ਲੌਗ ਬੁੱਕ ਜਮਾਂ ਕਰਵਾਉਣ ਤੋਂ ਚਾਰ ਮਹੀਨਿਆਂ ਬਾਅਦ ਵੀ ਨਹੀਂ ਮਿਲਿਆ ਗੱਡੀਆਂ ਦਾ ਕਿਰਾਇਆ : ਪੀੜਤ | Amritpal Case
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੁਲਿਸ ਵਿਭਾਗ ਦੇ ਕਹਿਣ ’ਤੇ ਫੌਜ ਨੂੰ ਆਪਣੀਆਂ ਗੱਡੀਆਂ ਮੁਹੱਈਆ ਕਰਵਾਉਣ ਵਾਲੇ ਅੱਜ ਆਪਣਾ ਭਾੜਾ ਤੇ ਹੋਰ ਖਰਚੇ ਲੈਣ ਲਈ ਦਰ-ਬ-ਦਰ ਭਟਕ ਰਹੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੌਗ ਬੁੱਕ ਜਮਾਂ ਕਰਵਾਈ ਨੂੰ ਵੀ ਕਈ ਮਹੀਨੇ ਬੀਤ ਚੁੱਕੇ ਹਨ, ਬਾਵਜ਼ੂਦ ਇਸ ਦੇ ਉਨ੍ਹਾਂ ਨੂੰ ਭਾੜਾ ਨਸੀਬ ਨਹੀਂ ਹੋਇਆ। ਜਿਸ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਖਰਚੇ ਤੋਰਨੇ ਦੁੱਬਰ ਹੋਏ ਪਏ ਹਨ। (Amritpal Case)
ਕਮਿਸ਼ਨਰ ਦਫ਼ਤਰ ਬਾਹਰ ਜਾਣਕਾਰੀ ਦਿੰਦਿਆਂ ਸਮਸ਼ੇਰ ਸਿੰਘ, ਜੀਤ ਸਿੰਘ, ਅਵਤਾਰ ਸਿੰਘ, ਚਿੰਤ ਰਾਮ ਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਅੰਮਿ੍ਰਤਪਾਲ ਦੀ ਗਿ੍ਰਫ਼ਤਾਰੀ ਮੌਕੇ ਪੁਲਿਸ ਵਿਭਾਗ ਦੁਆਰਾ ;ਫੌਜ ਦੇ ਇੱਧਰ- ਉੱਧਰ ਜਾਣ ਵਾਸਤੇ ਟਰਾਂਪੋਰਟਰ ਯੂਨੀਅਨਾਂ ਤੋਂ ਕਿਰਾਏ ’ਤੇ ਕੁੱਝ ਗੱਡੀਆਂ ਦੀ ਮੰਗ ਕੀਤੀ ਗਈ ਸੀ। ਯੂਨੀਅਨ ਆਗੂਆਂ ਦੇ ਕਹਿਣ ’ਤੇ ਉਨ੍ਹਾਂ ਆਪਣੀਆਂ ਗੱਡੀਆਂ ਆਈਟੀਵੀਪੀ ਕੈਂਪ ਬੱਦੋਵਾਲ ਵਿਖੇ ਫੌਜ ਨਾਲ 48 ਤੋਂ ਲੈ ਕੇ 50 ਦਿਨ ਦੇ ਕਰੀਬ ਲਾ ਕੇ ਰੱਖੀਆਂ।
ਇਸ ਦੌਰਾਨ ਉਹ ਚੌਵੀ ਘੰਟੇ ਕੈਂਪ ’ਚ ਹੀ ਹਾਜ਼ਰ ਰਹੇ। ਜਿੱਥੇ ਉਨਾਂ ਨੂੰ ਖਾਣਾ ਵੀ ਪ੍ਰਤੀ ਦਿਨ 135 ਦੇ ਹਿਸਾਬ ਨਾਲ ਆਪਣੇ ਪੱਲਿਓਂ ਹੀ ਖਾਣਾ ਪਿਆ। ਉਨ੍ਹਾਂ ਦੱਸਿਆ ਕਿ ਲੌਗ ਬੁੱਕ ਐਮ.ਟੀ.ਓ. ਪੁਲਿਸ ਲਾਇਨ ਲੁਧਿਆਣਾ ਕੋਲ ਜਮਾਂ ਕਰਵਾਉਣ ਤੋਂ 4 ਮਹੀਨਿਆਂ ਬਾਅਦ ਵੀ ਉਨਾਂ ਨੂੰ ਗੱਡੀਆਂ ਦਾ ਕਿਰਾਇਆ ਨਹੀਂ ਮਿਲਿਆ। ਜਿਸ ਕਰਕੇ ਉਨ੍ਹਾਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਰੁਕ ਗਈਆਂ ਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 4 ਮਾਰਚ ਤੋਂ 21 ਅਪਰੈਲ 2023 ਤੱਕ ਫੌਜ ਨਾਲ ਚੱਲੀਆਂ ਗੱਡੀਆਂ ਦਾ ਕਿਰਾਇਆ ਲੱਖਾਂ ’ਚ ਬਣਦਾ ਹੈ।
ਇਹ ਵੀ ਪੜ੍ਹੋ : ਔਰਤਾਂ ਘਰ ਬੈਠੇ ਕਰ ਸਕਦੀਆਂ ਨੇ ਚੰਗੀ ਕਮਾਈ, ਬੱਸ ਸ਼ੁਰੂ ਕਰੋ ਇਹ ਸੌਖੇ ਜਿਹੇ ਬਿਜ਼ਨਸ, ਜਾਣੋ ਕਿਵੇ?
ਜੀਤ ਸਿੰਘ ਨੇ ਦੱਸਿਆ ਕਿ ਉਸਨੇ 8 ਮਈ ਤੋਂ 11 ਜੂਨ 2023 ਤੱਕ ਆਪਣੀ ਗੱਡੀ ਬੀ.ਐਸ.ਐਫ਼. ਨਾਲ ਲਗਾ ਕੇ ਰੱਖੀ ਪਰ ਹਾਲੇ ਤੱਕ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀਆਂ ਗੱਡੀਆਂ ਕਮਿਸ਼ਨਰ ਪੁਲਿਸ ਰਾਹੀਂ ਫੌਜ ਨਾਲ ਲਗਾਈਆਂ ਸਨ। ਜਿਸ ਦਾ ਉਸ ਸਮੇਤ ਉਕਤਾਨ ਨੂੰ ਹਾਲੇ ਤੱਕ ਧੇਲਾ ਵੀ ਨਸੀਬ ਨਹੀਂ ਹੋਇਆ। ਉਕਤਾਨ ਨੇ ਅੱਜ ਕਮਿਸ਼ਨਰ ਦਫ਼ਤਰ ਆਪਣੀ ਅਰਜੀ ਲਾ ਕੇ ਆਪਣੀਆਂ ਗੱਡੀਆਂ ਦਾ ਬਣਦਾ ਕਿਰਾਇਆ ਦਿਵਾਉਣ ਦੀ ਮੰਗ ਕੀਤੀ ਹੈ।