ਮੋਹਾਲੀ ਜ਼ਿਲ੍ਹੇ ‘ਚ ਪੂਰੀ ਤਰ੍ਹਾਂ ਸਫਲ ਰਿਹਾ ਭਾਰਤ ਬੰਦ

ਏਅਰਪੋਰਟ ਰੋਡ, ਲਾਂਡਰਾ, ਖਰੜ, ਘੜੂੰਆਂ, ਜ਼ੀਰਕਪੁਰ, ਲਾਲੜੂ ਸਮੇਤ ਕਈ ਥਾਵਾਂ ‘ਤੇ ਚੱਕਾ ਜਾਮ

ਮੋਹਾਲੀ, (ਕੁਲਵੰਤ ਕੋਟਲੀ) ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਦਿੱਤੇ ਅੱਜ ਬੰਦ ਦੇ ਸੱਦੇ ਉਤੇ ਮੋਹਾਲੀ ਜ਼ਿਲ੍ਹਾ ਅਤੇ ਆਸ ਪਾਸ ਦੇ ਖੇਤਰ ਵਿਚ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਮੋਹਾਲੀ, ਖਰੜ, ਜ਼ੀਰਕਪੁਰ, ਲਾਲੜੂ, ਚੰਡੀਗੜ੍ਹ ਵਿਚ ਮੈਡੀਕਲ ਸਟੋਰਾਂ ਨੂੰ ਛੱਡਕੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਸੜਕਾਂ ਤੇ ਬੈਠ ਕੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੁਹਾਲੀ ਵਿੱਚ ਮੁੱਖ ਤੌਰ ਤੇ ਏਅਰਪੋਰਟ ਰੋਡ ਤੇ ਸੈਕਟਰ 82 ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਅੰਦੋਲਨਕਾਰੀਆਂ ਵਲੋਂ ਚੱਕਾ ਜਾਮ ਕੀਤਾ ਗਿਆ ਇਸੇ ਤਰ੍ਹਾਂ ਲਾਂਡਰਾਂ, ਖਰੜ, ਘੜੂੰਆਂ, ਜ਼ੀਰਕਪੁਰ, ਲਾਲੜੂ ਸਮੇਤ ਵੱਖ ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਗਿਆ ਅਤੇ ਆਵਾਜਾਈ ਠੱਪ ਰੱਖੀ ਗਈ ਹਾਲਾਂਕਿ ਇਸ ਦੌਰਾਨ ਐਂਬੂਲੈਂਸਾਂ ਅਤੇ ਬਿਮਾਰ ਲੋਕਾਂ ਨੂੰ ਜਾਣ ਦੀ ਇਜਾਜਤ ਦਿੱਤੀ ਗਈ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਬੰਦ ਕੀਤਾ ਗਿਆ

ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਮੋਹਾਲੀ ਨੇ ਅੱਜ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ ਕੀਤੀ ਲਾ ਮਿਸਾਲ ਰੈਲੀ

ਮੋਹਾਲੀ ਅਤੇ ਚੰਡੀਗੜ੍ਹ ਦੇ ਪਿੰਡਾਂ ਵਿਚੋਂ ਪੰਜਾਬ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਇਕਾਈਆਂ ਤੋਂ ਟਰੈਕਟਰਾਂ ਅਤੇ ਟਰਾਲੀਆਂ ਰਾਹੀਂ ਚੰਡੀਗੜ੍ਹ ਜਾ ਕੇ ਅਵਾਜ਼ ਉਠਾਈ ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੁਬਾਈ ਮੋਰਚਾ ਕਮੇਟੀ ਦੇ ਆਗੂ ਕੰਵਲਜੀਤ ਸਿੰਘ ਅਤੇ ਜਿਲਾ ਮੋਹਾਲੀ ਦੇ ਕਨਵੀਨਰ ਅਮਨਦੀਪ ਸਿੰਘ ਨੇ ਅਗੁਵਾਈ ਕੀਤੀ ਹਾਜ਼ਰ ਲੋਕਾਂ ਨੂੰ ਜਗਦੀਪ ਸਿੰਘ ਕੰਸਾਲਾ, ਬਲਵਿੰਦਰ ਸਿੰਘ ਪੜੌਲ, ਸਾਧੂ ਸਿੰਘ ਸਾਰੰਗਪੁਰ, ਸਰਬਜੀਤ ਫ਼ਿਰੋਜ਼ਪੁਰ,  ਕਰਮਜੀਤ ਸਿੰਘ ਮਨੀਮਾਜਰਾ, ਗੁਰਪ੍ਰੀਤ ਸੋਮਲ ਆਦਿ ਆਗੂਆਂ ਨੇ ਸੰਬੋਧਨ ਕੀਤਾ ਮੋਹਾਲੀ ਵਿੱਚ ਵਪਾਰ ਮੰਡਲ ਵਲੋਂ ਬੀਤੇ ਕੱਲ ਹੀ ਬੰਦ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਨੇ ਆਪ ਮੁਹਾਰੇ ਦੁਕਾਨਾਂ ਬੰਦ ਕਰਕੇ ਰੱਖੀਆ ਇਸ ਦੌਰਾਨ ਪੂਰੇ ਖੇਤਰ ਵਿੱਚ ਪੈਟਰੋਲ ਪੰਪ ਵੀ ਪੂਰੀ ਤਰ੍ਹਾਂ ਬੰਦ ਰਹੇ ਮੋਹਾਲੀ ਦੇ ਕਈ ਦਫ਼ਤਰਾਂ ਵਿਚ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਭਾਰਤ ਬੰਦ ਦਾ ਸਮਰਥਨ ਕੀਤਾ

ਇਸ ਦੌਰਾਨ ਡਿਪਲਾਸਟ ਚੌਂਕ ਤੇ ਵੱਖ ਵੱਖ ਜੱਥੇਬੰਦੀਆਂ ਵਲੋਂ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਡਿਪਲਾਸਟ ਚੌਂਕ ਤੋਂ ਮਦਨਪੁਰ ਚੌਂਕ ਤਕ ਰੈਲੀ ਕੱਢੀ ਗਈ ਬਿਜਲੀ ਬੋਰਡ ਵਿਖੇ ਬਿਜਲੀ ਕਾਮਿਆਂ ਅਤੇ ਰਿਟਾਇਰਡ ਕਰਮਚਾਰੀਆਂ ਵਲੋਂ ਗੇਟ ਰੈਲੀ ਕਰਕੇ ਕਿਸਾਨਾਂ ਪ੍ਰਤੀ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ ਗਿਆ ਲਾਂਡਰਾਂ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋ ਦੀ ਅਗਵਾਈ ਵਿੱਚ ਬੰਦ ਦੇ ਸਮਰਥਕਾਂ ਅਤੇ ਕਾਂਗਰਸੀ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਖੇਤੀ ਬਿਲ ਰੱਦ ਕਰਨ ਦੀ ਮੰਗ ਕੀਤੀ ਗਈ

ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਅਤੇ ਚੰਡੀਗੜ੍ਹ  ਵੱਲੋਂ ਅਦਾਲਤੀ ਕੰਮ ਬੰਦ ਕਰ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇ ਕੇ ਰੋਸ ਮੁਜਾਹਰਾ ਕੀਤਾ ਗਿਆ ਮੋਹਾਲੀ ਰੇਹੜੀ-ਫੜ੍ਹੀ ਅਤੇ ਸਮਾਜ ਸੇਵਾ ਦਲ ਵੱਲੋਂ ਸਮਰਥਨ ਕਰਦਿਆਂ ਆਪਣੀਆਂ ਦੁਕਾਨਾਂ ਪੂਰਨ ਰੂਪ ਵਿੱਚ ਬੰਦ ਕਰਕੇ ਸੈਕਟਰ 70 ਦੇ ਚੌਂਕ ਵਿੱਚ ਧਰਨਾ ਲਗਾਇਆ ਗਿਆ  ਘੰੜੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਔਰਤਾਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਖਰੜ ਵਿਖੇ ਮੁੱਖ ਬੱਸ ਸਟੇਂਡ ਨੇੜੇ ਕਿਸਾਨਾਂ ਵਲੋਂ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.