ਭਾਰਤ-ਚੀਨ ਵਿਗੜਦੇ ਸਬੰਧ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਲੱਦਾਖ ਨਾਲ ਲੱਗਦੀ ਲਾਈਨ ਆਫ਼ ਐਕਚੂਅਲ ਕੰਟਰੋਲ ਦੇ ਹਾਲਾਤਾਂ ਦਾ ਜਿਸ ਤਰ੍ਹਾਂ ਖੁਲਾਸਾ ਕੀਤਾ ਹੈ ਉਹ ਬੇਹੱਦ ਗੰਭੀਰ ਹੈ ਤੇ ਬਾਹਰੋਂ ਨਜ਼ਰ ਆਉਂਦੀ ਤਸਵੀਰ ਤੋਂ ਬਿਲਕੁਲ ਉਲਟ ਹੈ ਰੱਖਿਆ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਇਹ ਸਾਫ਼ ਝਲਕਦਾ ਹੈ ਕਿ ਚੀਨ ਜੰਗ ਦੀ ਪੂਰੀ ਤਿਆਰੀ ਕਰੀ ਬੈਠਾ ਹੈ ਚੀਨ ਵੱਲੋਂ ਫੌਜ ਦੀ ਵੱਡੀ ਗਿਣਤੀ ਦੇ ਨਾਲ ਗੋਲਾ-ਬਰੂਦ ਵੀ ਜਮ੍ਹਾ ਕੀਤਾ ਗਿਆ ਹੈ ਹਾਲ ਇਹ ਹੈ ਕਿ ਭਾਰਤ ਚੀਨ ਦੇ ਅਧਿਕਾਰੀਆਂ ਤੇ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਵੀ ਰਾਜਨਾਥ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਇਹ ਦਰਸ਼ਾਉਂਦੀ ਹੈ ਕਿ ਗੱਲਬਾਤ ਦਾ ਕੋਈ ਠੋਸ ਨਤੀਜਾ ਸਾਹਮਣੇ ਆਉਂਦਾ ਨਜ਼ਰ ਨਹੀਂ ਆ ਰਿਹਾ ਹੈ।

ਦੋ ਮਹੀਨਿਆਂ ਦੇ ਤਣਾਅ ਤੋਂ ਬਾਅਦ ਪਹਿਲੀ ਵਾਰ ਸਰਕਾਰ ਵੱਲੋਂ ਤੱਥਾਂ ਦੇ ਆਧਾਰ ‘ਤੇ ਜਾਣਕਾਰੀ ਦਿੱਤੀ ਗਈ ਹੈ ਸਿਰਫ਼ ਜੋਸ਼ੀਲੇ ਭਾਸ਼ਣਾਂ ਤੇ ਦਾਅਵਿਆਂ ਨਾਲ ਹੀ ਸਰਹੱਦੀ ਮਸਲਿਆਂ ਨੂੰ ਨਹੀਂ ਨਜਿੱਠਿਆ ਜਾ ਸਕਦਾ ਸਗੋਂ ਇਸ ਵਾਸਤੇ ਤੱਥਾਂ, ਸਬੂਤਾਂ ‘ਤੇ ਆਧਾਰਿਤ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਵਿਰੋਧੀ ਪਾਰਟੀਆਂ ਵੱਲੋਂ ਲੱਦਾਖ਼ ਮਾਮਲੇ ਬਾਰੇ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਭਾਵੇਂ ਜੋਰ-ਸ਼ੋਰ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਚੀਨ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ ਪਰ ਚੀਨ ਵੱਲੋਂ ਜੰਗ ਦੀ ਤਿਆਰੀ ਵਰਗਾ ਮਾਹੌਲ ਕਈ ਸਵਾਲ ਖੜ੍ਹੇ ਕਰਦਾ ਹੈ।

ਭਾਰਤ ਸਰਕਾਰ ਦੇ ਦਾਅਵਿਆਂ ਅਨੁਸਾਰ ਜੇਕਰ ਗਲਵਾਨ ਹਮਲੇ ‘ਚ ਚੀਨ ਦਾ ਭਾਰੀ ਨੁਕਸਾਨ ਹੋਇਆ ਤਾਂ ਨੁਕਸਾਨ ਹੋਣ ਦੇ ਬਾਵਜੂਦ ਤੇ ਕਈ ਪੜਾਵਾਂ ਦੀ ਗੱਲਬਾਤ ਦੇ ਬਾਵਜੂਦ ਚੀਨ ਵਿਵਾਦਤ ਇਲਾਕੇ ‘ਚ ਅਮਨ-ਅਮਾਨ ਦਾ ਮਾਹੌਲ ਕਿਉਂ ਨਹੀਂ ਬਣਾ ਰਿਹਾ ਹੈ? ਰੱਖਿਆ ਮੰਤਰੀ ਅਨੁਸਾਰ ਚੀਨ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਸਰਹੱਦ ‘ਤੇ 90 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ‘ਤੇ ਵੀ ਦਾਅਵਾ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਚੀਨ ਨਾਲ ਨਿਪਟਣ ਲਈ ਨਾ ਸਿਰਫ਼ ਜੰਗੀ ਪੱਧਰ ਦੀ ਤਿਆਰੀ ਦੀ ਜ਼ਰੂਰਤ ਹੈ ਸਗੋਂ ਕੂਟਨੀਤਿਕ ਲੜਾਈ ਲੜਨ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ।

ਦੂਜੇ ਪਾਸੇ ਚੀਨ ਵੱਲੋਂ ਭਾਰਤੀ ਆਗੂਆਂ ਤੇ ਉਦਯੋਗਪਤੀਆਂ ਦੀ ਜਾਸੂਸੀ ਕਰਨ ਦੀ ਚਰਚਾ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਜੇਕਰ ਇਨ੍ਹਾਂ ਦੋਸ਼ਾਂ ‘ਚ ਸੱਚਾਈ ਹੈ ਤਾਂ ਚੀਨ ਦੀ ਖਤਰਨਾਕ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਚੀਨ ਆਪਣੇ ਪੁਰਾਣੇ ਰਿਕਾਰਡ ਅਨੁਸਾਰ ਭਾਰਤ ਨਾਲ ਦਿਲੋਂ ਵੈਰ ਛੱਡਣ ਲਈ ਤਿਆਰ ਨਹੀਂ ਸਿਰਫ਼ ਮੀਟਿੰਗਾਂ ‘ਚ ਅਮਨ ਦੀਆਂ ਗੱਲਾਂ ਹੋ ਰਹੀਆਂ ਹਨ ਸਰਹੱਦ ‘ਤੇ ਨਹੀਂ ਸਰਕਾਰ ਨੂੰ ਹੁਸ਼ਿਆਰ ਹੋ ਕੇ ਚੱਲਣ ‘ਤੇ ਸਮੇਂ ਤੇ ਹਾਲਾਤਾਂ ਦੀ ਸਹੀ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।