ਕੀ ਤੁਸੀਂ ਵੀ ਸ਼ੌਕੀਨ ਹੋ ਜ਼ਿਆਦਾ ਚਾਹ ਪੀਣ ਦੇ ਤਾਂ ਇਹ ਜ਼ਰੂਰ ਪੜ੍ਹੋ

Drinking a Lot of Tea

ਚਾਹ ਦੁਨੀਆਂ ਵਿੱਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਤਰਲ ਪਦਾਰਥ (Drinking a Lot of Tea) ਹੈ। ਚਾਹ ਵਿੱਚ ਕੈਫੀਨ ਦੀ ਮੌਜ਼ੂਦਗੀ ਹੋਣ ਕਰਕੇ ਇਹ ਪੀਣ ਵਾਲੇ ਨੂੰ ਤਰੋ-ਤਾਜਾ ਕਰ ਦਿੰਦੀ ਹੈ। ਚਾਹ ਦੀ ਖੋਜ ਦਸਵੀਂ ਸਦੀ ਦੇ ਆਸ-ਪਾਸ ਹੋਈ ਹੈ ਤੇ ਇਸ ਦਾ ਮੂਲ ਸਥਾਨ ਚੀਨ ਹੈ। ਪਰ ਚਾਹ ਨੂੰ ਚੀਨ ਤੋਂ ਬਾਹਰ ਦੁਨੀਆਂ ਦੇ ਦੂਜੇ ਦੇਸ਼ਾਂ ਵਿੱਚ ਲੈ ਕੇ ਜਾਣ ਦਾ ਸਿਹਰਾ ਅੰਗਰੇਜਾਂ ਦੇ ਸਿਰ ਬੱਝਦਾ ਹੈ ਕਿਉਂਕਿ ਮੱਧ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਅੰਗਰੇਜਾਂ ਦਾ ਰਾਜ ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ’ਤੇ ਰਿਹਾ ਹੈ। ਇਸ ਲਈ ਉਨ੍ਹਾਂ ਨੇ ਆਪਣੀ ਵਪਾਰਕ ਸੋਚ ਨੂੰ ਅੱਗੇ ਵਧਾਉਂਦਿਆਂ ਹੀ ਚਾਹ ਨੂੰ ਆਪਣੇ ਅਧੀਨ ਦੇਸ਼ਾਂ ਦੇ ਨਾਲ-ਨਾਲ ਦੂਜੇ ਦੇਸ਼ਾਂ ਵਿੱਚ ਪਹੁੰਚਾਇਆ ਹੈ। ਭਾਰਤ ਖਾਸਕਰ ਪੰਜਾਬ ਵਿੱਚ ਜੇਕਰ ਚਾਹ ਦਾ ਇਤਿਹਾਸ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਚਾਹ ਦੀ ਆਮਦ ਬਹੁਤੀ ਪੁਰਾਣੀ ਨਹੀਂ ਹੈ। (Drinking a Lot of Tea)

ਪੁਰਾਣੇ ਸਮੇਂ ਵਿੱਚ ਕੋਈ ਨਾਂਅ ਵੀ ਨਹੀਂ ਸੀ ਜਾਣਦਾ ਚਾਹ ਦਾ

ਪੰਜਾਬ ਵਿੱਚ ਅਠਾਰਵੀਂ ਸਦੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਸ਼ਾਇਦ ਚਾਹ ਦਾ ਨਾਂਅ ਤੱਕ ਨਹੀਂ ਜਾਣਦੇ ਸਨ। ਉਸ ਵਕਤ ਲੋਕ ਦੱਬ ਕੇ ਵਾਹ ਤੇ ਰੱਜ ਕੇ ਖਾਹ ਦੇ ਫਲਸਫੇ ’ਤੇ ਚੱਲਦੇ ਜ਼ਿਆਦਤਰ ਦੁੱਧ, ਘਿਓ, ਦਹੀਂ, ਲੱਸੀ ਆਦਿ ਹੀ ਖਾਂਦੇ-ਪੀਂਦੇ ਸਨ। ਇਸ ਲਈ ਜਦ ਘਰਾਂ ਵਿੱਚ ਚਾਹ ਹੀ ਨਹੀਂ ਸੀ ਤਾਂ ਫਿਰ ਕੋਈ ਚਾਹ ਵੇਲਾ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਪਰ ਉਨ੍ਹਾਂ ਸਮਿਆਂ ਵਿੱਚ ਚਾਹ ਵੇਲਾ ਭਾਵੇਂ ਨਹੀਂ ਹੁੰਦਾ ਸੀ ਪਰ ਛਾਹ ਵੇਲਾ ਜ਼ਰੂਰ ਹੁੰਦਾ ਸੀ ਛਾਹ ਵੇਲਾ ਤੋਂ ਭਾਵ ਉਸ ਸਮੇਂ ਤੋਂ ਹੈ ਜਦੋਂ ਸੂਰਜ ਦੀ ਪਹਿਲੀ ਕਿਰਨ ਨਿੱਕਲਦੀ ਸੀ ਤੇ ਘਰ ਦੀ ਸੁਆਣੀ ਖੇਤ ਕੰਮ ਕਰਦੇ ਹਾਲੀ-ਪਾਲੀ ਲਈ ਭੱਤਾ ਲੈ ਕੇ ਜਾਂਦੀ ਸੀ। ਛਾਹ ਵੇਲੇ ਵਿੱਚ ਲੱਸੀ, ਮੱਖਣ, ਦਹੀਂ ਤੇ ਮਿੱਸੀ ਰੋਟੀ ਆਦਿ ਹੁੰਦੀ ਸੀ। ਇਸ ਛਾਹ ਵੇਲੇ ਨੂੰ ਕਈ ਇਲਾਕਿਆਂ ਵਿੱਚ ਹਾਜਰੀ ਵੀ ਕਿਹਾ ਜਾਂਦਾ ਹੈ ਤੇ ਇਹ ਅੱਜ-ਕੱਲ੍ਹ ਦੇ ਬ੍ਰੇਕਫਾਸਟ ਦਾ ਹੀ ਪੁਰਾਣਾ ਰੂਪ ਹੈ।

ਅੰਗਰੇਜ਼ਾਂ ਦੀ ਖੋਜ ਸੀ ਚਾਹ (Drinking a Lot of Tea)

ਪਰ ਅੰਗਰੇਜੀ ਸਰਕਾਰ ਦੇ ਪੰਜਾਬ ’ਤੇ ਕਬਜਾ ਕਰਨ ਤੋਂ ਬਾਅਦ ਹੌਲੀ-ਹੌਲੀ ਪਿੰਡਾਂ ਵਿੱਚ ਚਾਹ ਦੀ ਆਮਦ ਸ਼ੁਰੂ ਹੋਈ। ਪਿੰਡਾਂ ਵਿੱਚ ਬਜ਼ੁਰਗ ਅੱਜ ਵੀ ਦੱਸਦੇ ਹਨ ਕਿ ਅੰਗਰੇਜੀ ਹਕੂਮਤ ਨੇ ਪਹਿਲਾਂ-ਪਹਿਲ ਲੋਕਾਂ ਨੂੰ ਚਾਹ ਦਾ ਵੈਲ ਲਾਉਣ ਲਈ ਮੁਫਤ ਵਿੱਚ ਚਾਹ ਪਿਲਾਈ ਤੇ ਵੰਡੀ ਸੀ। ਅੰਗਰੇਜੀ ਸਰਕਾਰ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਚਾਹ ਦੇ ਫਾਇਦੇ ਦੱਸੇ ਤੇ ਚਾਹ ਦੀ ਮਸ਼ਹੂਰੀ ਕਰਨ ਲਈ ਨਵੀਆਂ ਕਹਾਣੀਆਂ ਤੇ ਕਿੱਸੇ ਘੜੇ ਸਨ। ਇਸ ਤਰ੍ਹਾਂ ਸਰਕਾਰ ਦੀ ਕਰੜੀ ਮਿਹਨਤ ਮਗਰੋਂ ਪੇਂਡੂ ਘਰਾਂ ਵਿੱਚ ਇੱਕ ਡੰਗ ਚਾਹ ਬਣਨ ਤਾਂ ਲੱਗ ਪਈ ਸੀ ਪਰ ਇਸ ਨੂੰ ਪੇਂਡੂ ਘਰਾਂ ਵਿੱਚ ਲੱਸੀ ਦਹੀਂ ਦਾ ਬਦਲ ਬਣਨ ਲਈ ਬਹੁਤ ਸਾਲ ਲੱਗੇ ਸਨ। ਇਹ ਚਾਹ ਫਿਰ ਵਕਤ ਦੇ ਬੀਤਣ ਨਾਲ ਹਰ ਘਰ ਵਿੱਚ ਇੱਕ ਡੰਗ ਬਣਨ ਤੋਂ ਵਧਦੀ ਦਿਨ ਵਿੱਚ ਚਾਰ-ਪੰਜ ਵਾਰ ਬਣਨ ਲੱਗ ਪਈ ਸੀ।

ਜੇਕਰ ਅੱਜ ਦੇ ਸਮੇਂ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦੇ ਹਰ ਪੇਂਡੂ ਘਰ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਤਾਂ ਚਾਹ ਆਮ ਹੀ ਬਣਦੀ ਹੈ। ਪੰਜਾਬ ਦੇ ਘਰਾਂ ਵਿੱਚ ਬਣਨ ਵਾਲੀ ਚਾਹ ਦੇ ਟਾਈਮ ਅਨੁਸਾਰ ਹੀ ਇਸ ਦੇ ਵੱਖ-ਵੱਖ ਨਾਂਅ ਹਨ ਜਿਵੇਂ ਸਵੇਰ ਵਾਲੀ ਚਾਹ, ਦੁਪਹਿਰ ਵਾਲੀ ਚਾਹ ਤੇ ਸ਼ਾਮ ਵਾਲੀ ਚਾਹ ਆਦਿ। ਪਰ ਇਨ੍ਹਾਂ ਸਾਰੇ ਟਾਈਮ ਦੀ ਚਾਹ ਵਿੱਚੋਂ ਗਿਆਰਾਂ ਵਾਲੀ ਚਾਹ ਆਪਣਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੰਜਾਬ ਦੇ ਪਿੰਡਾਂ ਵਿੱਚ ਆਮ ਤੌਰ ’ਤੇ ਦਸ ਤੋਂ ਗਿਆਰਾਂ ਵਜੇ ਦੇ ਵਿਚਕਾਰ ਬਣਨ ਵਾਲੀ ਚਾਹ ਨੂੰ ਗਿਆਰਾਂ ਵਾਲੀ ਚਾਹ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਇਹ ਚਾਹ ਘਰਾਂ ਵਿੱਚ ਔਰਤਾਂ ਨਿੱਕੇ-ਮੋਟੇ ਕੰਮਾਂ ਨੂੰ ਛੇੜਨ ਤੋਂ ਪਹਿਲਾਂ ਕਰਦੀਆਂ ਹਨ। ਗਿਆਰਾਂ ਵਾਲੀ ਚਾਹ ਇੱਕ ਤਰ੍ਹਾਂ ਦੁਪਹਿਰ ਦੇ ਸਮੇਂ ਕੀਤੇ ਜਾਣ ਵਾਲੇ ਕੰਮ-ਧੰਦੇ ਨੂੰ ਸ਼ੁਰੂ ਕਰਨ ਦੀ ਪ੍ਰਤੀਕ ਹੈ।

ਸਵੇਰ ਤੋਂ ਕੰਮ ਲੱਗੇ ਲੋਕਾਂ ਲਈ ਇਹ ਸਮਾਂ ਥਕਾਵਟ ਦਾ ਹੋਵੇਗਾ

ਜੇਕਰ ਗਿਆਰਾਂ ਵਾਲੀ ਚਾਹ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਪਹਿਲਾਂ-ਪਹਿਲ ਸ਼ਾਇਦ ਇਸ ਦੀ ਸ਼ੁਰੂਆਤ ਘਰਾਂ ਵਿੱਚ ਕੰਮ ਕਰਦੀਆਂ ਘਰੇਲੂ ਔਰਤਾਂ ਨੇ ਕੀਤੀ ਹੋਵੇਗੀ। ਹਰ ਘਰ ਵਿੱਚ ਅੰਮਿ੍ਰਤ ਵੇਲੇ ਉੱਠ ਕੇ ਕੰਮ-ਧੰਦੇ ਕਰਦੀਆਂ ਔਰਤਾਂ ਇਸ ਟਾਈਮ ਤੱਕ ਥੱਕ ਜਾਂਦੀਆਂ ਸਨ ਇਸ ਲਈ ਉਨ੍ਹਾਂ ਨੇ ਆਪਣੀ ਥਕਾਨ ਨੂੰ ਦੂਰ ਕਰਨ ਤੇ ਦੁਪਹਿਰ ਦੇ ਸਮੇਂ ਕਿਸੇ ਨਵੇਂ ਕੰਮ ਨੂੰ ਛੇੜਨ ਤੋਂ ਪਹਿਲਾਂ ਆਪਣੇ-ਆਪ ਨੂੰ ਤਰੋ-ਤਾਜਾ ਕਰਨ ਲਈ ਚਾਹ ਬਣਾਈ ਹੋਵੇਗੀ। ਉਸ ਮਗਰੋਂ ਹੀ ਇਹ ਹੌਲੀ-ਹੌਲੀ ਹਰ ਘਰ ਦੀ ਕਹਾਣੀ ਬਣ ਗਈ ਹੋਵੇਗੀ।

ਇਸ ਤੋਂ ਇਲਾਵਾ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਪੁਰਾਣੇ ਸਮੇਂ ’ਚ ਕੁੜੀਆਂ-ਬੁੜ੍ਹੀਆਂ ਘਰਾਂ ਵਿੱਚ ਹੀ ਚਰਖਾ ਕੱਤਦੀਆਂ, ਤਾਣੀ ਤੰਦ, ਦਰੀਆਂ-ਖੇਸ ਆਦਿ ਬੁਣਦੀਆਂ ਹੁੰਦੀਆਂ ਸਨ ਤੇ ਉਨ੍ਹਾਂ ਦਾ ਦੁਪਹਿਰਾ ਬਹੁਤ ਰੁਝੇਵਿਆਂ ਭਰਿਆ ਹੁੰਦਾ ਸੀ। ਇਸ ਲਈ ਜਦੋਂ ਉਹ ਘਰ ਦੇ ਸਾਰੇ ਕੰਮ-ਧੰਦੇ ਮੁਕਾ ਕੇ ਵਿਹਲੀਆਂ ਹੁੰਦੀਆਂ ਤਾਂ ਉਹ ਗਿਆਰਾਂ ਵਾਲੀ ਚਾਹ ਬਣਾਉਂਦੀਆਂ ਸਨ ਤਾਂ ਕਿ ਇਸ ਮਗਰੋਂ ਦੁਪਹਿਰ ਸਮੇਂ ਤਾਣੀ ਤੰਦ ਵਾਲਾ ਕੰਮ ਚੁਸਤੀ ਫੁਰਤੀ ਨਾਲ ਕਰ ਸਕਣ। ਇਸ ਦੇ ਨਾਲ ਹੀ ਘਰ ਦੇ ਮਰਦ ਵੀ ਇਹ ਚਾਹ ਪੀਣ ਮਗਰੋਂ ਹੀ ਨਿੱਕੇ-ਮੋਟੇ ਕੰਮ-ਧੰਦੇ ਕਰਨ ਲਈ ਖੇਤ-ਬੰਨੇ ਜਾਂ ਬਾਹਰ ਜਾਂਦੇ ਸਨ। ਇਹ ਚਾਹ ਪੇਂਡੂ ਘਰਾਂ ਵਿੱਚ ਦੁਪਹਿਰ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਰ੍ਹਾਂ ਅਲਾਰਮ ਦਾ ਕੰਮ ਕਰਦੀ ਸੀ। (Drinking a Lot of Tea)

ਹਰ ਘਰ ਵਿੱਚ ਬਣਦੀ ਐ ਗਿਆਰਾਂ ਵਾਲੀ ਚਾਹ

ਜੇਕਰ ਅੱਜ ਦੇ ਸਮੇਂ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦੇ ਹਰ ਪੇਂਡੂ ਘਰ ਵਿੱਚ ਗਿਆਰਾਂ ਵਾਲੀ ਚਾਹ ਥੋੜ੍ਹੇ-ਬਹੁਤੇ ਟਾਈਮ ਦੇ ਫਰਕ ਨਾਲ ਬਣਾਈ ਜਾਂਦੀ ਹੈ। ਅੱਜ ਭਾਵੇਂ ਘਰਾਂ ਦੀਆਂ ਔਰਤਾਂ ਕੋਲ ਪੁਰਾਣੇ ਸਮੇਂ ਦੇ ਮੁਕਾਬਲੇ ਕੰਮ ਬਹੁਤ ਘਟ ਗਏ ਹਨ ਪਰ ਫਿਰ ਵੀ ਪੰਜਾਬ ਦੇ ਤਕਰੀਬਨ ਹਰ ਪੇਂਡੂ ਘਰ ਵਿੱਚ ਗਿਆਰਾਂ ਵਾਲੀ ਚਾਹ ਬਣਦੀ ਹੈ। ਅੱਜ ਘਰ ਦੇ ਕਿਸੇ ਵੀ ਮੈਂਬਰ ਨੇ ਜੇਕਰ ਦੂਰ-ਨੇੜੇ ਕਿਤੇ ਸ਼ਹਿਰ ਬਾਜਾਰ ਜਾਣਾ ਹੁੰਦਾ ਹੈ ਤਾਂ ਉਹ ਘਰੋਂ ਗਿਆਰਾਂ ਵਾਲੀ ਚਾਹ ਪੀ ਕੇ ਹੀ ਤੁਰਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਆਏ ਕਿਸੇ ਮਹਿਮਾਨ ਨੂੰ ਜਦੋਂ ਵਿਦਾ ਕੀਤਾ ਜਾਂਦਾ ਹੈ ਤਾਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸਨੂੰ ਗਿਆਰਾਂ ਵਾਲੀ ਚਾਹ ਪਿਆ ਕੇ ਹੀ ਵਿਦਾ ਕੀਤਾ ਜਾਵੇ। ਇਸ ਤਰ੍ਹਾਂ ਗਿਆਰਾਂ ਵਾਲੀ ਚਾਹ ਪੰਜਾਬੀ ਪੇਂਡੂ ਜਨ-ਜੀਵਨ ਦਾ ਅਹਿਮ ਹਿੱਸਾ ਬਣ ਗਈ ਹੈ ਤੇ ਇਸ ਬਿਨਾਂ ਹਰ ਕੰਮ ਦੀ ਸ਼ੁਰੂਆਤ ਅਧੂਰੀ ਲੱਗਦੀ ਹੈ।

ਮਨਜੀਤ ਮਾਨ
ਸਾਹਨੇਵਾਲੀ (ਮਾਨਸਾ)
ਮੋ. 70098-98044

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ