ਮੈਂਥੇ ਦੀ ਕਾਸ਼ਤ ਲਈ ਸੁਧਰੀਆਂ ਤਕਨੀਕਾਂ

Improved techniques for the cultivation of weeds

ਸਕੂਲ ਆਫ ਔਰਗੈਨਿਕ ਫਾਰਮਿੰਗ

ਪੰਜਾਬ ਦੀ ਖੇਤੀ-ਜਲਵਾਯੂ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਫ਼ਸਲੀ ਵਿਭਿੰਨਤਾ ਵਿੱਚ ਯੋਗਦਾਨ ਪਾਉਣ ਲਈ ਮੈਂਥਾ ਨੂੰ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਬਹਾਰ ਰੁੱਤ ਸ਼ੁਰੂ ਹੋਣ ‘ਤੇ ਮੈਂਥਾ (ਜਪਾਨੀ ਪੁਦੀਨਾ) ਪੰਜਾਬ ਵਿੱਚ ਸਫਲਤਾ ਨਾਲ ਉਗਾਇਆ ਜਾ ਸਕਦਾ ਹੈ। ਜ਼ਮੀਨ ਦੀ ਪ੍ਰਤੀ ਇਕਾਈ ਉਤਪਾਦਕਤਾ ਵਧਾਉਣ ਲਈ ਮੈਂਥੇ ਨੂੰ ਅੰਤਰ ਫ਼ਸਲ ਵਜੋਂ ਵੱਖ-ਵੱਖ ਹੋਰ ਫ਼ਸਲਾਂ ਜਿਵੇਂ ਕਿ ਗੰਨਾ, ਸੂਰਜਮੁਖੀ ਤੇ ਪਿਆਜ਼ ਵਿੱਚ ਵੀ ਉਗਾਇਆ ਜਾ ਸਕਦਾ ਹੈ। ਫ਼ਸਲ ਦੀ ਕਾਸ਼ਤ ਮੁੱਖ ਤੌਰ ‘ਤੇ ਇਸ ਦੇ ਤੇਲ ਲਈ ਕੀਤੀ ਜਾਂਦੀ ਹੈ ਜਿਸਦੀ ਵਰਤੋਂ ਦਵਾਈਆਂ, ਹਾਰ-ਸ਼ਿੰਗਾਰ ਦਾ ਸਾਮਾਨ, ਖਾਣ-ਪੀਣ ਵਾਲੀਆਂ ਵਸਤਾਂ ਤੇ ਖੁਸ਼ਬੂਦਾਰ ਤੇਲ ਆਦਿ ‘ਚ ਹੁੰਦੀ ਹੈ। ਇਸ ਦੀਆਂ ਇਨ੍ਹਾਂ ਅਨੇਕਾਂ ਵਰਤੋਂ ਕਾਰਨ, ਮੈਂਥੇ ਦੀ ਕਾਸ਼ਤ ਦੇ ਰਕਬੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਲਗਭਗ 15000 ਹੈਕਟਰ ਰਕਬੇ ਵਿੱਚ ਕੀਤੀ ਜਾਂਦੀ ਹੈ।

ਸਿੰਚਾਈ ਦੀਆਂ ਯਕੀਨੀ ਸਹੂਲਤਾਂ ਨਾਲ ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਮੈਂਥਾ ਉਗਾਇਆ ਜਾ ਸਕਦਾ ਹੈ। ਮੈਂਥੇ ਦੀਆਂ ਚਾਰ ਉਪ ਜਾਤੀਆਂ ਮੈਂਥੋਲਮਿੰਟ/ਜਪਾਨੀ ਪੁਦੀਨਾ, ਪਿਪਰਮਿੰਟ, ਸਪੀਅਰਮਿੰਟ ਤੇ ਔਰੇਂਜਮਿੰਟ ਦੀ ਕਾਸ਼ਤ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਪ੍ਰੰਤੂ ਪੰਜਾਬ ‘ਚ ਮੁੱਖ ਤੌਰ ‘ਤੇ ਮੈਂਥੋਲਮਿੰਟ/ਜਪਾਨੀ ਪੁਦੀਨੇ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਭਾਗਾਂ ਵਿੱਚ ਪਿਪਰਮਿੰਟ ਤੇ ਸਪੀਅਰਮਿੰਟ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ ।   ਮੈਂਥੋਲਮਿੰਟ/ਜਪਾਨੀ ਪੁਦੀਨੇ ਦੀ ਕੋਸੀ ਕਿਸਮ ਦੀ ਵਪਾਰਕ ਕਾਸ਼ਤ ਲਈ ਸਿਫਾਰਸ਼ ਕੀਤੀ ਜਾਂਦੀ ਹੈ ਜਿਸ ਵਿੱਚ ਤੇਲ ਦੀ ਮਾਤਰਾ ਸਭ ਤੋਂ ਵੱਧ (0.6-0.7%) ਹੈ । ਕੋਸੀ ਕਿਸਮ ਸਭ ਵੱਧ ਝਾੜ ਤੇ ਤੇਲ ਦਿੰਦੀ ਹੈ ਜੇਕਰ ਕਾਸ਼ਤ ਦੇ 150 ਦਿਨਾਂ ‘ਚ ਕਟਾਈ ਕੀਤੀ ਜਾਂਦੀ ਹੈ।
ਹੇਠ ਲਿਖੇ ਨੁਕਤੇ ਅਪਣਾ ਕੇ ਮੈਂਥੇ ਤੋਂ ਵਧੇਰੇ ਝਾੜ ਤੇ ਮੁਨਾਫਾ ਲਿਆ ਜਾ ਸਕਦੈ।

ਜ਼ਮੀਨ ਦੀ ਕਿਸਮ:

ਮੈਂਥੇ ਦੀ ਕਾਸ਼ਤ ਕਲਰਾਠੇਪਣ ਤੇ ਸੇਮ ਰਹਿਤ, ਚੰਗੇ ਜਲ ਨਿਕਾਸ,  ਚੰਗੇ ਜੈਵਿਕ ਪਦਾਰਥ ਵਾਲੀ, ਰੇਤਲੀ ਮੈਰਾ ਤੋਂ ਮੈਰਾ ਜ਼ਮੀਨਾਂ ‘ਤੇ ਕੀਤੀ ਜਾ ਸਕਦੀ ਹੈ

ਬਿਜਾਈ ਦਾ ਸਮਾਂ ਤੇ ਤਰੀਕਾ:

ਸਹੀ ਸਮੇਂ ‘ਤੇ ਬਿਜਾਈ ਕਰਕੇ ਫ਼ਸਲ ਨੂੰ ਸਹੀ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕਦਾ ਹੈ। ਮੈਂਥੇ ਦੀ ਬਿਜਾਈ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਕੀਤੀ ਜਾ ਸਕਦੀ ਹੈ ਅਤੇ ਕੋਸੀ ਕਿਸਮ ਨੂੰ ਅੱਧ ਫਰਵਰੀ ਤੱਕ ਵੀ ਬੀਜਿਆ ਜਾ ਸਕਦਾ ਹੈ। ਪਛੇਤੀ ਹਾਲਤ ਵਿੱਚ, ਜੇਕਰ ਚੰਗੀਆਂ ਸਿੰਚਾਈ ਸਹੂਲਤਾਂ ਹੋਣ, ਤਾਂ ਇਸ ਦੀ ਪਨੀਰੀ ਰਾਹੀਂ ਬਿਜਾਈ ਅਪਰੈਲ ਵਿੱਚ ਵੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਨੂੰ 2-3 ਵਾਰ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਖੇਤ ਨਦੀਨਾਂ, ਮੁੱਢਾਂ ਤੇ ਵੱਡੇ ਢੇਲਿਆਂ ਤੋਂ ਰਹਿਤ ਹੋ ਜਾਵੇ। ਬਿਜਾਈ ਲਾਈਨਾਂ ਵਿੱਚ ਡੇਢ ਫੁੱਟ (45 ਸੈਂਟੀਮੀਟਰ) ਦੀ ਵਿੱਥ ‘ਤੇ ਕਰਨੀ ਚਾਹੀਦੀ ਹੈ ।

ਮੈਂਥੇ ਦੀਆਂ ਜੜ੍ਹਾਂ ਦੇ ਸਿਰਿਆਂ ਨੂੰ ਇੱਕ-ਦੂਸਰੇ ਨਾਲ ਜੋੜ ਕੇ 4-5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ । ਇਸ ਢੰਗ ਦੇ ਬਦਲ ਵਿੱਚ ਵਧੇਰੇ ਝਾੜ ਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਮੈਂਥੇ ਦੀ ਕਾਸ਼ਤ 67.5 ਸੈਂਟੀਮੀਟਰ ਚੌੜੇ ਬੈੱਡਾਂ ਤੇ 2 ਕਤਾਰਾਂ ਲਾ ਕੇ ਵੀ ਕੀਤੀ ਜਾ ਸਕਦੀ ਹੈ ਜਾਂ ਖੇਤ ਵਿੱਚ ਜੜ੍ਹਾਂ ਖਿਲਾਰ ਕੇ 60 ਸੈਂਟੀਮੀਟਰ ਚੌੜੀਆਂ ਵੱਟਾਂ ਬਣਾਈਆਂ ਜਾ ਸਕਦੀਆਂ ਹਨ । ਪਾਣੀ ਦੀ ਸੁਚੱਜੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਵਾਸਤੇ ਪ੍ਰਤੀ ਏਕੜ 24 ਕੁਇੰਟਲ ਝੋਨੇ ਦੀ ਪਰਾਲੀ ਖੇਤ ਵਿੱਚ ਪਾ ਦਿਓ। ਬਿਜਾਈ ਉਪਰੰਤ ਖੇਤ ਵਿੱਚ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ ।

ਅੰਤਰ ਫ਼ਸਲ ਬੀਜਣਾ:

ਅੰਤਰ ਫ਼ਸਲ ਬੀਜਣ ਨਾਲ ਇੱਕ ਹੀ ਸਮੇਂ ਜ਼ਮੀਨ ਦੇ ਇੱਕ ਹੀ ਹਿੱਸੇ ਤੋਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਮੈਂਥੇ ਨੂੰ ਅੰਤਰ ਫ਼ਸਲ ਵਜੋਂ ਕਮਾਦ ਤੇ ਸੂਰਜਮੁਖੀ ਜਾਂ ਪਿਆਜ਼ ਨੂੰ ਮੈਂਥੇ ਵਿੱਚ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਕਮਾਦ ਵਿੱਚ ਮੈਂਥੇ ਦੀ ਬਿਜਾਈ ਲਈ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕਮਾਦ ਦੀਆਂ ਦੋ ਕਤਾਰਾਂ ਵਿੱਚ ਮੈਂਥੇ ਦੀ ਇੱਕ ਕਤਾਰ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਲਈ 1 ਕੁਇੰਟਲ ਮੈਂਥੇ ਦੀਆਂ ਜੜ੍ਹਾਂ ਦੀ ਜ਼ਰੂਰਤ ਪੈਂਦੀ ਹੈ। ਕਮਾਦ ਵਿੱਚ ਬੀਜੇ ਮੈਂਥੇ ਦੀ ਕੇਵਲ ਇੱਕ ਹੀ ਕਟਾਈ ਕਰਨੀ ਚਾਹੀਦੀ ਹੈ । ਜੇਕਰ ਮੈਂਥੇ ਨੂੰ ਸੂਰਜਮੁਖੀ ਵਿੱਚ ਬੀਜਣਾ ਹੋਵੇ ਤਾਂ ਅਖ਼ੀਰ ਜਨਵਰੀ ਵਿੱਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਲਈ ਮੈਂਥੇ ਦੀਆਂ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਦੀ ਜ਼ਰੂਰਤ ਪੈਂਦੀ ਹੈ।

ਸੂਰਜਮੁਖੀ ਦੀ ਉੱਤਰ-ਦੱਖਣ ਦੀ ਦਿਸ਼ਾ ਵੱਲ ਲਾਈਨਾਂ ਵਿੱਚ 4 ਫੁੱਟ (120 ਸੈਂਟੀਮੀਟਰ) ਦੀ ਵਿੱਥ ‘ਤੇ ਬਿਜਾਈ ਕਰਨੀ ਚਾਹੀਦੀ ਹੈ ਅਤੇ ਬੂਟੇ ਦਾ ਫਾਸਲਾ ਅੱਧਾ ਫੁੱਟ (15 ਸੈਂਟੀਮੀਟਰ) ਰੱਖਣਾ ਚਾਹੀਦਾ ਹੈ । ਸੂਰਜਮੁਖੀ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਦੀ ਬਿਜਾਈ ਕਰਨੀ ਚਾਹੀਦੀ ਹੈ । ਜੇਕਰ ਮੈਂਥੇ ਅਤੇ ਪਿਆਜ਼ ਨੂੰ ਅੰਤਰ ਫ਼ਸਲ ਵਜੋਂ ਬੀਜਣਾ ਹੋਵੇ ਤਾਂ ਇਸ ਦੀ ਬਿਜਾਈ ਅੱਧ ਜਨਵਰੀ ਤੋਂ ਅਖ਼ੀਰ ਜਨਵਰੀ ਤੱਕ ਕੀਤੀ ਜਾ ਸਕਦੀ ਹੈ। ਡੇਢ ਫੁੱਟ (45 ਸੈਂਟੀਮੀਟਰ) ਦੀ ਵਿੱਥ ‘ਤੇ ਮੈਂਥੇ ਦੀਆਂ ਦੋ ਕਤਾਰਾਂ ਵਿਚਕਾਰ ਇੱਕ ਲਾਈਨ ਪਿਆਜ਼ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਿਆਜ਼ਾ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 3 ਇੰਚ (7.5 ਸੈਂਟੀਮੀਟਰ) ਰੱਖਣਾ ਚਾਹੀਦੈ।

ਖਾਦ ਪ੍ਰਬੰਧ:

ਮੈਂਥੇ ਦੀ ਫ਼ਸਲ ਰੂੜੀ ਦੀ ਖਾਦ ਨੂੰ ਬਹੁਤ ਮੰਨਦੀ ਹੈ, ਇਸ ਲਈ ਮੈਂਥੇ ਦੀ ਫ਼ਸਲ ਨੂੰ ਇੱਕ ਏਕੜ ਵਿੱਚ 10-15 ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, 60 ਕਿਲੋ ਨਾਈਟ੍ਰੋਜਨ ਤੇ 16 ਕਿਲੋ ਫਾਸਫੋਰਸ/ਏਕੜ ਵੀ ਪਾਉਣੀ ਚਾਹੀਦੀ ਹੈ ਜੋ ਕ੍ਰਮਵਾਰ 130 ਕਿਲੋ ਯੂਰੀਆ ਤੇ 100 ਕਿਲੋ ਐਸ.ਐਸ.ਪੀ. ਦੀ ਵਰਤੋਂ ਨਾਲ ਪੂਰੀ ਕੀਤੀ ਜਾ ਸਕਦੀ ਹੈ । ਜੇ ਫਾਸਫੋਰਸ ਨੂੰ 35 ਕਿੱਲੋ ਡੀ.ਏ.ਪੀ. ਦੁਆਰਾ ਪਾਉਣਾ ਹੈ, ਤਾਂ ਯੂਰੀਆ ਦੀ ਖੁਰਾਕ ਨੂੰ ਪ੍ਰਤੀ ਏਕੜ 15 ਕਿੱਲੋ ਘਟਾਓ।

ਸਾਰੀ ਫਾਸਫੋਰਸ ਤੇ ਇੱਕ ਚੌਥਾਈ ਹਿੱਸਾ ਨਾਈਟ੍ਰੋਜਨ ਖਾਦ ਬਿਜਾਈ ਸਮੇਂ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਦਾ ਦੂਜਾ ਇੱਕ ਚੌਥਾਈ ਹਿੱਸਾ ਬਿਜਾਈ ਤੋਂ 40 ਦਿਨਾਂ ਬਾਅਦ ਪਾਉਣਾ ਚਾਹੀਦਾ ਹੈ। ਜੇਕਰ ਮੈਂਥੇ ਦੀ ਦੂਜੀ ਕਟਾਈ ਕਰਨੀ ਹੋਵੇ ਤਾਂ ਬਾਕੀ ਬਚਦੀ ਅੱਧੀ ਨਾਈਟ੍ਰੋਜਨ ਖਾਦ ਨੂੰ ਫਿਰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ ਪਹਿਲੀ ਕਟਾਈ ਤੋਂ ਬਾਅਦ ਤੇ ਦੂਜਾ ਉਸ ਤੋਂ 40 ਦਿਨਾਂ ਬਾਅਦ ਪਾਉਣਾ ਚਾਹੀਦਾ ਹੈ। ਜੇ ਮੈਂਥਾ ਦੀ ਸਿਰਫ ਇੱਕ ਹੀ ਕਟਾਈ ਕੀਤੀ ਜਾਏ, 30 ਕਿੱਲੋ ਪ੍ਰਤੀ ਏਕੜ ਦੋ ਬਰਾਬਰ ਹਿੱਸਿਆਂ ਵਿੱਚ ਬਿਜਾਈ ਵੇਲੇ ਤੇ 40 ਦਿਨਾਂ ਬਾਅਦ ਪਾਇਆ ਜਾ ਸਕਦਾ ਹੈ। ਅੰਤਰ-ਫਸਲਾਂ ਦੇ ਮਾਮਲੇ ਵਿਚ, ਗੰਨੇ, ਸੂਰਜਮੁਖੀ ਤੇ ਪਿਆਜ਼ ਦੀਆਂ ਫ਼ਸਲਾਂ ਦੀ ਪਹਿਲਾਂ ਤੋਂ ਸਿਫਾਰਸ਼ ਕੀਤੀ ਖਾਦ ਪਾਉਣੀ ਚਾਹੀਦੀ ਹੈ

ਪਾਣੀ ਪ੍ਰਬੰਧ:

ਮੈਂਥੇ ਦੀ ਫ਼ਸਲ ਦੇ ਪੂਰੇ ਵਾਧੇ ਵਿਕਾਸ ਵਾਸਤੇ ਸਮੇਂ ਸਿਰ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਇਸ ਨੂੰ ਪਾਣੀ ਹਲਕੇ ਤੇ ਛੇਤੀ ਲਾਉਣੇ ਚਾਹੀਦੇ ਹਨ। ਬਿਜਾਈ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਤਾਪਮਾਨ ਘੱਟ ਹੋਣ ਕਰਕੇ ਫ਼ਸਲ ਨੂੰ ਪਾਣੀ 10 ਦਿਨਾਂ ਦੇ ਵਕਫੇ ਬਾਅਦ ਤੇ ਅਪਰੈਲ ਸ਼ੁਰੂ ਹੋਣ ਤੋਂ ਲੈ ਕੇ ਬਾਰਸ਼ਾਂ ਸ਼ੁਰੂ ਹੋਣ ਤੱਕ ਮੌਸਮ ਗਰਮ ਹੋਣ ‘ਤੇ ਪਾਣੀ ਪੰਜ-ਛੇ ਦਿਨਾਂ ਦੇ ਵਕਫੇ ਬਾਅਦ ਲਾਉਣਾ ਚਾਹੀਦਾ ਹੈ। ਬਾਰਸ਼ਾਂ ਦੇ ਮੌਸਮ ਵਿੱਚ ਪਾਣੀ ਕੇਵਲ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ। ਪਾਣੀ ਅਤੇ ਖਾਦਾਂ ਦੀ ਬੱਚਤ ਅਤੇ ਫ਼ਸਲ ਦੇ ਵਧੇਰੇ ਝਾੜ ਲਈ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ

ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਅਤੇ ਖਾਦਾਂ ਦੀ ਵਰਤੋਂ:

ਤੁਪਕਾ ਵਿਧੀ ਨਾਲ ਸਿੰਚਾਈ ਤੇ ਨਾਲ ਹੀ ਖਾਦਾਂ ਦੀ ਵਰਤੋਂ ਨਾਲ ਮੈਂਥੋਲਮਿੰਟ/ਜਪਾਨੀ ਪੁਦੀਨੇ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਪਾਣੀ ਤੇ ਖਾਦਾਂ ਦੀ ਬੱਚਤ ਵੀ ਹੁੰਦੀ ਹੈ। ਮੈਂਥੇ ਨੂੰ ਬਰੀਕ ਪਾਈਪਾਂ ਜਿਸ ਉਪਰ 30 ਸੈਂਟੀਮੀਟਰ (ਇੱਕ ਫੁੱਟ) ਦੀ ਵਿੱਥ ਉੱਪਰ 2.2 ਲਿਟਰ ਪ੍ਰਤੀ ਘੰਟਾ ਪਾਣੀ ਕੱਢਣ ਦੀ ਸਮਰੱਥਾ ਵਾਲੇ ਡਰਿੱਪਰ ਲੱਗੇ ਹੋਣ ਰਾਹੀਂ 3-3 ਦਿਨਾਂ ਦੇ ਵਕਫੇ ਉੱਪਰ ਪਾਣੀ ਦੇਣਾ ਚਾਹੀਦਾ ਹੈ। ਇਸ ਤੁਪਕੇ ਦੇ ਨਿਰਧਾਰਨ ਨਾਲ, ਮਾਰਚ, ਅਪਰੈਲ, ਮਈ ਤੇ ਜੂਨ ਦੌਰਾਨ ਕ੍ਰਮਵਾਰ 40, 65, 70 ਅਤੇ 75 ਮਿੰਟ ਲਈ ਤੁਪਕਾ ਸਿੰਚਾਈ ਨੂੰ ਚਲਾਓ। ਜੇਕਰ ਡਰਿੱਪਰ ਡਿਸਚਾਰਜ ਰੇਟ ਵੱਖਰੇ ਹੋਣ ਦਾ ਸਿੰਚਾਈ ਦਾ ਸਮਾਂ ਹਿਸਾਬ ਲਾ ਕੇ ਕੱਢਿਆ ਜਾ ਸਕਦਾ ਹੈ।

ਡਰਿੱਪਰ ਸਿੰਚਾਈ ਲਈ ਖਾਦ ਪ੍ਰਬੰਧ

ਮੈਂਥੇ ਦੀ ਇੱਕ ਕਟਾਈ ਲੈਣ ਲਈ 24 ਕਿਲੋ ਨਾਈਟ੍ਰੋਜਨ ਅਤੇ 12.8 ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ 10 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਤੁਪਕਾ ਸਿੰਚਾਈ ਵਿਧੀ ਰਾਹੀਂ ਪਾਉਣਾ ਚਾਹੀਦਾ ਹੈ। ਨਾਈਟ੍ਰੋਜਨ ਦੀ ਪੂਰਤੀ ਲਈ 46 ਪ੍ਰਤੀਸ਼ਤ ਯੂਰੀਆ ਅਤੇ ਫਾਸਫੋਰਸ ਦੀ ਪੂਰਤੀ ਲਈ ਮੋਨੋ ਅਮੋਨੀਅਮ ਫਾਸਫੇਟ (12-61-0 ਗਰੇਡ) ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ 1/10 ਹਿੱਸਾ ਬਿਜਾਈ ਤੋਂ ਤੁਰੰਤ ਬਾਅਦ ਪਹਿਲੇ ਪਾਣੀ ਦੇ ਨਾਲ ਪਾਉਣਾ ਚਾਹੀਦਾ ਹੈ ਅਤੇ ਬਾਕੀ ਬੱਚਦੇ ਨਾਈਟ੍ਰੋਜਨ ਅਤੇ ਫਾਸਫੋਰਸ ਦੇ 9 ਹਿੱਸਿਆਂ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ 9-9 ਦਿਨਾਂ ਦੇ ਵਕਫੇ ਬਾਅਦ ਪਾਉਣਾ ਚਾਹੀਦਾ ਹੈ

ਫ਼ਸਲ ਦੀ ਕਟਾਈ ਅਤੇ ਝਾੜ:

ਮੈਂਥੇ ਦੀ ਫ਼ਸਲ ਫੁੱਲ ਪੈਣੇ ਸ਼ੁਰੂ ਹੋਣ ‘ਤੇ ਕੱਟ ਲੈਣੀ ਚਾਹੀਦੀ ਹੈ। ਜੇਕਰ ਹੇਠਲੇ ਪੱਤੇ ਪੀਲੇ ਪੈ ਕੇ ਝੜਨੇ ਸ਼ੁਰੂ ਹੋ ਜਾਣ ਤਾਂ ਕਟਾਈ ਫੁੱਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ। ਅਗਲਾ ਫੁਟਾਰਾ ਚੰਗਾ ਲੈਣ ਲਈ ਫ਼ਸਲ ਦੀ ਕਟਾਈ 6-8 ਸੈਂਟੀਮੀਟਰ Àੁੱਚੀ ਕਰਨੀ ਚਾਹੀਦੀ ਹੈ। ਮੈਂਥੇ ਦੀ ਫ਼ਸਲ ਦੀਆਂ ਦੋ ਕਟਾਈਆਂ ਵੀ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਜੂਨ ਤੇ ਦੂਸਰੀ ਕਟਾਈ ਸਤੰਬਰ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਔਸਤਨ ਤੌਰ ‘ਤੇ, ਮੈਂਥੇ ਦੀ ਫ਼ਸਲ ਇੱਕ ਏਕੜ ‘ਚ 100-125 ਕੁਇੰਟਲ ਝਾੜ ਦਿੰਦੀ ਹੈ ਜਿਸ ਵਿੱਚੋਂ 0.50 ਤੋਂ 0.75 ਪ੍ਰਤੀਸ਼ਤ ਤੇਲ ਹੁੰਦਾ ਹੈ ।

ਮੈਂਥੇ ‘ਚੋਂ ਤੇਲ ਕੱਢਣਾ:

ਫ਼ਸਲ ਦੀ ਕਟਾਈ ਉਪਰੰਤ ਪਾਣੀ ਦੀ ਮਾਤਰਾ ਘੱਟ ਕਰਨ ਲਈ ਫ਼ਸਲ ਨੂੰ ਇੱਕ ਰਾਤ ਰੱਖ ਕੇ ਕੁਮਲਾਉਣ ਦੇਣਾ ਚਾਹੀਦਾ ਹੈ। ਮੈਂਥੇ ਵਿੱਚੋਂ ਭਾਫ਼ ਵਾਲੇ ਢੰਗ ਨਾਲ ਕਸ਼ੀਦ ਕਰਕੇ ਤੇਲ ਕੱਢਿਆ ਜਾ ਸਕਦਾ ਹੈ। ਕਸ਼ੀਦਣ ਵਿਧੀ ਰਾਹੀਂ ਤੇਲ ਕੱਢਣ ਲਈ ਪ੍ਰਾਈਵੇਟ ਪਲਾਂਟ ਵੀ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਕਿਸਾਨ ਆਪਣੀ ਫ਼ਸਲ ਦਾ ਤੇਲ ਕਢਵਾ ਸਕਦੇ ਹਨ। ਕਿਸਾਨ ਵੀਰਾਂ ਨੂੰ ਮੈਂਥੇ ਦੀ ਕਾਸ਼ਤ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਨੇੜੇ-ਤੇੜੇ ਤੇਲ ਕੱਢਣ ਵਾਲਾ ਪਲਾਂਟ ਜਰੂਰ ਲੱਗਾ ਹੋਵੇ ਜਿੱਥੇ ਤੇਲ ਕੱਢਿਆ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।