ਹਲਕਾ ਭਦੌੜ ਦੇ ਪਿੰਡਾਂ ’ਚ ਮੁੱਖ ਮੰਤਰੀ ਚੰਨੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ

cm hanni,CM Channi

ਰੋਹ ’ਚ ਆਏ ਕਿਸਾਨਾਂ ਨੇ ‘ਮੁੱਖ ਮੰਤਰੀ ਚਰਨਜੀਤ ਚੰਨੀ (CM Channi ) ਮੁਰਦਾਬਾਦ’ ਦੇ ਲਗਾਏ ਨਾਅਰੇ

(ਜਸਵੀਰ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਲਈ ਜਿੱਤ ਦਾ ਰਾਹ ਕੰਢਿਆਲੀ ਥੋਹਰ ਉੱਪਰ ਦੀ ਲੰਘਣ ਦੇ ਬਰਾਬਰ ਬਣਦਾ ਜਾ ਰਿਹਾ ਹੈ। ਕਿਉਂਕਿ ਜਿਆਦਾਤਰ ਪਿੰਡਾਂ ਅੰਦਰ ਮੁਲਾਜ਼ਮ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੀ ਮਿਸ਼ਾਲ ਅੱਜ ਹਲਕੇ ਦੇ ਪਿੰਡ ਫਤਹਿਗੜ ਛੰਨਾ ਤੇ ਪਿੰਡ ਕੋਟਦੁੰਨਾ ਵਿਖੇ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਆਪਣੇ ਸਵਾਲਾਂ ਦੇ ਜਵਾਬ ਮੰਗਣ ਪੁੱਜੇ ਕਿਸਾਨਾਂ ਨੂੰ ‘ਮੁੱਖ ਮੰਤਰੀ ਚਰਨਜੀਤ ਚੰਨੀ ਮੁਰਦਾਬਾਦ’ ਦੇ ਨਾਅਰੇ ਲਾਉਣ ਲਈ ਮਜ਼ਬੂਰ ਹੋਣਾ ਪਿਆ।ਕਿਉਂਕਿ ਮੁੱਖ ਮੰਤਰੀ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਇ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਗੱਡੀ ਅੰਦਰੋਂ ਹੀ ਹੱਥ ਹਿਲਾ ਕੇ ਅੱਗੇ ਲੰਘ ਗਏ।

ਅਜੇ ਤੱਕ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਆਗੂ ਬਲੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਉਨ੍ਹਾਂ ਨੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਸਵਾਲ ਕਰਨੇ ਸਨ, ਪਰੰਤੂ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੀ ਫਸਲ ਦੇ ਮੁਆਵਜੇ ਸਬੰਧੀ ਸਵਾਲ ਕੀਤੇ ਜਾਣੇ ਸਨ, ਕਿਉਂਕਿ ਅਜੇ ਤੱਕ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ। ਸੱਤਾ ’ਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਤੋਂ ਮੁੱਕਰਨ ਸਬੰਧੀ ਸਵਾਲ ਕੀਤੇ ਜਾਣੇ ਸਨ। ਇਸ ਤੋਂ ਇਲਾਵਾ ਮਾਨਸਾ ਵਿੱਚ ਇੱਕ ਡੀਐਸਪੀ ਵੱਲੋਂ ਰੁਜਗਾਰ ਮੰਗਦੇ ਸਾਡੇ ਨੌਜਵਾਨ ਲੜਕੇ ਲੜਕੀਆਂ ਦੀ ਕੁੱਟਮਾਰ ਕੀਤੀ ਗਈ, ਜਿਸ ਨੂੰ ਮੁਅੱਤਲ ਕਰਨ ਦੀ ਮੰਗ ਸੀ ਪ੍ਰੰਤੂ ਮੁੱਖ ਮੰਤਰੀ ਚੰਨੀ ਨੇ ਉਸ ’ਤੇ ਵੀ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਚੋਣਾਂ ਤੋਂ ਪਹਿਲਾਂ ਹੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਤਾਂ ਉਹ ਜਿੱਤਣ ਤੋਂ ਬਾਅਦ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਚੰਨੀ ਆਪਣੇ ਆਪ ਨੂੰ ਆਮ ਆਦਮੀ ਦੱਸ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਸੌ ਤੋਂ ਵੱਧ ਗੱਡੀਆਂ ਦਾ ਕਾਫਲਾ ਲਈ ਫਿਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸਵਾਲਾਂ ਦੇ ਜਵਾਬ ਇਸੇ ਤਰ੍ਹਾਂ ਮੰਗਦੇ ਰਹਿਣਗੇ ਤੇ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਪਿੰਡਾਂ ਅੰਦਰ ਘੇਰਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ