ਰੁੱਖਾਂ ਦੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ

ਪ੍ਰਸ਼ਾਸਨ ਅਤੇ ਵਣ ਵਿਭਾਗ ਸੁੱਤਾ ਕੁੰਭਕਰਨੀ ਨੀਂਦ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ

ਬਰਨਾਲਾ (ਰਾਜਿੰਦਰ ਸ਼ਰਮਾ) ਵਣ ਰੇਜ ਬਰਨਾਲਾ ਦੀਆਂ ਸੜਕਾਂ, ਨਹਿਰਾਂ, ਡਰੇਨਾਂ, ਬੀੜਾਂ, ਸੂਏ, ਕੱਸੀਆਂ, ਰੇਲਵੇ ਲਾਈਨਾਂ ਤੇ ਰੁੱਖਾਂ ਦੀ ਹੋ ਰਹੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੇਕਰ ਬਰਨਾਲਾ ਜ਼ਿਲ੍ਹੇ ਅੰਦਰ ਰੁੱਖਾਂ ਦੀ ਨਾਜਾਇਜ਼ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਜ਼ਿਲ੍ਹਾ ਰੇਗਿਸਤਾਨ ਬਣ ਜਾਵੇਗਾ ਇਹ ਵਿਚਾਰ ਵਾਤਾਵਰਨ ਅਤੇ ਰੁੱਖ ਪ੍ਰੇਮੀ  ਕੁਲਦੀਪ ਸਿੰਘ ਵਾਸੀ ਹਰੀਗੜ੍ਹ, ਮਾਹਲ ਸਿੰਘ ਵਾਸੀ ਬਡਬਰ ਅਤੇ ਭੀਮ ਸਿੰਘ ਵਾਸੀ ਭੂਰੇ ਨੇ ਪ੍ਰਗਟ ਕੀਤੇ

ਉਨ੍ਹਾਂ ਕਿਹਾ ਕਿ ਵਣ ਰੇਂਜ ਬਰਨਾਲਾ ਅੰਦਰ ਚੋਰਾਂ ਵੱਲੋਂ ਸਰਕਾਰੀ ਜੰਗਲਾਂ ਅੰਦਰੋਂ ਲਗਾਤਾਰ ਰੁੱਖ ਕੱਟੇ ਜਾ ਰਹੇ ਹਨ, ਪ੍ਰੰਤੂ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਮੌਸਮੀ ਡੱਡੂਆਂ ਵਾਂਗੂ ਇਹ ਕਰਮਚਾਰੀ ਕਦੇ ਕਦੇ ਹੀ ਨਜ਼ਰ ਆਉਂਦੇ ਹਨ ਸਰਕਾਰ ਦੀ ਰੁੱਖ ਸੰਪਤੀ ਚੋਰਾਂ ਵੱਲੋਂ ਲਗਾਤਾਰ ਲੁੱਟੀ ਜਾ ਰਹੀ ਹੈ ,ਪ੍ਰੰਤੂ ਇਨ੍ਹਾਂ ਰੁੱਖਾਂ ਦੇ ਰਾਖੇ ਇਸ ਵਰਤਾਰੇ ਤੋਂ ਬਿਲਕੁਲ ਅਣਜਾਣ ਜਾਪ ਰਹੇ ਹਨ ਉਨ੍ਹਾਂ ਕਿਹਾ ਕਿ ਸੰਗਰੂਰ ਬਰਨਾਲਾ ਸੜਕ ਉੱਪਰੋਂ ਹਰੀਗੜ੍ਹ ਨਹਿਰ ਤੋਂ ਅੱਗੇ ਕਿਲੋਮੀਟਰ 201-202 ਅਤੇ 203-204 ਖੱਬੇ ਪਾਸੇ ਦੇ ਵਿਚਕਾਰੋਂ ਛੇ ਸੱਤ ਰੁੱਖ ਲਗਾਤਾਰ ਇੱਕੋ ਦਿਨ ਕੱਟੇ ਗਏ ਪ੍ਰੰਤੂ ਮਹਿਕਮੇ ਨੇ ਚੋਰਾਂ ਨੂੰ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ

ਬੀੜ ਦੁਆਲੇ ਲੱਗੇ ਜਾਲ ਨੂੰ ਕੱਟ ਕੇ ਰੁੱਖ ਚੋਰੀ ਕਰਕੇ ਲਿਜਾ ਰਹੇ ਹਨ

ਇਸੇ ਤਰ੍ਹਾਂ ਬੀੜ ਬਡਬਰ ਦੇ ਅੰਦਰ ਜਿੱਥੇ ਕਿ ਚਾਰ ਚੁਫੇਰੇ ਘੱਟੋ ਘੱਟ ਬਾਰਾਂ ਫੁੱਟ ਉਚਾ ਲੋਹੇ ਦਾ ਜਾਲ ਲੱਗਿਆ ਹੋਇਆ ਹੈ ਉਸ ਵਿੱਚੋਂ ਵੀ ਰੁੱਖਾਂ ਦੀ ਚੋਰੀ ਕੀਤੀ ਜਾ ਰਹੀ ਹੈ ਚੋਰ ਬੀੜ ਦੁਆਲੇ ਲੱਗੇ ਜਾਲ ਨੂੰ ਕੱਟ ਕੇ ਉਸ ਦੇ ਵਿੱਚੋਂ ਰੁੱਖ ਚੋਰੀ ਕਰਕੇ ਲਿਜਾ ਰਹੇ ਹਨ ਪ੍ਰੰਤੂ ਵਣ ਵਿਭਾਗ ਇਸ ਪ੍ਰਤੀ ਲਾਪ੍ਰਵਾਹ ਹੀ ਨਜ਼ਰ ਆ ਰਿਹਾ ਹੈ ਚੋਰਾਂ ਖਿਲਾਫ ਕਾਰਵਾਈ ਨਾ ਕਰਨ ਤੋਂ ਸਿੱਧ ਹੁੰਦਾ ਹੈ, ਕਿ ਇਹ ਸਾਰਾ ਕੁਝ ਵਣ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹੈ ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ ਜੇਕਰ ਵਿਭਾਗ ਨੇ ਚੋਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂਜਨ ਹਿਤ ਵਿੱਚ  ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ

ਉਪਰੋਕਤ ਚੋਰੀ ਹੋਏ ਰੁੱਖਾਂ ਸਬੰਧੀ ਇੰਚਾਰਜ ਵਣ ਗਾਰਡ ਜੁਗਰਾਜ ਸਿੰਘ ਤੇ ਬਲਾਕ ਅਫ਼ਸਰ ਜਗਸੀਰ ਸਿੰਘ ਦੇ ਫੋਨ ‘ਤੇ ਤਿੰਨ ਤਿੰਨ ਵਾਰੀ ਫੋਨ ਲਾਇਆ, ਪ੍ਰੰਤੂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੁੱਖ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੱਟੇ ਗਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।