ਜੱਸਾ (ਕਹਾਣੀ)

ਅੱਜ ਜਨਮ ਦਿਨ ਹੈ ਉਸ ਦਾ, ਸਵੇਰੇ ਉੱਠਦਿਆਂ ਹੀ ਜਦੋਂ ਵੱਡੀ ਬੇਟੀ ਨੇ ਉਸ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ ਉਠਾਇਆ ਤਾਂ ਝੱਟ ਮੇਰੇ ਚੇਤੇ ਆਇਆ ਕਿ ਮੈਂ ਤਾਂ ਉਸ ਦਾ ਸਟੇਟਸ ਹੀ ਲਾਉਣਾ ਭੁੱਲ ਗਿਆ। ਬੱਸ ਫਿਰ ਕੀ ਸੀ ਆਕੜ ਗਿਆ ਮੇਰਾ ਪੁੱਤ ਮੇਰੇ ਨਾਲ ਕਹਿੰਦਾ, ‘‘ਮੈਂ ਕਿਹੜਾ ਤੁਹਾਡੀ ਮਰਜ਼ੀ ਅਨੁਸਾਰ ਆਇਆਂ, ਮੈਨੂੰ ਤਾਂ ਪਰਮਾਤਮਾ ਨੇ ਭੇਜਿਆ। ਜਦੋਂ ਮੇਰਾ ਜਨਮ ਹੋਇਆ ਸੀ ਤਾਂ ਤੁਸੀਂ ਤਾਂ ਸਾਰੇ ਉਦਾਸ ਹੋ ਗਏ ਸੀ, ਗਮਗੀਨ ਮਾਹੌਲ ਸੀ ਤੇ ਮੇਰੇ ਦਾਦਾ ਨੇ ਤਾਂ ਮੈਨੂੰ ਕਈ ਮਹੀਨੇ ਦੇਖਿਆ ਤੱਕ ਨਹੀਂ ਸੀ, ਤੁਸੀਂ ਮੇਰੇ ਸਟੇਟਸ ਲਾਉਣ ਵਿੱਚ ਵੀ ਲੇਟ ਹੋ ਗਏ।’’

ਇੰਨਾ ਸੁਣਦਿਆਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਪਿਛਲੇ ਬਾਰਾਂ-ਤੇਰਾਂ ਸਾਲਾਂ ਦੀ ਪੁਰਾਣੀ ਕਹਾਣੀ ਮੇਰੀਆਂ ਅੱਖਾਂ ਸਾਹਮਣੇ ਇੱਕ ਫ਼ਿਲਮ ਵਾਂਗ ਦੌੜਨ ਲੱਗੀ। ਪਹਿਲੀ ਬੇਟੀ ਹੋਣ ਤੋਂ ਬਾਅਦ ਸਾਡੀ ਇੱਛਾ ਸੀ ਕਿ ਇੱਕ ਪੁੱਤਰ ਹੋ ਜਾਵੇ ਤਾਂ ਜੋ ਪਰਿਵਾਰ ਪੂਰਾ ਹੋ ਜਾਵੇ। ਸਾਨੂੰ ਕਿਸੇ ਨੂੰ ਆਸ ਨਹੀਂ ਸੀ ਕਿ ਦੁਬਾਰਾ ਬੇਟੀ ਹੋਵੇਗੀ। ਸਾਰੇ ਪਰਿਵਾਰ ਦੇ ਮੈਂਬਰ ਇਹ ਚਾਹੁੰਦੇ ਸਨ ਕਿ ਬੇਟਾ ਹੋਵੇ ਪਰ ਹੁੰਦਾ ਉਹ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ।

ਜਦੋਂ ਇਸ ਦਾ ਜਨਮ ਹੋਇਆ ਪਤਾ ਲੱਗਾ ਕਿ ਇੱਕ ਬੇਟੀ ਹੋਰ ਹੋ ਗਈ, ਤਾਂ ਮਾਹੌਲ ਉਦਾਸੀ ਵਰਗਾ ਬਣ ਗਿਆ। ਜਦੋਂ ਇਸ ਨੂੰ ਅਸੀਂ ਛੁੱਟੀ ਦਿਵਾ ਕੇ ਘਰ ਵਾਪਸ ਪਰਤ ਰਹੇ ਸਾਂ ਤਾਂ ਨੇੜਲੇ ਗੁਆਂਢੀ ਪਿੰਡ ਫਫੜੇ ਭਾਈ ਕੇ ਕੋਲ ਆ ਕੇ ਸਾਡੀ ਸ਼ਾਮ ਨੂੰ ਕਾਰ ਖ਼ਰਾਬ ਹੋ ਗਈ। ਅਸੀਂ ਸਾਹਮਣੇ ਘਰ ਤੋਂ ਜਦੋਂ ਮੱਦਦ ਮੰਗੀ ਤੇ ਅਸੀਂ ਦੱਸਿਆ ਕਿ ਸਾਡੀ ਆਹ ਸਮੱਸਿਆ ਹੈ ਤਾਂ ਉਨ੍ਹਾਂ ਦੇ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਬਾਹਰ ਨਿੱਕਲੀ ਤੇ ਜਦੋਂ ਉਸ ਨੇ ਕਾਰ ਵਿਚੋਂ ਜੱਸੇ ਨੂੰ ਵੇਖਿਆ ਤਾਂ ਹਾਉਕਾ ਭਰਦੀ ਬੋਲੀ, ‘‘ਕਿੰਨਾ ਸੋਹਣਾ ਜਵਾਕ ਏ’’

ਮੇਰੀਆਂ ਆਂਦਰਾਂ ਠਰ ਗਈਆਂ ਤੇ ਮੈਂ ਉਸ ਦੀ ਮਾਂ ਨੂੰ ਕਿਹਾ ਕਿ ਕਾਲਾ ਟਿੱਕਾ ਇਸ ਦੇ ਕੰਨ ਹੇਠਾਂ ਲਾ ਦੇਵੇ, ਨਜ਼ਰ ਨਾ ਲੱਗ ਜਾਵੇ ਮੇਰੇ ਪੁੱਤ ਨੂੰ ਤੇ ਇਸ ਦੀ ਮਾਂ ਨੇ ਰੋਂਦਿਆਂ-ਰੋਂਦਿਆਂ ਆਪਣਾ ਮੂੰਹ ਚੁੰਨੀ ਨਾਲ ਢੱਕ ਲਿਆ ਤੇ ਮੈਂ ਵੀ ਰੋਣ ਲੱਗ ਪਿਆ। ਅਸੀਂ ਉੱਥੋਂ ਲਿਫਟ ਲੈ ਕੇ ਘਰ ਪਹੁੰਚੇ ਘਰੇ ਕੋਈ ਖੁਸ਼ੀ ਵਾਲਾ ਮਾਹੌਲ ਨਹੀਂ ਸੀ ਹਰ ਕੋਈ ਕਹੀ ਜਾਵੇ, ‘‘ਪਰਮਾਤਮਾ ਪੁੱਤਰ ਦੇ ਦਿੰਦਾ, ਪਰਮਾਤਮਾ ਪੁੱਤਰ ਦੇ ਦਿੰਦਾ…’’ ਕੁਝ ਦਿਨਾਂ ਬਾਅਦ ਮੈਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਅਤੇ ਜ਼ਿੰਦਗੀ ਆਮ ਰੁਟੀਨ ਜਿਹੀ ਬਣ ਗਈ। ਜੱਸਾ (ਜੈਸਿਕਾ ਦਾ ਪਿਆਰ ਵਾਲਾ ਨਾਂਅ) ਵੀ ਹੌਲੀ-ਹੌਲੀ ਘਰ ਵਿੱਚ ਘੁਲਣ-ਮਿਲਣ ਲੱਗ ਪਈ।

ਜਦੋਂ ਇਹ ਦੋ ਮਹੀਨਿਆਂ ਦੀ ਹੋਈ ਤਾਂ ਇਸ ਦੇ ਦਾਦੇ ਨੇ ਇਸ ਦਾ ਮੂੰਹ ਵੇਖਿਆ ਫਿਰ ਹੌਲੀ-ਹੌਲੀ ਦਾਦੇ-ਪੋਤੀ ਵਿੱਚ ਏਨਾ ਪਿਆਰ ਵਧ ਗਿਆ ਜਦੋਂ ਮੈਡਮ ਸਕੂਲ ਚਲੀ ਜਾਂਦੀ ਤਾਂ ਇਹ ਆਪਣੇ ਦਾਦੇ ਨਾਲ ਖੇਡਦੀ ਰਹਿੰਦੀ ਗੋਲ-ਮਟੋਲ ਜੀ ਨੇ ਥੋੜ੍ਹੇ ਸਮੇਂ ਵਿੱਚ ਹੀ ਸਾਰੇ ਪਰਿਵਾਰ ਦਾ ਦਿਲ ਜਿੱਤ ਲਿਆ ਤੇ ਪਰਿਵਾਰ ਵਿੱਚ ਹੀ ਰਚ-ਮਿਚ ਗਈ। ਆਪਣੇ ਹਿੱਸੇ ਦਾ ਮੋਹ ਇਸ ਨੇ ਆਪਣੇ ਪਿਆਰ-ਸਨੇਹ ਨਾਲ ਹੀ ਪ੍ਰਾਪਤ ਕਰ ਲਿਆ । ਸਕੂਲ ਜਾਣ ਲੱਗੀ ਤਾਂ ਸਕੂਲ ਵਿੱਚ ਵੀ ਅਧਿਆਪਕਾਂ ਦੀ ਚਹੇਤੀ ਬਣੀ ਰਹੀ, ਕਦੇ ਵੀ ਕਿਸੇ ਅਧਿਆਪਕ ਵੱਲੋਂ ਉਸ ਦਾ ਉਲਾਂਭਾ ਨਾ ਆਇਆ। (Punjabi Story)

ਪੜ੍ਹਨ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹੁਸ਼ਿਆਰ ਬਣੀ ਦੋ ਵਾਰ ਫੱੁਟਬਾਲ ਦੀ ਟੀਮ ਵਿਚ ਸਟੇਟ ਪੱਧਰ ਤੱਕ ਖੇਡ ਆਈ ਅਤੇ ਇਸ ਦੀ ਸਿਲੈਕਸ਼ਨ ਨੈਸ਼ਨਲ ਪੱਧਰ ਤੱਕ ਫੁਟਬਾਲ ਟੀਮ ਵਿੱਚ ਹੋਈ। ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਆਪਣੇ ਦਾਦਾ ਜੀ ਨੂੰ ਮਨਾ ਕੇ ਟਰੈਕਟਰ ’ਤੇ ਬੁਢਲਾਡੇ ਲੈ ਜਾਂਦੀ ਤੇ ਆਪਣੇ ਲਈ ਲੋਅਰ, ਟੀ ਸ਼ਰਟਾਂ, ਖੇਡਾਂ ਦਾ ਸਾਮਾਨ, ਖਾਣ-ਪੀਣ ਦਾ ਸਾਮਾਨ ਦਾ ਝੋਲਾ ਭਰ ਕੇ ਲੈ ਆਉਂਦੀ ਤੇ ਫਿਰ ਘਰ ਆਉਂਦਿਆਂ ਹੀ ਦੂਸਰੇ ਬੱਚਿਆਂ ਦਾ ਆਪਸੀ ਕਲੇਸ਼ ਸ਼ੁਰੂ ਹੋ ਜਾਂਦਾ ਜਿਸ ਨੂੰ ਮੇਰੇ ਪਿਤਾ ਜੀ ਪੰਜ-ਪੰਜ ਸੌ ਰੁਪਏ ਦੇ ਕੇ ਖਤਮ ਕਰਦੇ ਪਰ ਇਹ ਆਪਣੀ ਲਿਆਂਦੀ ਚੀਜ਼ ਕਿਸੇ ਨੂੰ ਨਾ ਦਿੰਦੀ।

ਹੌਲੀ-ਹੌਲੀ ਸਮਾਂ ਬੀਤਦਾ ਗਿਆ ਪਿਤਾ ਜੀ ਨੂੰ ਗੁਰਦਿਆਂ ਦੀ ਬਿਮਾਰੀ ਹੋ ਗਈ ਤੇ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਤੋਂ ਚੱਲਣ ਲੱਗਾ। ਇਸ ਸਮੇਂ ਦੌਰਾਨ ਇਹ ਬੱਚੀ, ਜਿਸ ਨੂੰ ਕਦੇ ਮੇਰੇ ਪਿਤਾ ਨੇ ਦੇਖਿਆ ਤੱਕ ਨਹੀਂ ਸੀ, ਉਨ੍ਹਾਂ ਦੇ ਇਲਾਜ ਵਿਚ ਜੁਟ ਗਈ ਕਦੇ ਉਨ੍ਹਾਂ ਲਈ ਦਲੀਆ ਬਣਾਉਣਾ ਤੇ ਕਦੇ ਦੁਕਾਨ ਤੋਂ ਕੋਈ ਹੋਰ ਖਾਣ ਵਾਲੀ ਚੀਜ਼ ਲੈ ਕੇ ਆਉਣਾ, ਇਹ ਸਾਰੇ ਕੰਮ ਇਸ ਦੇ ਹਿੱਸੇ ਹੀ ਆਏ। ਹੁਣ ਜਦੋਂ ਉਹ ਸਕੂਲੋਂ ਮੁੜਦੀ ਤਾਂ ਝੱਟ ਆਪਣੇ ਦਾਦੇ ਨੂੰ ਆ ਕੇ ਚਿੰਬੜ ਜਾਂਦੀ ਤੇ ਉਹ ਬਿਮਾਰ ਹੁੰਦਿਆਂ ਵੀ ਉਸ ਨੂੰ ਕਈ ਵਾਰ ਟਰੈਕਟਰ ’ਤੇ ਬੁਢਲਾਡੇ ਲੈ ਜਾਂਦੇ ਦੋਵੇਂ ਹੱਸਦੇ-ਖੇਡਦੇ ਇੰਜ ਲੱਗਦਾ ਜਿਵੇਂ ਸਾਡੇ ਪਿਤਾ ਦਾ ਇਲਾਜ ਸਾਡੇ ਬੱਚਿਆਂ ਦੇ ਪਿਆਰ ਨਾਲ ਹੀ ਪੂਰਾ ਹੋ ਜਾਵੇਗਾ।

ਸਮਾਂ ਬੀਤਦਾ ਗਿਆ ਇੰਨੇ ਨੂੰ ਕੋਰੋਨਾ ਨਾਂਅ ਦੀ ਬਿਮਾਰੀ ਨੇ ਪੂਰੇ ਸੰਸਾਰ ਨੂੰ ਆਪਣੀ ਗਿ੍ਰਫ਼ਤ ਵਿੱਚ ਲੈ ਲਿਆ। ਹਸਪਤਾਲਾਂ ਵਿੱਚ ਜਦੋਂ ਅਸੀਂ ਦਵਾਈ ਲੈਣ ਜਾਂਦੇ ਤਾਂ ਕਿਤੇ ਕੋਰੋਨਾ ਨਾਂਅ ਦੀ ਬਿਮਾਰੀ ਸਾਡੇ ਪਿਤਾ ਜੀ ਨੂੰ ਵੀ ਹੋ ਗਈ। ਇਸ ਸਮੇਂ ਦੌਰਾਨ ਵੀ ਜੈਸਿਕਾ ਨੇ ਦਵਾਈ ਦੇਣੀ, ਪਾਣੀ ਦੇਣਾ, ਸਬਜ਼ੀ, ਫਲ-ਫਰੂਟ ਦੇਣਾ ਆਦਿ ਜਾਰੀ ਰੱਖਿਆ। ਬਾਪੂ ਸਾਡਾ ਰਾਤਾਂ ਨੂੰ ਨਾ ਸੌਂਦਾ ਭੱਜ ਜਾਂਦਾ ਤੇ ਅਸੀਂ ਮਸਾਂ-ਮਸਾਂ ਉਸ ਨੂੰ ਰਾਤ ਭਰ ਬਿਠਾ ਕੇ ਰੱਖਦੇ ਅਤੇ ਸਵੇਰ ਹੁੰਦਿਆਂ ਹੀ ਜੇਕਰ ਕੋਈ ਇੱਕਾ -ਦੁੱਕਾ ਹਸਪਤਾਲ ਖੁੱਲ੍ਹਾ ਹੁੰਦਾ ਤਾਂ ਉੱਥੇ ਪ੍ਰਵਾਨਗੀ ਲੈ ਕੇ ਚਲੇ ਜਾਂਦੇ ਤੇ ਫਿਰ ਮੁੜ ਆਉਂਦੇ। ਕੋਰੋਨਾ ਪਾਜ਼ਿਟਿਵ ਹੋਣ ਕਾਰਨ ਕੋਈ ਡਾਕਟਰ ਵੀ ਉਨ੍ਹਾਂ ਨੂੰ ਹੱਥ ਨਾ ਪਾਉਂਦਾ ਤੇ ਅਸੀਂ ਖਾਲੀ ਪਰਤ ਆਉਂਦੇ ਦੋ-ਤਿੰਨ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਤੇ ਅਸੀਂ ਸਾਰੇ ਸਦਮੇ ਵਿੱਚ ਚਲੇ ਗਏ।

ਜਦੋਂ ਅਸੀਂ ਸਾਰੇ ਪਰਿਵਾਰ ਨੇ ਕੋਰੋਨਾ ਦੀ ਰਿਪੋਰਟ ਕਰਵਾਈ ਤਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆ ਗਈ ਅਤੇ ਜੈਸਿਕਾ ਦੀ ਰਿਪੋਰਟ ਕੁਝ ਲੇਟ ਆਈ ਸਾਨੂੰ ਤਾਂ ਅਨੁਮਾਨ ਵੀ ਨਹੀਂ ਸੀ ਕਿ ਜੈਸਿਕਾ ਦੀ ਰਿਪੋਰਟ ਪਜ਼ਿਟਿਵ ਆਵੇਗੀ। ਜਦੋਂ ਮੇਰੇ ਫੋਨ ’ਤੇ ਫੋਨ ਆਇਆ ਕਿ ਜੈਸਿਕਾ ਤੁਹਾਡੀ ਬੇਟੀ ਹੈ? ਮੈਂ ਕਿਹਾ, ‘‘ਜੀ ਹਾਂ, ਦੱਸੋ’’ ‘‘ਇਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਹੈ, ਇਨ੍ਹਾਂ ਨੂੰ ਆਪਾਂ ਨੂੰ ਕੁਆਰਨਟੀਨ ਕਰਨਾ ਹੈ। ਤੁਸੀਂ ਕਿਰਪਾ ਕਰਕੇ ਇਨ੍ਹਾਂ ਨੂੰ ਘਰੇ ਹੀ ਰੱਖਿਓ।’’ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਆਹ ਕੀ ਹੋ ਗਿਆ, ਜਵਾਕੜੀ ਨਾਲ!

ਜਦ ਮੈਂ ਪਿਛਲੇ ਕੁਝ ਦਿਨਾਂ ’ਤੇ ਝਾਤ ਮਾਰੀ ਤਾਂ ਵੇਖਿਆ ਕਿ ਇਹ ਉਹ ਬੱਚੀ ਸੀ ਜਿਹੜੀ ਦਲੀਆ ਖਵਾ ਕੇ ਮੇਰੇ ਪਿਤਾ ਜੀ ਦਾ ਮੂੰਹ ਆਪਣੇ ਕਮੀਜ਼ ਨਾਲ ਹੀ ਪੂੰਝ ਦਿੰਦੀ ਤੇ ਦਾੜ੍ਹੀ-ਮੁੱਛਾਂ ਪਾਣੀ ਨਾਲ ਆਪ ਹੀ ਸਾਫ ਕਰ ਆਉਂਦੀ ਤੇ ਕਦੇ-ਕਦੇ ਉਸ ਦੇ ਬਟੂਏ ਵਿੱਚੋਂ ਵੀਹ-ਤੀਹ ਰੁਪਏ ਕੱਢ ਕੇ ਆਪਣੇ ਸਾਮਾਨ ਲਈ ਵੀ ਲੈ ਜਾਂਦੀ।

ਉਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਸੁਣ ਕੇ ਸਾਰੇ ਘਰ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਅਤੇ ਹੁਣ ਸਾਡੇ ਲਈ ਇਹ ਵੱਡੀ ਸਮੱਸਿਆ ਬਣ ਗਈ ਸੀ ਕਿ ਅਸੀਂ ਇਸ ਨੂੰ ਘਰ ਵਿੱਚ ਇੱਕ ਕਮਰੇ ਵਿੱਚ ਕਿਸ ਤਰ੍ਹਾਂ ਕੁਆਰਨਟੀਨ ਕਰਕੇ ਰੱਖੀਏ ਕਿਉਂਕਿ ਬੱਚੀ ਬਹੁਤ ਛੋਟੀ ਸੀ ਤੇ ਉਸ ਦਾ ਇਕੱਲਿਆਂ ਰਹਿਣਾ ਅਸੰਭਵ ਸੀ। ਅਸੀਂ ਉਸ ਨੂੰ ਡਰਾਇੰਗ ਰੂਮ ਵਿਚ ਸ਼ਿਫਟ ਕਰ ਦਿੱਤਾ ਅਤੇ ਬਾਹਰ ਉਸ ਦੀ ਮਾਂ ਆਪਣਾ ਮੰਜਾ ਡਾਹ ਲੈਂਦੀ ਦਿਨ ਤਾਂ ਲੰਘ ਜਾਂਦਾ ਪਰ ਰਾਤ ਨੂੰ ਜਵਾਕੜੀ ਨੂੰ ’ਕੱਲਿਆਂ ਰੱਖਣਾ ਕਿੰਨਾ ਔਖਾ ਸੀ ਇਹ ਸਾਨੂੰ ਹੀ ਪਤਾ ਹੈ ਪਰੰਤੂ ਉਸ ਨੇ ਹਿੰਮਤ ਨਾ ਹਾਰੀ ਅਤੇ ਕੋਰੋਨਾ ਨਾਂਅ ਦੀ ਬਿਮਾਰੀ ’ਤੇ ਜਿੱਤ ਪ੍ਰਾਪਤ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਅੱਜ ਵੀ ਜਦੋਂ ਉਸ ਦਾ ਹੱਸਦਾ ਚਿਹਰਾ ਵੇਖਦਾ ਹਾਂ ਤਾਂ ਪੁਰਾਣੀ ਯਾਦ ਇੱਕ ਫ਼ਿਲਮ ਵਾਗੂੰ ਅੱਖਾਂ ਸਾਮਣਿਓਂ ਲੰਘ ਜਾਂਦੀ ਹੈ।‘ਜੱਸਾ’ ਅੱਜ ਵੀ ਸਕੂਲ ਜਾਂਦਿਆਂ ਮੈਨੂੰ ਕਹਿੰਦਾ ਹੈ ਕਿ ਬਾਪੂ ਮੈਂ ਕਰਾਂਗੀ ਨਾ ਰੌਸ਼ਨ ਤੇਰਾ, ਬਣਾਂਗੀ ਅਫ਼ਸਰ ਇੱਕ ਦਿਨ। ਉਸ ਦੀਆਂ ਗੱਲਾਂ ਸੁਣ ਕੇ ਮੈਂ ਮਨ ਹੀ ਮਨ ਰੋਣ ਲੱਗਦਾ, ਪਰਮਾਤਮਾ ਦਾ ਸ਼ੁਕਰੀਆ ਕਰਦਾ ਹਾਂ ਕਿ ਇਸ ਨਿਮਾਣੇ ਦੀ ਝੋਲੀ ਵਿਚ ਤਾਂ ਇਹ ਇੱਕ ਅਨੋਖਾ ਤੋਹਫ਼ਾ ਪਾ ਦਿੱਤਾ, ਜਿਸ ਲਈ ਮੈਂ ਸਦਾ ਤੁਹਾਡਾ ਰਿਣੀ ਰਹਾਂਗਾ।

ਅਮਨਦੀਪ ਸ਼ਰਮਾ ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ, ਮਾਨਸਾ।
ਮੋ. 98760-74055

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ