ਜੇਕਰ ਹਨ੍ਹੇਰੇ ਨਾ ਰੋਕੇ ਤਾਂ ਇਹ ਸਾਡਾ ਚਾਨਣ ਪੀ ਜਾਣਗੇ…

Darkness

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੇ ਆਪਣੀ ਅਣਖ, ਇੱਜਤ, ਗ਼ੈਰਤ ਨੂੰ ਕਦੀਂ ਰੋਲਿਆ ਨਹੀਂ, ਕਿਸੇ ਲਾਲਚ ਪਿੱਛੇ ਸਿਦਕੋਂ ਡੋਲੇ ਨਹੀਂ ਪਰ ਅੱਜ ਸ਼ਾਇਦ ਅਸੀਂ ਇਸ ਕਹਾਵਤ ਨੂੰ ਵਿਸਾਰ ਦਿੱਤਾ ਹੈ ਕਿਉਂਕਿ ਅੱਜ ਅਸੀਂ ਆਪਣੀ ਵਿਰਾਸਤ ਨੂੰ ਛਿੱਕੇ ਟੰਗ ਕੇ ਅਸਲੀ ਰੰਗਾਂ ਨੂੰ ਛੱਡ ਕੇ ਬਦਰੰਗਾਂ ਮਗਰ ਦੌੜਦੇ ਫਿਰਦੇ ਹਾਂ। ਜੇਕਰ ਗੱਲ ਕਰੀਏ ਪੰਜਾਬੀ ਸੰਗੀਤ ਦੀ ਤਾਂ ਇਹ ਗੱਲ ਸਭ ਤੋਂ ਵੱਧ ਪੰਜਾਬੀ ਸੰਗੀਤ ਖੇਤਰ ਵਿੱਚੋਂ ਮਿਲਦੀ ਹੈ ਕਿ ਪੱਛਮ ਪਿੱਛੇ ਲੱਗ ਕੇ ਅਸੀਂ ਆਪਣੀ ਅਣਖ ਇੱਜ਼ਤ ਦਾ ਜਲੂਸ ਕੱਢ ਰਹੇ ਹਾਂ। ਔਰਤ ਨੂੰ ਵੀ ਪੰਜਾਬੀਆਂ ਨੇ ਆਪਣੀ ਇੱਜਤ ਹੀ ਸਮਝਿਆ ਹੈ ਅਤੇ ਜੇਕਰ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਜਦੋਂ ਕਿਸੇ ਨੇ ਪੰਜਾਬੀਆਂ ਦੀ ਇਸ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਨ੍ਹਾਂ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ ਪਰ ਹੁਣ ਸਾਡੀਆਂ ਇਹ ਇੱਜਤਾਂ ਮਾਡਲਾਂ ਦੇ ਰੂਪ ਵਿੱਚ ਅਸ਼ਲੀਲਤਾ ਦਾ ਪ੍ਰਦਰਸ਼ਨ ਕਰਕੇ ਕਿਹੜਾ ਨਵਾਂ ਇਤਿਹਾਸ ਸਿਰਜਣਾ ਚਾਹੁੰਦੀਆਂ ਹਨ?

ਦੂਜੇ ਪਾਸੇ ਨਵੀਂ ਗਾਇਕੀ ਨੇ ਰਹਿੰਦੀਆਂ-ਖੂੰਹਦੀਆਂ ਸਭ ਕਸਰਾਂ ਕੱਢ ਦਿੱਤੀਆਂ ਹਨ। ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸਾਹਿਤ ਦੀ, ਪੰਜਾਬੀ ਲੋਕ ਰੰਗਾਂ ਦੀ, ਪੰਜਾਬ ਦੀ ਵਿਰਾਸਤ ਦੀ, ਬੱਸ ਦੌੜ ਲੱਗੀ ਹੈ ਰਾਤੋ-ਰਾਤ ਸ਼ੋਹਰਤ ਹਾਸਲ ਕਰਨ ਦੀ, ਉਸ ਲਈ ਭਾਵੇਂ ਕੋਈ ਵੀ ਹੱਥਕੰਡੇ ਅਪਣਾਉਣੇ ਪੈਣ। ਜੇਕਰ ਹੁਣ ਟੀ.ਵੀ. ਦੇ ਕਿਸੇ ਸੰਗੀਤਕ ਚੈਨਲ ਨੂੰ ਚਲਾ ਕੇ ਵੇਖੀਏ ਤਾਂ ਉਨ੍ਹਾਂ ਐਲਬਮਾਂ ਜਾਂ ਕਹਿ ਲਵੋ ਗੀਤਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ ਹੁੰਦੀ ਹੈ, ਜਿਨ੍ਹਾਂ ਵਿੱਚ ਪੰਜਾਬ ਜਾਂ ਪੰਜਾਬੀਅਤ ਦੀ ਵਿਸ਼ੇਸ਼ ਗੱਲ ਹੁੰਦੀ ਹੈ। ਇਨ੍ਹਾਂ ਚੈਨਲਾਂ ’ਤੇ ਜ਼ਿਆਦਾਤਰ ਅਸ਼ਲੀਲਤਾ ਨਾਲ ਭਰਪੂਰ ਵੀਡੀਓ ਹੀ ਦੇਖਣ ਨੂੰ ਮਿਲਦੀਆਂ ਹਨ।

ਕਈ ਵਾਰ ਤਾਂ ਵੇਖਦਿਆਂ-ਵੇਖਦਿਆਂ ਸਥਿਤੀ ਹਾਸੋਹੀਣੀ ਬਣ ਜਾਂਦੀ ਹੈ ਜਦੋਂ ਵੀਡੀਓ ਦੇ ਗੀਤਾਂ ਦਾ ਵਿਸ਼ਾ-ਵਸਤੂ ਹੋਰ ਹੁੰਦਾ ਹੈ ਅਤੇ ਦਿਖਾਇਆ ਕੁਝ ਹੋਰ ਜਾਂਦਾ ਹੈ। ਕਈ ਵਾਰ ਗੀਤ ਵਿੱਚ ਲਹਿੰਗੇ ਦੀ ਗੱਲ ਹੋ ਰਹੀ ਹੁੰਦੀ ਹੈ ਅਤੇ ਲਹਿੰਗਾ ਕਿਤੇ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਹੀ ਕਿਸੇ ਗੀਤ ਵਿੱਚ ਗੱਲ ਪੰਜਾਬੀ ਮੁਟਿਆਰ ਦੀ ਲੰਮੀ ਗੁੱਤ ਦੀ ਹੋ ਰਹੀ ਹੁੰਦੀ ਹੈ ਪਰ ਵੀਡੀਓ ਵਿੱਚ ਕੱਟੇ ਹੋਏ ਵਾਲਾਂ ਵਾਲੀ ਅੱਧ-ਨੰਗੀ ਮਾਡਲ ਦਿਖਾਈ ਦਿੰਦੀ ਹੈ। ਜਦੋਂ ਅਜਿਹੇ ਕਿਸੇ ਗੀਤ ਦੇ ਗਾਇਕ ਦੀ ਇੰਟਰਵਿਊ ਆ ਰਹੀ ਹੋਵੇ ਤਾਂ ਉਹ ਬੜੇ ਮਾਣ ਨਾਲ ਆਖ ਰਿਹਾ ਹੁੰਦਾ ਹੈ ਮੈਂ ਅੱਗੇ ਤੋਂ ਵੀ ਪੰਜਾਬੀ ਸੱਭਿਆਚਾਰ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹਾਂਗਾ ਕੋਈ ਪੁੱਛਣ ਵਾਲਾ ਹੋਵੇ ਕਿ ਜੇਕਰ ਕੋਈ ਕਸਰ ਬਾਕੀ ਰਹਿ ਗਈ ਤਾਂ ਉਹ ਵੀ ਅਗਲੇ ਗੀਤ ਵੇਲੇ ਪੂਰੀ ਕਰ ਲੈਣਾ।

ਇਸ ਭੈੜੇ ਰੁਝਾਨ ਨੂੰ ਜੇਕਰ ਨੱਥ ਨਾ ਪਾਈ ਗਈ ਤਾਂ ਇਹ ਇੱਕ ਦਿਨ ਹਰ ਪੰਜਾਬੀ, ਪੰਜਾਬਣ ਦੇ ਸਿਰ ਚੜ੍ਹ ਨੱਚੇਗਾ। ਦੇਸ਼ ਦੀ ਜਵਾਨੀ ਨੂੰ ਇਹ ਉਨ੍ਹਾਂ ਦੇ ਫਰਜਾਂ ਦੀਆਂ ਬਰੂਹਾਂ ਤੋਂ ਫੜ ਕੇ ਨਕਾਰਾਤਮਕ ਸੋਚਾਂ ਦੇ ਡੂੰਘੇ ਟੋਏ ਵਿੱਚ ਧੱਕ ਦੇਣ ਤੋਂ ਸੰਕੋਚ ਨਹੀਂ ਕਰੇਗਾ। ਜੇਕਰ ਆਵਾਜ਼ੀ ਅਸ਼ਲੀਲਤਾ ਦੀ ਗੱਲ ਕਰੀਏ ਤਾਂ ਸਾਡੇ ਵਡੇਰੇ ਅਜਿਹੇ ਗੀਤਾਂ ਨੂੰ ਰੋਹੀਆਂ ਵਿੱਚ ਵੀ ਨਾ ਬਰਦਾਸ਼ਤ ਕਰਦੇ ਜੋ ਅੱਜ ਸਾਡੇ ਵਿਹੜਿਆਂ ਵਿੱਚ ਗੂੰਜਦੇ ਹਨ। ਅਮੀਰ ਘਰਾਂ ਦੇ ਕਾਕੇ ਜਾਂ ਵਿਦੇਸ਼ ਤੋਂ ਪੈਸਾ ਕਮਾ ਕੇ ਲਿਆਏ ਨੌਜਵਾਨ ਰਾਤੋ-ਰਾਤ ਸਟਾਰ ਬਣਨ ਦੀ ਲਾਲਸਾ ਵਿੱਚ, ਘਟੀਆ ਜਿਹੇ ਵੀਡੀਓ ਬਣਾ ਕੇ ਟੀ. ਵੀ. ਚੈਨਲਾਂ ’ਤੇ ਅੰਨ੍ਹਾ ਪੈਸਾ ਆਪਣੀ ਮਸ਼ਹੂਰੀ ਲਈ ਲਾ ਰਹੇ ਹਨ। ਪਰ ਨਾ ਹੀ ਸਾਡੇ ਦੂਸਰੇ ਗਾਇਕ (ਜੋ ਮਿਆਰੀ, ਸਾਰਥਿਕ ਤੇ ਸੱਭਿਅਕ ਗੀਤ ਗਾਉਂਦੇ ਹਨ), ਨਾ ਹੀ ਕੋਈ ਕੰਪਨੀ, ਨਾ ਕੋਈ ਚੈਨਲ ਅਤੇ ਨਾ ਹੀ ਸਾਡੇ ਸਰੋਤੇ-ਦਰਸ਼ਕ ਜਾਇਜ-ਨਾਜਾਇਜ਼ ਦੀ ਲਕੀਰ ਖਿੱਚਣ ਦੀ ਕੋਸ਼ਿਸ਼ ਕਰਦੇ ਹਨ।

ਸਰੋਤਿਆਂ ਦੀ ਚੁੱਪ ਵੀ ਇਹ ਦਰਸਾਉਂਦੀ ਹੈ ਕਿ ਉਨ੍ਹਾਂ ਨੂੰ ਸਭ ਸਵੀਕਾਰ ਹੀ ਹੈ

ਕੀ ਆਉਣ ਵਾਲੀਆਂ ਸਾਡੀਆਂ ਨਸਲਾਂ ਆਪਣੀ ਵਿਰਾਸਤੀ ਗਾਇਕੀ ਬਾਰੇ ਜਾਣੂ ਹੋਣਗੀਆਂ, ਕੀ ਉਹ ਸਵਰਗਵਾਸੀ ਲਾਲ ਚੰਦ ਯਮਲਾ, ਉਸਤਾਦ ਯਾਕਿਰ ਹੁਸੈਨ, ਨੰਦ ਲਾਲ ਨੂਰਪੂਰੀ, ਧਨੀਰਾਮ ਚਾਤਿ੍ਰਕ ਬਾਰੇ ਜਾਣਨਗੀਆਂ? ਕੀ ਘੋੜੀਆਂ, ਸਿੱਠਣੀਆਂ ਜਾਂ ਸੁਹਾਗ ਬਾਰੇ ਗਿਆਨ ਰੱਖਦੀਆਂ ਹੋਣਗੀਆਂ? ਕੀ ਉਹ ਸਾਡੇ ਵਿਰਾਸਤੀ ਰੀਤੀ-ਰਿਵਾਜਾਂ ਦੀ ਵੀ ਕਦਰ ਕਰਨਗੀਆਂ? ਉਨ੍ਹਾਂ ਦਾ ਪੰਜਾਬੀ ਵਿਰਸੇ ਸਬੰਧੀ ਜਾਣਕਾਰੀ ਨਾ ਹੋਣਾ ਕੀ ਉਨ੍ਹਾਂ ਨਾਲ ਬੇ-ਇਨਸਾਫੀ ਨਹੀਂ ਹੋਵੇਗੀ? ਇਨ੍ਹਾਂ ਸਵਾਲਾਂ ਤੋਂ ਇਲਾਵਾ ਹੋਰ ਵੀ ਕਈ ਸਵਾਲ ਪੈਦਾ ਹੋਣਗੇ ਅੱਜ ਦੀ ਮਾਡਰਨ ਅਤੇ ਅਸ਼ਲੀਲ ਫਿਲਮਾਂਕਣ ਵਾਲੀ ਗਾਇਕੀ ਨਾਲ।

ਮਿਆਰੋਂ ਨੀਵੀਂ ਗਾਇਕੀ ਤੋਂ ਇਲਾਵਾ ਇੱਕ ਹੋਰ ਪੱਖ ਜੋ ਅੱਜ-ਕੱਲ੍ਹ ਸਾਡੇ ਸਾਹਮਣੇ ਆ ਰਿਹਾ ਹੈ, ਫੈਸ਼ਨ ਦੇ ਰੂਪ ਵਿੱਚ ਵਧ ਰਹੀ ਅਸ਼ਲੀਲਤਾ। ਅੱਜ-ਕੱਲ੍ਹ ਵੱਡੇ-ਵੱਡੇ ਸ਼ਹਿਰਾਂ ਵਿੱਚ ਫੈਸ਼ਨ ਮੁਕਾਬਲੇ ਆਮ ਹੀ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਬੇਢੰਗੇ ਕੱਪੜਿਆਂ ਦੀ ਨੁਮਾਇਸ਼ ਕੀਤੀ ਜਾਂਦੀ ਹੈ। ਫੈਸ਼ਨ ਦੇ ਰੂਪ ਵਿੱਚ ਹੋ ਰਹੀ ਅਸ਼ਲੀਲਤਾ, ਅੱਜ-ਕੱਲ੍ਹ ਕਾਲਜਾਂ ਵਿੱਚ ਵੀ ਦਿਖਾਈ ਦੇਣ ਲੱਗ ਪਈ ਹੈ। ਇੱਥੇ ਸਵਾਲ ਉੱਠਦਾ ਹੈ ਕਿ, ਕੀ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਪੰਜਾਬੀ ਪਹਿਰਾਵੇ ਦੀ ਪਛਾਣ ਗੁਆ ਦਿਆਂਗੇ? ਕੀ ਆਉਣ ਵਾਲੇ ਸਮਾਂ ਸਾਡਾ ਪਹਿਰਾਵਾ ਇਸ ਫੈਸ਼ਨ ਦੀ ਮਾਰ ਹੇਠ ਦੱਬਿਆ ਜਾਵੇਗਾ? ਅੱਜ ਸੋਚਣ ਦਾ ਸਮਾਂ ਹੈ ਕਿ ਕਿਸੇ ਵੀ ਚੀਜ਼ ਦਾ ਜੇਕਰ ਦੁਰ-ਉਪਯੋਗ ਕਰਾਂਗੇ ਤਾਂ ਖੁਦ ਹੀ ਆਪਣਾ ਘਰ ਸਾੜ ਬੈਠਾਂਗੇ। ਪੈਸੇ ਦੀਆਂ ਬੁਰਕੀਆਂ ਬਣਾ ਕੇ ਨਹੀਂ ਖਾਧੀਆਂ ਜਾਂਦੀਆਂ ਪੇਟ ਤਾਂ ਰੋਟੀ ਨਾਲ ਹੀ ਭਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ