ਆਈਲਟਸ ਸੈਂਟਰਾਂ ਦਾ ਮਾਰਕੀਟ ‘ਤੇ ਕਬਜ਼ਾ

Ilets, Center, Occupy, Market

ਡਾਲਰਾਂ ਦੀ ਚਮਕ ਨੇ ਆਈਲੈਟਸ ਕੋਚਿੰਗ ਸੈਂਟਰਾਂ ਦੀ ਕੀਤੀ ਚਾਂਦੀ

  • ਸੈਂਕੜੇ ਨੌਜਵਾਨ ਹਰ ਰੋਜ਼ ਚੜ੍ਹ ਰਹੇ ਨੇ ਬਾਹਰਲੇ ਦੇਸ਼ਾਂ ਨੂੰ

ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਵਿਦੇਸ਼ਾਂ ‘ਚ ਪੜ੍ਹਾਈ ਦੀਆਂ ਮੋਟੀਆਂ ਫੀਸਾਂ ਦੇ ਬਾਵਜ਼ੂਦ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਾਲਰਾਂ ਦੀ ਚਮਕ ਦਮਕ ਦੇ ਸੁਫਨੇ ਦਿਨ ਦੀਵੀਂ ਆ ਰਹੇ ਹਨ। ਅੱਜ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਨੌਜਵਾਨ ਅਮਰੀਕਾ, ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਨੂੰ ਜਾਣ ਵਾਲੇ ਜਹਾਜ਼ਾਂ ‘ਚ ਚੜ੍ਹ ਰਹੇ ਹਨ। ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਐਨੀ ਵੱਡੀ ਲਾਲਸਾ ਨੂੰ ਵੇਖ ਕੇ ਆਇਲਟਸ ਕਰਵਾਉਣ ਵਾਲੇ ਅਦਾਰਿਆਂ ਤੇ ਵੀਜ਼ਾ ਲਾ ਕੇ ਬਾਹਰ ਭੇਜਣ ਵਾਲੇ ਏਜੰਟਾਂ ਨੇ ਪੰਜਾਬ ਦੇ ਕਾਰੋਬਾਰ ‘ਤੇ ਆਪਣੀ ਪਕੜ ਕਾਇਮ ਕਰ ਲਈ ਹੈ, ਜਿਸ ਦਾ ਸਿੱਧਾ ਅਸਰ ਹੋਰਨਾਂ ਨਿੱਜੀ ਕਾਲਜਾਂ ਤੇ ਸਰਕਾਰੀ ਕਾਲਜਾਂ ‘ਤੇ ਜ਼ਬਰਦਸਤ ਹੋ ਰਿਹਾ ਹੈ। ਹਾਸਲ ਕੀਤੀ ਜਾਣਕਾਰੀ ਮੁਤਾਬਕ ਅੱਜ ਪੰਜਾਬ ‘ਚੋਂ ਹਰ ਰੋਜ਼ ਤਕਰੀਬਨ 100 ਤੋਂ 150 ਮੁੰਡੇ ਤੇ ਕੁੜੀਆਂ ਵੀਜ਼ਾ ਲਗਵਾ ਕੇ ਬਾਹਰਲੇ ਦੇਸ਼ਾਂ ਨੂੰ ਜਹਾਜ਼ ਚੜ੍ਹ ਰਹੇ ਹਨ। (IELTS Centers)

ਇਹ ਗਿਣਤੀ ਸਿਰਫ਼ ਸਹੀ ਤਰੀਕੇ ਨਾਲ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਹੈ ਜਦੋਂ ਕਿ ਵੱਡੀ ਗਿਣਤੀ ‘ਚ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਹੱਥੇ ਚੜ੍ਹ ਕੇ ਗਲਤ ਤਰੀਕੇ ਨਾਲ ਵਿਦੇਸ਼ਾਂ ਦੀ ਧਰਤੀ ‘ਤੇ ਪੈਰ ਰੱਖਣ ਲਈ ਤਤਪਰ ਹੋ ਰਹੇ ਹਨ। ਅਜਿਹੇ ਗਲਤ ਤਰੀਕੇ ਨਾਲ ਫਸੇ ਹੋਏ ਨੌਜਵਾਨਾਂ ਦੀਆਂ ਵੱਡੀ ਗਿਣਤੀ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਆਮ ਘੁੰਮ ਰਹੀਆਂ ਹਨ ਜਿਹੜੇ ਫਸੇ ਹੋਏ ਮੱਦਦ ਦੀ ਗੁਹਾਰ ਲਾ ਰਹੇ ਹਨ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਅਜਿਹੇ ਫਸੇ ਹੋਏ ਕਈ ਨੌਜਵਾਨਾਂ ਨੂੰ ਸਾਊਦੀ ਅਰਬ ਤੇ ਹੋਰਨਾਂ ਦੇਸ਼ਾਂ ‘ਚੋਂ ਵਾਪਸ ਭਾਰਤ ਲਿਆਂਦਾ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਜ਼ਿਆਦਾਤਰ ਪਿੰਡਾਂ ਦੇ ਨੌਜਵਾਨ ਜਿਹੜੇ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਿਤ ਹਨ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਜਾਣ ਦਾ ਸੁਫ਼ਨਾ ਸੰਜੋਈ ਬੈਠੇ ਹਨ। ਉਹ ਕਿਸੇ ਵੀ ਹਾਲਤ ਵਿੱਚ ਬਾਹਰ ਜਾਣ ਲਈ ਆਪਣੇ ਮਾਪਿਆਂ ਨੂੰ ਮਜ਼ਬੂਰ ਕਰ ਰਹੇ ਹਨ । (IELTS Centers)

ਵਿਦੇਸ਼ਾਂ ‘ਚ ਵੀ ਕੰਮ ਦੇ ਪਏ ਲਾਲੇ

ਅਮਰੀਕਾ ‘ਚ ਰਹਿ ਰਹੇ ਨੌਜਵਾਨ ਹਰਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਭਾਰਤੀਆਂ ਦੀ ਗਿਣਤੀ ਵਧਣ ਕਾਰਨ ਕੰਮਕਾਰ ਘੱਟ ਹੀ ਮਿਲ ਰਿਹਾ ਹੈ, ਜਿਸ ਕਾਰਨ ਵੱਡੇ ਪੱਧਰ ‘ਤੇ ਮੁੰਡੇ ਕੁੜੀਆਂ ਨੂੰ ਪੜ੍ਹਾਈ ਕਰਨ ਉਪਰੰਤ ਮਾਯੂਸ ਹੋ ਕੇ ਵਾਪਸ ਭਾਰਤ ਪਰਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿਦਿਆਰਥੀ ਜ਼ਿਆਦਾ ਗਿਣਤੀ ‘ਚ ਲੋਨ ਵਗੈਰਾ ਕਰਵਾ ਕੇ ਜਾਂ ਜ਼ਮੀਨ ਵੇਚ ਕੇ ਇਨ੍ਹਾਂ ਦੇਸ਼ਾਂ ‘ਚ ਕੰਮ ਕਰਨ ਲਈ ਪੜ੍ਹਾਈ ਦਾ ਆਸਰਾ ਲੈਂਦੇ ਹਨ ਪਰ ਜਦੋਂ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਮਜ਼ਬੂਰਨ ਗਲਤ ਕੰਮ ਕਰਨ ਵੱਲ ਧੱਕੇ ਜਾ ਰਹੇ ਹਨ। ਇਸ ਦਾ ਖੁਲਾਸਾ ਉੱਘੇ ਕਾਰੋਬਾਰੀ ਵਿਨੈ ਹਰੀ ਨੇ ਆਪਣੀ ਇੱਕ ਇੰਟਰਵਿਊ ‘ਚ ਵੀ ਕਿਹਾ ਸੀ ਕਿ ਕੈਨੇਡਾ ‘ਚ ਅੱਜ ਵਿਦਿਆਰਥੀਆਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ।

ਬੇਰੁਜ਼ਗਾਰੀ ਵੀ ਹੈ ਵੱਡਾ ਕਾਰਨ

ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਮੋਹਨ ਸ਼ਰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਪੰਜਾਬ ਦਾ ਹਰੇਕ ਤੀਜਾ ਨੌਜਵਾਨ ਬਾਹਰਲੇ ਦੇਸ਼ ਜਾਣ ਬਾਰੇ ਸੋਚ ਰਿਹਾ ਹੈ। ਇਸ ਦਾ ਇੱਕ ਇਹ ਵੀ ਕਾਰਨ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਹੈ। ਅੱਜ ਲੱਖਾਂ ਨੌਜਵਾਨ ਡਿਗਰੀਆਂ ਹਾਸਲ ਕਰਕੇ ਸੜਕਾਂ ਦੀ ਖਾਕ ਛਾਣ ਰਹੇ ਹਨ, ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਨ੍ਹਾਂ ਦਾ ਮਨ ਬਾਹਰਲੇ ਦੇਸ਼ਾਂ ‘ਚ ਜਾ ਕੇ ਕਮਾਈ ਕਰਕੇ ਚੰਗੇ ਸਿਸਟਮ ‘ਚ ਰਹਿਣ ਦਾ ਬਣਿਆ ਹੋਇਆ ਹੈ। ਨੌਜਵਾਨ ਆਗੂ ਰੁਪਿੰਦਰ ਧੀਮਾਨ ਕਿੱਕੀ ਨੇ ਆਖਿਆ ਕਿ ਜੇਕਰ ਸਰਕਾਰਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਇੱਧਰ ਹੀ ਰੁਜ਼ਗਾਰ ਦੇਣ ਤਾਂ ਉਹ ਆਪਣਾ ਦੇਸ਼ ਛੱਡ ਕੇ ਪਰਾਏ ਦੇਸ਼ ਜਾ ਕੇ ਕਿਉਂ ਵਸਣ। (IELTS Centers)

ਅਠਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਫੀਸ

ਮੁੰਡੇ ਕੁੜੀਆਂ ਦੇ ਵਿਦੇਸ਼ਾਂ ‘ਚ ਜਾਣ ਦੇ ਰੁਝਾਨ ਨੂੰ ਵੇਖਦਿਆਂ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਈਲਟਸ ਸੈਂਟਰ ਖੁੱਲ੍ਹ ਚੁੱਕੇ ਹਨ। ਜਿਹੜੇ ਆਪੋ ਆਪਣੇ ਪੱਧਰ ‘ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣਾ, ਲਿਖਣਾ, ਸੁਣਨਾ ਤੇ ਪੜ੍ਹਨ ਬਾਰੇ ਸਿੱਖਿਆ ਦੇ ਰਹੇ ਹਨ। ਪੰਜਾਬ ਦੇ ਬਹੁਤੇ ਵਿਦਿਆਰਥੀਆਂ ਤੋਂ 9500 ਤੋਂ ਲੈ ਕੇ 10,000 ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਂਦੀ ਹੈ। ਚੰਡੀਗੜ੍ਹ ਤੇ ਮੋਹਾਲੀ ਇਹ ਫੀਸ 18,000 ਤੱਕ ਪਹੁੰਚ ਗਈ ਹੈ, ਜਿਸ ਵਿੱਚ 8 ਘੰਟੇ ਦੀ ਕਲਾਸ ਲਾਈ ਜਾਂਦੀ ਹੈ ਇਹ ਕੋਰਸ ਤਕਰੀਬਨ 45 ਦਿਨਾਂ ਦਾ ਹੁੰਦਾ ਹੈ।

ਕੈਨੇਡਾ ‘ਚ ਰਿਹਾਇਸ਼ ਲਈ ਦੇਣਾ ਪੈਂਦਾ ਪੰਜ ਲੱਖ ਸਾਲਾਨਾ

ਕੈਨੇਡਾ ਵਿੱਚ ਜਾਣ ਦੇ ਚਾਹਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬੇਸ਼ੱਕ ਕੈਨੇਡਾ ਜਾਣ ਦਾ ਆਧਾਰ ਪੜ੍ਹਾਈ ਬਣਾਇਆ ਜਾਂਦਾ ਹੈ ਪਰ ਅਸਲ ਵਿੱਚ ਉੱਥੇ ਕੰਮ ਕਰਕੇ ਗੁਜਰ ਬਸਰ ਕਰਨਾ ਹੀ ਹੁੰਦਾ ਹੈ। ਮੌਜ਼ੂਦਾ ਸਮੇਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਣ ਲਈ ਘੱਟੋਂ-ਘੱਟ ਇੱਕ ਸਾਲ ਦੀ 8 ਲੱਖ ਰੁਪਏ ਫੀਸ ਭਰਨੀ ਪੈਂਦੀ ਹੈ, ਇਸ ਤੋਂ ਇਲਾਵਾ 5 ਲੱਖ ਰੁਪਏ ਵਿਦਿਆਰਥੀ ਨੂੰ ਉੱਥੇ ਰਹਿਣ (ਅਕੰਮੋਡੇਸ਼ਨ) ਦਾ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਤਿਆਰੀ ਲਈ ਵੀ ਘੱਟ ਤੋਂ ਘੱਟ ਡੇਢ ਲੱਖ ਰੁਪਏ ਦਾ ਖਰਚਾ ਹੋ ਜਾਂਦਾ ਹੈ।

ਦੂਜਿਆਂ ਕਾਲਜਾਂ ਦੇ ਦਾਖ਼ਲੇ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ

ਬੱਚਿਆਂ ਦੇ ਇਸ ਪਾਸੇ ਰੁਝਾਨ ਨਾਲ ਪੰਜਾਬ ਦੇ ਵੱਖ-ਵੱਖ ਨਿੱਜੀ ਤੇ ਸਰਕਾਰੀ ਕਾਲਜਾਂ ‘ਚ ਦਾਖ਼ਲਿਆਂ ਦੀ ਗਿਣਤੀ ਬੁਰੀ ਤਰ੍ਹਾਂ ਨਾਲ ਘੱਟ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਨਾਮੀ ਕਾਲਜ ਨੈਸ਼ਨਲ ਨਰਸਿੰਗ ਇੰਸਟੀਚਿਊਟ ਦੇ ਡਾਇਰੈਕਟਰ ਸ਼ਿਵ ਆਰੀਆ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਨਰਸਿੰਗ ‘ਚ ਦਾਖ਼ਲੇ ‘ਚ 25 ਫੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਵਿਦਿਆਰਥੀਆਂ ਦਾ ਟੀਚਾ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਆਈਲਟਸ ਕਰਨ ਤੋਂ ਬਾਅਦ ਬਾਹਰ ਜਾਣ ਦਾ ਹੀ ਹੋ ਚੁੱਕਿਆ ਹੈ, ਜਿਸ ਕਾਰਨ ਬੱਚੇ ਨਰਸਿੰਗ, ਇੰਜੀਨੀਅਰ ਆਦਿ ਕੋਰਸਾਂ ਤੋਂ ਮੂੰਹ ਫੇਰ ਰਹੇ ਹਨ।

ਆਈਲੈਟਸ ਸੈਂਟਰ

  1. ਪਟਿਆਲਾ  75
  2. ਬਠਿੰਡਾ  35
  3. ਸੰਗਰੂਰ  25
  4. ਬਰਨਾਲਾ  20