ਸੋਸ਼ਲ ਮੀਡੀਆ ਦੇ ਬਿਨਾਂ ਅਧੂਰੇ ਲੋਕ

Social Media Sachkahoon

ਸੋਸ਼ਲ ਮੀਡੀਆ ਦੇ ਬਿਨਾਂ ਅਧੂਰੇ ਲੋਕ Social Media

ਹਰੇਕ ਵਿਅਕਤੀ ਸਮਾਜਿਕ ਹੋਵੇ ਭਾਵੇਂ ਨਾ ਹੋਵੇ ਪਰ ਸੋਸ਼ਲ ਹੋਣਾ ਚਾਹੁੰਦਾ ਹੈ। ਹੋਰਨਾਂ ਸ਼ਬਦਾਂ ’ਚ ਦੱਸੀਏ ਤਾਂ ਵਿਅਕਤੀ ਖੁਦ ਨੂੰ ਸੋਸ਼ਲ ਮੀਡੀਆ ਦੇ ਬਿਨਾਂ ਅਧੂਰਾ ਸਮਝਦਾ ਹੈ। ਅੱਜ ਸੋਸ਼ਲ ਮੀਡੀਆ ਦੁਨੀਆ ਭਰ ਦੇ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ ਅਤੇ ਇਸ ਨੇ ਵਿਸ਼ਵ ’ਚ ਸੰਚਾਰ ਨੂੰ ਇੱਕ ਨਵਾਂ ਪਹਿਲੂ ਦਿੱਤਾ ਹੈ।

ਸੋਸ਼ਲ ਮੀਡੀਆ ਅੱਜ ਲੋਕਾਂ ਲਈ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵੇਂ ਨਜ਼ਰੀਆਂ ਤੋਂ ਹਥਿਆਰ ਦਾ ਕੰਮ ਕਰ ਰਿਹਾ ਹੈ। ਸੋਸ਼ਲ ਮੀਡੀਆ ਉਨ੍ਹਾਂ ਲੋਕਾਂ ਦੀ ਆਵਾਜ਼ ਬਣਿਆ ਹੈ ਜੋ ਸਮਾਜ ਦੀ ਮੁੱਖ ਧਾਰਾ ਤੋਂ ਵੱਖਰੇ ਹਨ ਅਤੇ ਜਿਨ੍ਹਾਂ ਦੀ ਆਵਾਜ ਨੂੰ ਦਬਾਇਆ ਜਾਂਦਾ ਰਿਹਾ ਹੈ। ਜਿੱਥੇ ਸੋਸ਼ਲ ਮੀਡੀਆ ਕਈ ਕਾਰੋਬਾਰੀਆਂ ਲਈ ਕਾਰੋਬਾਰ ਦੇ ਇੱਕ ਚੰਗੇ ਸਾਧਨ ਦੇ ਰੂਪ ’ਚ ਕੰਮ ਕਰ ਰਿਹਾ ਹੈ ਤਾਂ ਸੋਸ਼ਲ ਮੀਡੀਆ ਦੇ ਨਾਲ ਹੀ ਕਈ ਤਰ੍ਹਾਂ ਦੇ ਰੁਜ਼ਗਾਰਾਂ ਦੇ ਮੌਕੇ ਵੀ ਸੋਸ਼ਲ ਮੀਡੀਆ ਤੋਂ ਪੈਦਾ ਹੋਏ ਹਨ, ਜਿਨ੍ਹਾਂ ਦਾ ਲਾਭ ਉਠਾ ਕੇ ਕਈ ਲੋਕਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਇਸ ਤੋਂ ਹਾਸਲ ਹੋਇਆ ਹੈ। ਮੌਜੂਦਾ ਸਮੇਂ ’ਚ ਆਮ ਨਾਗਰਿਕਾਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਾਫੀ ਵਿਆਪਕ ਪੱਧਰ ’ਤੇ ਕੀਤੀ ਜਾ ਰਹੀ ਹੈ, ਇੱਥੋਂ ਤੱਕ ਕਿ ਸਰਕਾਰੀ ਸੰਸਥਾਵਾਂ ਤੇ ਵਿਭਾਗਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ਬਣਾਏ ਹਨ, ਜਿਨ੍ਹਾਂ ਨਾਲ ਸਬੰਧਤ ਜਾਣਕਾਰੀਆਂ ਤੋਂ ਲੋਕਾਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ। ਇਸ ਨਾਲ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਪ੍ਰਸ਼ਾਸਨ ਤੇ ਜਨਤਾ ਦੇ ਦਰਮਿਆਨ ਜੋ ਅਪ੍ਰਤੱਖ ਦੂਰੀ ਰਹਿੰਦੀ ਸੀ ਉਸ ’ਚ ਕੜੀ ਦਾ ਕੰਮ ਸੋਸ਼ਲ ਮੀਡੀਆ ਨਾਲ ਸੰਭਵ ਹੋ ਸਕਿਆ ਹੈ।

ਅੱਜ ਸੋਸ਼ਲ ਮੀਡੀਆ ਸੂਚਨਾਵਾਂ ਦਾ ਕੇਂਦਰ ਜਾਪਦਾ ਹੈ। ਕਈ ਖੋਜਾਂ ’ਚ ਸਾਹਮਣੇ ਆਇਆ ਹੈ ਕਿ ਦੁਨੀਆ ਭਰ ’ਚ ਵਧੇਰੇ ਲੋਕ ਰੋਜਮਰਾ ਦੀਆਂ ਜੋ ਸੂਚਨਾਵਾਂ ਹਨ ਉਨ੍ਹਾਂ ਨੂੰ ਸਵੇਰੇ ਉੱਠਦੇ ਹੀ ਸੋਸ਼ਲ ਮੀਡੀਆ ਦੇ ਰਾਹੀਂ ਹਾਸਲ ਕਰਦੇ ਹਨ। ਭਾਰਤ ਵਰਗੇ ਰਾਸ਼ਟਰ ਲਈ ਕਹੀਏ ਤਾਂ ਸੋਸ਼ਲ ਮੀਡੀਆ ਇੱਕ ਵਰਦਾਨ ਵੀ ਹੈ ਤੇ ਕਈ ਮਾਇਨਿਆਂ ’ਚ ਇਹ ਸਮੱਸਿਆ ਦਾ ਉਤਪਾਦਕ ਵੀ ਬਣ ਜਾਂਦਾ ਹੈ। ਜੇਕਰ ਸੋਸ਼ਲ ਮੀਡੀਆ ਦਾ ਅਧਿਐਨ ਭਾਰਤ ਦੇ ਸੰਦਰਭ ’ਚ ਕਰੀਏ ਤਾਂ ਸੋਸ਼ਲ ਮੀਡੀਆ ਨੇ ਸਮਾਜ ਦੇ ਆਖਰੀ ਕੰਢੇ ’ਤੇ ਖੜ੍ਹੇ ਵਿਅਕਤੀ ਨੂੰ ਵੀ ਸਮਾਜ ਦੀ ਮੁੱਖਧਾਰਾ ਨਾਲ ਜੁੜਨ ਅਤੇ ਖੁੱਲ੍ਹ ਕੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ। ਮੇਰੇ ਅਨੁਸਾਰ ਮੌਜੂਦਾ ’ਚ ਭਾਰਤ ਦੇ ਮਿਲੀਅਨ ਲੋਕ ਸੋਸ਼ਲ ਮੀਡੀਆ ਯੂਜ਼ਰ ਹਨ ਭਾਰਤੀ ਵਰਤੋਂਕਾਰ ਔਸਤਨ ਬਹੁਤੇ ਘੰਟੇ ਸੋਸ਼ਲ ਮੀਡੀਆ ’ਤੇ ਬਿਤਾਉਂਦੇ ਹਨ। ਫਿਲੀਪੀਂਜ ਦੇ ਵਰਤੋਂਕਾਰ ਸੋਸ਼ਲ ਮੀਡੀਆ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ, ਜਦਕਿ ਜਾਪਾਨ ’ਚ ਸਭ ਤੋਂ ਘੱਟ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਸੋਸ਼ਲ ਮੀਡੀਆ ਆਪਣੀਆਂ ਕਈ ਕਾਰਨ ਕਰਕੇ ਚਰਚਾ ’ਚ ਰਹਿੰਦਾ ਹੈ।

ਦਰਅਸਲ ਸੋਸ਼ਲ ਮੀਡੀਆ ਦੀ ਭੂਮਿਕਾ ਸਮਾਜਿਕ ਭਾਈਚਾਰੇ ਨੂੰ ਵਿਗਾੜਨ ਅਤੇ ਹਾਂ-ਪੱਖੀ ਸੋਚ ਦੀ ਥਾਂ ਸਮਾਜ ਨੂੰ ਵੰਡਣ ਵਾਲੀ ਸੋਚ ਨੂੰ ਸ਼ਹਿ ਦੇਣ ਵਾਲੀ ਵੀ ਕਈ ਵਾਰ ਹੋ ਜਾਂਦੀ ਹੈ। ਵਿਵਾਦਾਂ ਨੂੰ ਜਨਮ ਦੇਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੋਸ਼ਲ ਮੀਡੀਆ ਦੀ ਵਰਤੋਂ ਲਈ ਕੋਈ ਨਿਯਮ ਮੌਜੂਦ ਨਹੀਂ ਹਨ, ਕੋਈ ਵੀ ਵਿਅਕਤੀ ਕਿਸੇ ਵੀ ਨਾਂਅ ’ਤੇ ਪਛਾਣ ਤੇ ਖਾਤਾ ਬਣਾ ਕੇ ਜੋ ਇੱਛਾ ਹੋਵੇ ਉਹ ਸਾਂਝਾ ਕਰ ਸਕਦਾ ਹੈ। ਇਸ ਤੋਂ ਜਨਮ ਮਿਲਦਾ ਹੈ ਭਰਮਾਉਪੁਣੇ ਅਤੇ ਅਪਰਾਧਾਂ ਨੂੰ। ਜੇਕਰ ਕੋਈ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਕਰਦਾ ਹੈ ਤਾਂ ਉਸ ਨਾਲ ਸਾਡਾ ਦਿਮਾਗ ਨਾਂਹ-ਪੱਖੀ ਤੌਰ ’ਤੇ ਪ੍ਰਭਾਵਿਤ ਹੁੰਦਾ ਹੈ ਤੇ ਸਾਨੂੰ ਇਹ ਡਿਪ੍ਰੈਸ਼ਨ ਵੱਲ ਲੈ ਕੇ ਜਾ ਸਕਦਾ ਹੈ। ਸੋਸ਼ਲ ਮੀਡੀਆ ਕਿਤੇ ਨਾ ਕਿਤੇ ਸਾਈਬਰ-ਅਪਰਾਧਾਂ ਨੂੰ ਵੀ ਅੱਗ ’ਚ ਘਿਓ ਪਾਉਣ ਦਾ ਕੰਮ ਕਰਦਾ ਹੈ। ਇਹ ਫੇਕ ਨਿਊਜ ਤੇ ਹੇਟ ਸਪੀਚ ਫੈਲਾਉਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੋਸ਼ਲ ਮੀਡੀਆ ’ਤੇ ਖੂਫੀਅਤਾ ਦੀ ਕਮੀ ਹੁੰਦੀ ਹੈ ਤੇ ਕਈ ਵਾਰ ਤੁਹਾਡਾ ਨਿੱਜੀ ਡਾਟਾ ਚੋਰੀ ਹੋਣ ਦਾ ਖਤਰਾ ਰਹਿੰਦਾ ਹੈ। ਜਿੱਥੇ ਤਕਨੀਕ ਹੈ, ਉੱਥੇ ਅਪਰਾਧੀਆਂ ਦੇ ਕੋਲ ਵੀ ਹਾਈ ਲੈਵਲ ਤਕਨੀਕ ਹੋਵੇਗੀ ਜਿਸ ਨਾਲ ਸਾਈਬਰ ਅਪਰਾਧੀ ਜਿਵੇਂ ਹੈਕਿੰਗ ਅਤੇ ਫਿਸ਼ਿੰਗ ਆਦਿ ਦਾ ਖਤਰਾ ਵੀ ਵਧ ਜਾਂਦਾ ਹੈ। ਅੱਜ-ਕੱਲ੍ਹ ਸੋਸ਼ਲ ਮੀਡੀਆ ਰਾਹੀਂ ਧੋਖਾਦੇਹੀ ਦਾ ਰਿਵਾਜ ਵੀ ਕਾਫੀ ਵਧ ਗਿਆ ਹੈ, ਇਹ ਲੋਕ ਅਜਿਹੇ ਸੋਸ਼ਲ ਮੀਡੀਆ ਵਰਤੋਂਕਾਰ ਦੀ ਭਾਲ ਕਰਦੇ ਹਨ, ਜਿਨ੍ਹਾਂ ਨੂੰ ਅਸਾਨੀ ਨਾਲ ਫਸਾਇਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਦੀ ਵੱਧ ਵਰਤੋਂ ਸਾਡੇ ਸਰੀਰ ਅਤੇ ਮਾਨਸਿਕ ਸਿਹਤ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਸਮਾਜ ਲਈ ਇੱਕ ਸਮੱਸਿਆ ਵੀ ਹੈ ਤੇ ਇੱਕ ਮੌਕਾ ਵੀ ਪਰ ਨਿਰਭਰ ਵਿਅਕਤੀ ਦੀ ਵਰਤੋਂ ’ਤੇ ਕਰਦਾ ਹੈ ਕਿ ਉਹ ਇਸ ਨੂੰ ਮੌਕੇ ਦੇ ਰੂਪ ’ਚ ਅਪਣਾਉਂਦੇ ਹਨ ਜਾਂ ਆਪਣੇ ਲਈ ਜਾਂ ਦੂਜਿਆਂ ਲਈ ਸਮੱਸਿਆ ਬਣਾਉਂਦੇ ਹਨ। ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ ਤੇ ਇਹ ਸਦੀ ਵਿਗਿਆਨ ਦੀ ਸਦੀ ਕਰਕੇ ਜਾਣੀ ਜਾਂਦੀ ਹੈ। ਇਸ ਸਮੇਂ ਵਿੱਚ ਹਰ ਤਕਨੀਕ ਦਾ ਬਹੁਤ ਵਿਕਾਸ ਹੋਇਆ ਹੈ। ਇਸੇ ਵਿਕਾਸ ਦਾ ਅਸਰ ਇੰਟਰਨੈੱਟ ਦੇ ਖੇਤਰ ਵਿੱਚ ਵੀ ਖ਼ੂੁਬ ਹੋਇਆ ਹੈ। ਅੱਜ ਇੰਟਰਨੈੱਟ ਦੀ ਵਰਤੋਂ ਕੰਪਿਊਟਰ ’ਤੇ ਹੀ ਨਹੀਂ ਸਗੋਂ ਮੋਬਾਇਲਾਂ ’ਤੇ ਵੀ ਉਪਲੱਬਧ ਹੈ। ਲੋਕਾਂ ਵਿੱਚ ਆਪਸੀ ਸੰਪਰਕ ਨੂੰ ਹੁਲਾਰਾ ਦੇਣ ਲਈ ਕਈ ਵੈਬਸਾਈਟਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਨੂੰ ਸੋਸਲ ਸਾਈਟਸ ਦਾ ਨਾਂਅ ਦਿੱਤਾ ਗਿਆ ਹੈ ਇਨ੍ਹਾਂ ਵਿੱਚ ਟਵਿੱਟਰ ਫੇਸਬੁੱਕ ਵੱਟਸਐਪ ਲਾਇਨ ਅਤੇ ਵਾਇਬਰ ਆਦਿ ਸ਼ਾਮਲ ਹਨ। ਇਨ੍ਹਾਂ ਸਾਇਟਾਂ ਵਿੱਚ ਇੱਕ ਵਿਅਕਤੀ ਆਪਣਾ ਖਾਤਾ ਖੋਲ੍ਹ ਕੇ ਬਾਕੀ ਵਰਤਣ ਵਾਲਿਆਂ ਨਾਲ ਸੰਪਰਕ ਕਰ ਸਕਦਾ ਹੈ। ਇਨ੍ਹਾਂ ਸਾਇਟਾਂ ਦੀ ਮੱਦਦ ਨਾਲ ਲੋਕ ਇੱਕ-ਦੂਜੇ ਨੂੰ ਲਿਖਤੀ ਸੰਦੇਸ਼ ਤਸਵੀਰਾਂ ਤੇ ਵੀਡੀਓ ਆਦਿ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕਈ ਸੋਸ਼ਲ ਸਾਈਟਾਂ ’ਤੇ ਤਾਂ ਇੰਟਰਨੈੱਟ ਨਾਲ ਬਿਨਾਂ ਆਪਣੇ ਖਾਤੇ ’ਚੋਂ ਪੈਸੇ ਖ਼ਰਚ ਕੀਤਿਆਂ ਮੁਫ਼ਤ ਵਿੱਚ ਗੱਲ ਵੀ ਹੋ ਜਾਂਦੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸੋਸ਼ਲ ਮੀਡੀਆ ਨਾਲ ਲੋਕ ਹੋਰ ਇੱਕ-ਦੂਜੇ ਦੇ ਨੇੜੇ ਹੋ ਗਏ ਹਨ ਪਰ ਇੰਟਰਨੈੱਟ ਦੀ ਲੋੜ ਤੋਂ ਬਿਨਾਂ, ਲੋੜ ਤੋਂ ਜ਼ਿਆਦਾ ਤੇ ਗਲਤ ਵਰਤੋਂ ਸਾਡੇ ਲਈ ਮਾੜੀ ਸਿੱਧ ਹੁੰਦੀ ਹੈ। ਨੌਜੁਆਨਾਂ ’ਚ ਇਨ੍ਹਾਂ ਸਾਈਟਾਂ ਦਾ ਰੁਝਾਨ ਬਹੁਤ ਵਧ ਗਿਆ ਹੈ। ਤੁਸੀਂ ਸਕੂਲਾਂ, ਕਾਲਜਾਂ ਤੇ ਜਨਤਕ ਥਾਵਾਂ ਆਦਿ ਕਿਤੇ ਵੀ ਕਿਸੇ ਨੌਜੁਆਨ ਨੂੰ ਦੇਖੋ ਤਾਂ ਲਗਭਗ 90 ਫ਼ੀਸਦੀ ਉਹ ਮੋਬਾਈਲ ’ਤੇ ਸੋਸ਼ਲ ਮੀਡੀਆ ਨਾਲ ਜੁੜੇ ਮਿਲਣਗੇ। ਇਸ ਨਾਲ ਸਭ ਤੋਂ ਅਹਿਮ ਤਾਂ ਨੌਜੁਆਨਾਂ ਦੇ ਅਣਮੁੱਲੇ ਸਮੇਂ ਦੀ ਬਰਬਾਦੀ ਹੁੰਦੀ ਹੈ। ਕਈ ਵਾਰੀ ਫੇਕ (ਝੂਠੇ) ਖਾਤੇ ਬਣਾ ਕੇ ਲੋਕ ਇੱਕ-ਦੂਜੇ ਨੂੰ ਗੁਮਰਾਹ ਵੀ ਕਰਦੇ ਹਨ। ਅਖ਼ਬਾਰਾਂ ਵਿੱਚ ਅਜਿਹੀਆਂ ਕਈ ਖ਼ਬਰਾਂ ਲਗਭਗ ਹਰ ਰੋਜ਼ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜੁਆਨ ਆਪਣਾ ਮਾਇਕ, ਜਿਨਸੀ ਅਤੇ ਮਾਨਸਿਕ ਨੁਕਸਾਨ ਕਰਵਾ ਬੈਠਦੇ ਹਨ ਇਨ੍ਹਾਂ ਵਿੱਚ ਕੁੜੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਇਸ ਲਈ ਕਿਸੇ ਨਾਲ ਵੀ ਸੰਪਰਕ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਕਿਸੇ ਅਣਜਾਣ ਤੇ ਬੇ-ਭਰੋਸੇਯੋਗ ਵਿਅਕਤੀ ਨਾਲ ਆਪਣਾ ਨਿੱਜੀ ਜੀਵਨ, ਫੋਟੋਆਂ ਤੇ ਵੀਡੀਓ ਜਾਂ ਬੈਂਕ ਅਕਾਉਂਟ ਸਬੰਧੀ ਕੁਝ ਵੀ ਸਾਂਝਾ ਨਹੀਂ ਕਰਨਾ ਚਾਹੀਦਾ।

ਅੱਜ ਦੁਨੀਆਂ ਵਿੱਚ ਕੋਈ ਘਟਨਾ ਜਾਂ ਦੁਰਘਟਨਾ ਵਾਪਰਨ ਦੇ ਨਾਲ ਹੀ ਇਸ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਅੱਗ ਵਾਂਗੂ ਫੈਲ ਜਾਂਦੀ ਹੈ। ਕਈ ਵਾਰੀ ਲੋਕਾਂ ਵਿੱਚ ਅਫ਼ਵਾਹ ਫੈਲਾਉਣ ਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਝੂਠੀਆਂ ਗੱਲਾਂ ਵੀ ਫੈਲਾਅ ਦਿੱਤੀਆਂ ਜਾਂਦੀਆਂ ਹਨ ਜਿਵੇਂ ਕੋਈ ਵੱਡੀ ਹਸਤੀ ਦੀ ਮੌਤ ਹੋ ਗਈ ਜਾਂ ਕਿਸੇ ਧਰਮ ਨਾਲ ਸਬੰਧਤ ਝੂਠੀਆਂ ਗੱਲਾਂ ਆਦਿ ਜਿਨ੍ਹਾਂ ਦਾ ਆਮ ਜਨਤਾ ਉੱਪਰ ਮਾਰੂ ਅਸਰ ਪੈਂਦਾ ਹੈ। ਜੇ ਸੋਸ਼ਲ ਮੀਡੀਆ ਦੀ ਵਰਤੋਂ ਸਾਡੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਲਈ ਤੇ ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਕੀਤੀ ਜਾਵੇ ਤਾਂ ਇਹ ਸਾਡੇ ਸਮਾਜ ਦੀ ਨੁਹਾਰ ਬਦਲ ਸਕਦਾ ਹੈ। ਮੇੇਰੇ ਅਨੁਸਾਰ ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਕੀਤੀ ਜਾਵੇ। ਇਹ ਸਾਡੇ ਆਪਸੀ ਸੰਪਰਕ ਵਿੱਚ ਸੌਖ ਲਈ ਬਣਾਇਆ ਗਿਆ ਸੀ ਨਾ ਕਿ ਇੱਕ-ਦੂਜੇ ਦਾ ਨੁਕਸਾਨ ਕਰਨ ਲਈ। ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਕਰੋ ਪਰ ਸਾਵਧਾਨੀ ਅਤੇ ਸੰਜਮ ਨਾਲ।

ਡਾ. ਵਨੀਤ ਕੁਮਾਰ ਸਿੰਗਲਾ
ਸਟੇਟ ਐਵਾਰਡੀ,
ਬੁਢਲਾਡਾ, ਮਾਨਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ