ਸੂਬੇ ‘ਚ ਮੁੱਦਿਆਂ ਦੀ ਬਜਾਏ ਮਿਹਣਿਆਂ ਦੀ ਰਾਜਨੀਤੀ ਭਾਰੂ

Issues, State, Politics, 

ਬਿੰਦਰ ਸਿੰਘ ਖੁੱਡੀ ਕਲਾਂ

ਸੂਬੇ ‘ਚ ਇਸੇ ਮਹੀਨੇ ਉੱਨੀ ਤਰੀਕ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਉਪਰੰਤ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ ਤਕਰੀਬਨ ਸਾਰੇ ਹੀ ਹਲਕਿਆਂ ‘ਚ ਉਮੀਦਵਾਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ।

ਉਮੀਦਵਾਰਾਂ ਵੱਲੋਂ ਚੋਣ ਰੈਲੀਆਂ ਅਤੇ ਜਲਸਿਆਂ ਦਾ ਦੌਰ ਸਿਖਰਾਂ ‘ਤੇ ਹੈ ਪਰ ਇਹਨਾਂ ਰੈਲੀਆਂ ਅਤੇ ਜਲਸਿਆਂ ਦੌਰਾਨ ਸੂਬੇ ਦੇ ਗੰਭੀਰ ਮੁੱਦਿਆਂ ਦੀ ਗੱਲਬਾਤ ਘੱਟ ਹੀ ਚਲਦੀ ਹੈ ਰਾਜਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਨੇ ਗੰਭੀਰ ਮੁੱਦੇ ਤਾਂ ਇੱਕ ਤਰ੍ਹਾਂ ਨਾਲ ਹਾਸ਼ੀਏ ‘ਤੇ ਹੀ ਧੱਕ ਦਿੱਤੇ ਹਨ ਰਾਜਸੀ ਨੇਤਾਵਾਂ ਵੱਲੋਂ ਵੋਟਰਾਂ ਦਾ ਫਤਵਾ ਹਾਸਲ ਕਰਨ ਲਈ ਗੰਭੀਰ ਮੁੱਦਿਆਂ ‘ਤੇ ਉਂਗਲ ਧਰ ਕੇ ਉਹਨਾਂ ਦੇ ਹੱਲ ਲਈ ਯਤਨ ਕਰਨ ਦੇ ਵਾਅਦੇ ਦੇਣ ਦੀ ਬਜਾਏ ਮਿਹਣਿਆਂ ਦਾ ਦੌਰ ਭਾਰੂ ਹੈ ਹਰ ਰਾਜਸੀ ਪਾਰਟੀ ਦੂਜੀ ਪਾਰਟੀ ਨੂੰ ਚੋਰ ਤੇ ਨਿਕੰਮੀ ਸਿੱਧ ਕਰਨ ‘ਤੇ ਤੁਲੀ ਹੋਈ ਹੈ ਸਫਲਤਾਵਾਂ ਅਤੇ ਪ੍ਰਾਪਤੀਆਂ ਨੂੰ ਆਪੋ-ਆਪਣੇ ਨਾਂਅ ਕਰਨ ਦਾ ਦੌਰ ਸਿਖਰਾਂ ‘ਤੇ ਹੈ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਲੋਕ ਸਰਕਾਰੀ ਗ੍ਰਾਂਟਾਂ ਵੰਡਣ ਨੂੰ ਹੀ ਆਪਣੀ ਪ੍ਰਾਪਤੀ ਦੱਸੀ ਜਾ ਰਹੇ ਹਨ ਲੋਕਾਂ ਦਾ ਪੈਸਾ ਲੋਕਾਂ ‘ਚ ਵੰਡਣਾ ਕਿਹੜੀ ਮਾਅਰਕੇ ਵਾਲੀ ਗੱਲ ਹੈ ਇਸ ਮਾਮਲੇ ‘ਚ ਵੀ ਇਹਨਾਂ ਲੋਕਾਂ ਵੱਲੋਂ ਦੂਜੇ ਉਮੀਦਵਾਰਾਂ ਨੂੰ ਕਟਹਿਰੇ ‘ਚ ਖੜ੍ਹੇ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਨੁਮਾਇੰਦਗੀ ਕਰ ਰਿਹਾ ਹਰ ਉਮੀਦਵਾਰ ਖੁਦ ਨੂੰ ਦੁੱਧ ਧੋਤਾ ਤੇ ਦੂਜੇ ਨੂੰ ਪਲੀਤ ਸਿੱਧ ਕਰਨ ਦੀ ਤਾਕ ਵਿੱਚ ਰਹਿੰਦਾ ਹੈ ।

ਸੂਬਾ ਅੱਜ ਬੇਰੁਜ਼ਗਾਰੀ ਤੋਂ ਲੈ ਕੇ ਕਿਸਾਨ/ਮਜ਼ਦੂਰ ਦੀ ਆਰਥਿਕ ਮੰਦਹਾਲੀ, ਨਸ਼ਿਆਂ ਦਾ ਪਸਾਰਾ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਤੇ ਤਮਾਮ ਹੋਰਸ ਸਮੱਸਿਆਵਾਂ ਜਿਵੇਂ ਕਿ ਪਾਣੀ ਦੇ ਅੰਤਰ ਰਾਜੀ ਝਗੜਿਆਂ ਨਾਲ ਜੂਝ ਰਿਹਾ ਹੈ ਬੇਰੁਜ਼ਗਾਰੀ ਦੇ ਵਿਆਪਕ ਹੋ ਰਹੇ ਆਲਮ ਨੇ ਸੂਬੇ ਦੀ ਤਸਵੀਰ ਹੀ ਤਬਦੀਲ ਕਰਕੇ ਰੱਖ ਦਿੱਤੀ ਹੈ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਦਾ ਪਰਵਾਸ ਸਿਖਰਾਂ ‘ਤੇ ਹੈ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀਆਂ ਦਾ ਵਣਜ ਹੋ ਰਿਹਾ ਹੈ ਮਾਪੇ ਕਮਜ਼ੋਰ ਆਰਥਿਕਤਾ ਦੀ ਚੱਕੀ ਵਿੱਚ ਪਿਸ ਕੇ ਵੀ ਲਾਡਲਿਆਂ ਨੂੰ ਜਹਾਜ਼ ਚੜ੍ਹਾਉਣ ਲਈ ਮਜਬੂਰ ਹਨ ਪਰ ਰਾਜਸੀ ਪਾਰਟੀਆਂ ਹਨ ਕਿ ਇਹਨਾਂ ਨੂੰ ਪਰਵਾਸੀ ਬਣ ਰਹੀ ਨੌਜਵਾਨੀ ਦਾ ਕੋਈ ਫਿਕਰ ਹੀ ਨਹੀਂ ਰੁਜ਼ਗਾਰ ਦੇ ਮੁੱਦੇ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੱਖ ਪੱਲੇ ਨਹੀਂ ਪਾਇਆ ਜਾ ਰਿਹਾ ਚੋਣ ਮਨੋਰਥ ਪੱਤਰ ਵਿੱਚ ਕੀਤੇ ਜਾਂਦੇ ਰੁਜ਼ਗਾਰ ਦੇ ਵਾਅਦੇ ਕਿਸੇ ਵੀ ਸਰਕਾਰ ਨੇ ਵਫਾ ਨਹੀਂ ਕੀਤੇ ਹਤਾਸ਼ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਅਤੇ ਨੌਜਵਾਨਾਂ ਦਾ ਨਸ਼ਿਆਂ ਦੇ ਚੁੰਗਲ ਵਿੱਚ ਫਸਣਾ ਰਾਜਸੀ ਲੋਕਾਂ ਲਈ ਫਿਕਰਮੰਦੀ ਦੀ ਬਜਾਏ ਫਾਇਦੇ ਦਾ ਸੌਦਾ ਬਣ ਗਿਆ ਇੱਕ ਚੋਣ ਮੁੱਦਾ ਬਣ ਗਿਆ ਨਸ਼ਿਆਂ ਦੀ ਰੋਕਥਾਮ ਦੇ ਹਮਾਮ ‘ਚ ਸਾਰੇ ਹੀ ਰਾਜਸੀ ਲੋਕ ਨੰਗੇ ਹਨ ਨਸ਼ਿਆਂ ਦੇ ਮੁੱਦੇ ‘ਤੇ ਮਿਹਣਿਆਂ ਦਾ ਦੌਰ ਭਾਰੂ ਹੈ ਰਾਜਸੀ ਲੋਕ ਇਸ ਬੁਰਾਈ ਲਈ ਇੱਕ-ਦੂਜੇ ਨੂੰ ਜਿੰਮੇਵਾਰ ਦੱਸ ਕੇ ਲੋਕਾਂ ‘ਚ ਸੱਚੇ ਹੋਣ ਦੀ ਦੌੜ ‘ਚ ਹਨ ਸ਼ਰੇਆਮ ਇੱਕ-ਦੂਜੇ ਸਿਰ ਠੁਣਾਂ ਤਾਂ ਭੰਨ੍ਹਿਆ ਜਾ ਰਿਹਾ ਹੈ ਪਰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਗੱਲ ਕਿਸੇ ਵੀ ਨੇਤਾ ਦੀ ਜ਼ੁਬਾਨ ‘ਤੇ ਨਹੀਂ ਸਾਰੇ ਦਾ ਸਾਰਾ ਜੋਰ ਇੱਕ-ਦੂਜੇ ਨੂੰ ਬਦਨਾਮ ਕਰਨ ‘ਤੇ ਲੱਗਾ ਹੋਇਆ ਹੈ ਦੂਜਿਆਂ ਖਿਲ਼ਾਫ ਸਬੂਤ ਜੁਟਾਉਣ ‘ਤੇ ਤਾਂ ਮਿਹਨਤ ਕੀਤੀ ਜਾ ਰਹੀ ਹੈ ਪਰ ਆਪਣੀ ਸਕਾਰਾਤਮਕ ਭੂਮਿਕਾ ਬਾਰੇ ਕਿਸੇ ਕੋਲ ਦੱਸਣ ਨੂੰ ਕੁੱਝ ਨਹੀਂ ।

ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਮੰਦਹਾਲੀ ਸਭ ਹੱਦਾਂ-ਬੰਨੇ ਪਾਰ ਕਰ ਰਹੀ ਹੈ ਪਰ ਅਫਸੋਸ ਰਾਜਸੀ ਲੋਕਾਂ ਲਈ ਇਹ ਅੱਜ ਵੀ ਚੋਣ ਮੁੱਦੇ ਤੋਂ ਵੱਧ ਨਹੀਂ ਕਿਸਾਨ ਖੁਦਕੁਸ਼ੀਆਂ ਦੇ ਅਲਮ ‘ਚ ਸਾਰੇ ਨੇਤਾ ਇੱਕ-ਦੂਜੇ ਨੂੰ ਬੇਪਰਦ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਖੁਦ ਲੋਕਾਂ ਦੀ ਹਮਦਰਦੀ ਵਸੂਲਣ ਦੀ ਤਾਕ ਵਿੱਚ ਹਨ ਸੱਤਾ ਦਾ ਅਨੰਦ ਮਾਣ ਚੁੱਕੀਆਂ ਜਾਂ ਮਾਣ ਰਹੀਆਂ ਕਈ ਪਾਰਟੀਆਂ ਅਤੇ ਲੋਕ ਵੀ ਕਿਸਾਨ ਖੁਦਕੁਸ਼ੀਆਂ ਦਾ ਠੁਣਾ ਇੱਕ-ਦੂਜੇ ਸਿਰ ਭੰਨ੍ਹਦੇ ਨਜ਼ਰ ਆ ਰਹੇ ਹਨ ਪਤਾ ਨਹੀਂ ਉਹ ਇਹ ਕਿਉਂ ਭੁੱਲ ਰਹੇ ਹਨ ਕਿ ਉਹਨਾਂ ਦੀ ਸੱਤਾ ਦੌਰਾਨ ਵੀ ਕਿਸਾਨ ਖੁਦਕੁਸ਼ੀਆਂ ਦਾ ਆਲਮ ਇਹੋ ਹੀ ਸੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਘਟਦਾ ਨਜ਼ਰ ਨਹੀਂ ਆ ਰਿਹਾ ਪਰ ਰਾਜਸੀ ਲੋਕ ਹਨ ਕਿ ਇੱਕ-ਦੂਜੇ ਨੂੰ ਭੰਡਣ ਤੋਂ ਇਲਾਵਾ ਕੋਈ ਠੋਸ ਅਤੇ ਸਾਰਥਿਕ ਕਦਮ ਨਹੀਂ ਚੁੱਕ ਰਹੇ ਕਈ ਸੂਬਾਈ ਜਾਂ ਫਿਰ ਕੇਂਦਰੀ ਸੱਤਾ ਦਾ ਸੁਖ ਭੋਗ ਰਹੇ ਨੇਤਾ ਵੀ ਖੁਦ ਦੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਬਜਾਏ ਦੂਜਿਆਂ ਨੂੰ ਦੋਸ਼ ਦੇਣ ‘ਤੇ ਜਿਆਦਾ ਜੋਰ ਲਾ ਰਹੇ ਹਨ ਪ੍ਰਦੂਸ਼ਣ ਨੇ ਸੂਬੇ ਨੂੰ ਚੌਤਰਫਾ ਘੇਰਿਆ ਹੋਇਆ ਹੈ ਮਿੱਟੀ, ਪਾਣੀ ਤੇ ਹਵਾ ਦੇ ਪ੍ਰਦੂਸ਼ਣ ਦੀ ਬਦੌਲਤ ਸੂਬੇ ‘ਚ ਬਿਮਾਰੀਆਂ ਦੀ ਭਰਮਾਰ ਹੈ ਸਿਹਤ ਸੇਵਾਵਾਂ ਦੇ ਮੰਦੜੇ ਹਾਲ ਹਨ ਕਿਧਰੇ ਮਿਆਰੀ ਇਲਾਜ਼ ਉਪਲੱਬਧ ਨਹੀਂ ਮਹਿੰਗੇ ਇਲਾਜਾਂ ਦੀ ਬਦੌਲਤ ਲੋਕ ਇਲਾਜ਼ ਖੁਣੋਂ ਮਰ ਰਹੇ ਹਨ ਸੂਬੇ ਦਾ ਸਿੱਖਿਆ ਤੰਤਰ ਲੀਹੋਂ ਲੱਥਿਆ ਪਿਆ ਹੈ ਸਕੂਲਾਂ ਅਤੇ ਕਾਲਜਾਂ ‘ਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ।

ਸੂਬੇ ‘ਚ ਸਮੱਸਿਆਵਾਂ ਦੀ ਭਰਮਾਰ ਹੈ ਪਰ ਸਿਆਸੀ ਲੋਕ ਬੜੀ ਚਤੁਰਾਈ ਨਾਲ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਕੇ ਹੋਰ ਪਾਸੇ ਲਾਉਣ ਵਿੱਚ ਕਾਮਯਾਬ ਹੋ ਰਹੇ ਹਨ ਵਿਚਾਰੇ ਭੋਲੇ-ਭਾਲੇ ਲੋਕ ਇਹਨਾਂ ਸਿਆਸੀ ਆਗੂਆਂ ਦੀਆਂ ਚਿਕਣੀਆਂ-ਚੋਪੜੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਹਨ ਇੱਕ ਆਗੂ ਵੱਲੋਂ ਦੂਜੇ ਨੂੰ ਸੋਚੀ-ਸਮਝੀ ਚਾਲ ਤਹਿਤ ਲਾਏ ਰਗੜਿਆਂ ਤੋਂ ਖੁਸ਼ ਹੋ ਕੇ ਕਹਿਣਗੇ, ਬਈ ਨਜ਼ਾਰਾ ਲਿਆ’ਤਾ ਸਾਡਾ ਵਾਸਤਾ ਆਪਣੀਆਂ ਸਮੱਸਿਆਵਾਂ ਦੇ ਹੱਲ ਨਾਲ ਹੋਣਾ ਚਾਹੀਦਾ ਹੈ ਲੋਕਾਂ ਦਾ ਮਨੋਰੰਜਨ ਕਰਨਾ ਰਾਜਸੀ ਆਗੂਆਂ ਦਾ ਕੰਮ ਨਹੀਂ ਲੋਕਾਂ ਦੀ ਜਾਗਰੂਕਤਾ ਹੀ ਰਾਜਸੀ ਆਗੂਆਂ ਨੂੰ ਅਸਲੀ ਮੁੱਦਿਆਂ ਬਾਰੇ ਸੋਚਣ ਲਈ ਮਜ਼ਬੂਰ ਕਰ ਸਕਦੀ ਹੈ ਸਾਡਾ ਵਾਸਤਾ ਕਿਸੇ ਇੱਕ ਆਗੂ ਦੇ ਮੂੰਹੋਂ ਦੂਜੇ ਆਗੂ ਦੀਆਂ ਬੁਰਾਈਆਂ ਸੁਣਨ ਨਾਲ ਬਿਲਕੁਲ ਨਹੀਂ ਹੋਣਾ ਚਾਹੀਦਾ ਰਾਜਸੀ ਆਗੂਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਮਿਹਣਿਆਂ ਦੀ ਰਾਜਨੀਤੀ ਬਹੁਤੀ ਦੇਰ ਚੱਲਣ ਵਾਲੀ ਨਹੀਂ ।

ਸ਼ਕਤੀ ਨਗਰ, ਬਰਨਾਲਾ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।