ਦਿਲਚਸਪੀ ਰੱਖਦੇ ਹਨ। ਲੇਖਕ ਜੋ ਕੈਨੇਡਾ ਦੇ ਦੂਰ-ਦਰਾਜ਼ ਕੈਂਬਲਫੋਰਡ ਟਾਊਨ ਵਿਚ ਰਹਿੰਦਾ ਹੈ, ਦੇ ਚੇਤੰਨ ਨਾਗਰਿਕ, ਬੈਂਕ, ਮੈਡੀਕਲ, ਕਿੱਤਾਕਾਰੀ, ਅਧਿਆਪਕ ਵਰਗ ਤੇ ਸੇਵਾਮੁਕਤ ਅਧਿਕਾਰੀ ਅਤੇ ਬਜ਼ੁਰਗ ਭਾਰਤ ਦੇ ਮਹਾਨ ਲੋਕਤੰਤਰ ਦੇ ਮੌਜੂਦਾ ਚੱਲ ਰਹੇ ਚੋਣ ਮਹਾਂਉਤਸਵ ਵਿਚ ਦਿਲਚਸਪੀ ਲੈਂਦੇ, ਉਸ ਤੋਂ ਜਾਣਕਾਰੀ ਪ੍ਰਾਪਤ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਪਾਏ ਜਾਂਦੇ ਹਨ। ਲੇਖਕ ਇਸ ਕਰਕੇ ਭਾਰਤੀ ਲੋਕਤੰਤਰ ਦੇ ਮਹਾਨ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ। ਜੇਕਰ ਭਾਰਤੀ ਲੋਕਤੰਤਰ ਕਾਨੂੰਨ ਦੇ ਰਾਜ ਦੀ ਪ੍ਰਕਿਰਿਆ ਅਪਣਾ ਲਵੇ ਤਾਂ ਇਹ ਵਿਸ਼ਵ ਦਾ ਮਹਾਨ ਅਤੇ ਵਿਕਸਿਤ ਦੇਸ਼ ਇੱਕ ਦਹਾਕੇ ਵਿਚ ਸਥਾਪਿਤ ਹੋ ਸਕਦਾ ਹੈ।

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ, ਕੈਨੇਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।