ਈਡੀਅਟ ਕਲੱਬ ਦਾ 9ਵਾਂ ਜਸਪਾਲ ਭੱਟੀ ਐਵਾਰਡ ਸ਼ੋਅ ਯਾਦਗਾਰੀ ਹੋ ਨਿਬੜਿਆ

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਆਡੀਟੋਰੀਅਮ ‘ਚ ਲੱਗੀਆਂ ਰੌਣਕਾਂ

ਅੰਮ੍ਰਿਤਸਰ, (ਰਾਜਨ ਮਾਨ) ਈਡੀਅਟ ਕਲੱਬ ਵੱਲੋਂ ਪਿਛਲੇ ਅੱਠ ਸਾਲ ਤੋਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ. ਮੀਤ ਪ੍ਰਧਾਨ ਧਵਨੀ ਮਹਿਰਾ ਦੀ ਯੋਗ ਅਗਵਾਈ ਹੇਠ ਨੌਵੇਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਆਡੀਟੋਰੀਅਮ ਵਿਚ ਕੀਤਾ ਗਿਆ। ਪ੍ਰੌਗਰਾਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਤਿਆਰ ਕੀਤੀ ਗਈ ਡਾਂਸ ਆਈਟਮ ਦੇ ਨਾਲ ਕੀਤੀ ਗਈ। ਰਜਿੰਦਰ ਸਾਗਰ ਹੋਰਾਂ ਦੀ ਮੈਲੋਡੀਅਸ ਅਕੈਡਮੀ ਦੇ ਛੋਟੇ ਛੋਟੇ ਬੱਚਿਆਂ ਨੇ ਗਿਟਾਰ ਦੇ ਨਾਲ ਲਾਈਵ ਪਰਫਾਰਮੈਂਸ ਦੇ ਕਾ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।

ਇਸ ਪ੍ਰੋਗਰਾਮ ਵਿਚ ਵਿਸ਼ਵ ਪ੍ਰਸਿੱਧ ਹਾਸ ਕਲਾਕਾਰਾਂ, ਫਿਲਮੀ ਅਤੇ ਕਲਾ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਨੇ ਸ਼ਿਰਕਤ ਕੀਤੀ।ਜਸਪਾਲ ਭੱਟੀ ਐਵਾਰਡ ਸ਼ੋਅ ਦੇ ਮੁੱਖ ਮਹਿਮਾਨ ਕਲੱਬ ਦੇ ਪੈਟਰਨ ਸ਼ੰਮੀ ਚੌਧਰੀ ਅਤੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਐਮ ਡੀ ਡਾ.ਮੰਗਲ ਸਿੰਘ ਕਿਸ਼ਨਪੁਰੀ ਸਨ।ਪੰਜਾਬੀ ਫਿਲਮ ਅਦਾਕਾਰ ਅਤੇ ਕਮੇਡੀ ਕਿੰਗ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਸਾਲ 2020 ਲਈ ਦਿੱਤੇ ਗਏ ਐਵਾਰਡਾਂ ਵਿਚ ਵਿਚ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨੂੰ ਸਾਫ ਸੁਥਰੀ ਪੰਜਾਬੀ ਗਾਇਕੀ ਲਈ (ਸੰਗੀਤ ਦੇ ਵਾਰਸ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਦੂਰਦਰਸ਼ਨ ਕੇਂਦਰ ਜਲੰਧਰ ਦੇ ਪੁਨੀਤ ਸਹਿਗਲ ਨੂੰ (ਕਲਾ ਪ੍ਰੋਮੋਟਰ), ਡਾ.ਲਖਵਿੰਦਰ ਸਿੰਘ ਜੌਹਲ ਨੂੰ (ਕਲਮ ਦਾ ਧਨੀ) ਐਵਾਰਡ, ਥੀਏਟਰ ਆਰਟਿਸਟ ਵਿਜੇ ਸ਼ਰਮਾ ਨੂੰ (ਹਰਫਨਮੌਲਾ ਅਦਾਕਾਰ), ਡਾ.ਰੁਚੀ ਜੈਨ ਨੂੰ (ਬੈਸਟ ਹੈਲਥ ਸਰਵਿਸਿਜ ਐਵਾਰਡ), ਸੰਦੀਪ ਜੀਤ ਪਤੀਲਾ ਨੂੰ (ਸਰਵੋਤਮ ਹਾਸ ਵਿਅੰਗਕਾਰ ਐਵਾਰਡ),ਲਤਿਕਾ ਅਰੋੜਾ ਨੂੰ (ਆਊਟਸਟੈਂਡਿੰਗ ਅਚੀਵਰ ਐਵਾਰਡ), ਸੰਧਿਆ ਗੁਪਤਾ ਨੂੰ (ਸੋਸ਼ਲ ਐਕਟਿਵਿਸਟ) ਐਵਾਰਡ, ਰਣਦੀਪ ਸਿੰਘ ਕੋਹਲੀ ਦੀ ਸੰਸਥਾ ਬਰਕਤ ਵੈਲਫੇਅਰ ਸੁਸਾਇਟੀ ਨੂੰ (ਬੈਸਟ ਐਨਜੀਓ) ਐਵਾਰਡ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਨੇ ਖੱਤਰੀ ਨੂੰ (ਮੋਸਟ ਵੈਲਿਊਏਬਲ ਪਲੇਅਰ) ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਛੋਟਾ ਚੈਂਪ 2 ਦੀ ਫਾਇਨਲਿਸਟ ਖਿਯਾਤੀ ਮਹਿਰਾ ਨੇ ਜਦੋਂ ਆਪਣੀ ਮਧੁਰ ਆਵਾਜ ਵਿਚ ਗਾਣੇ ਗਾਏ ਤਾਂ ਇਸ ਐਵਾਰਡ ਸ਼ੋਅ ਵਿਚ ਬੈਠਾ ਹਰੇਕ ਵਿਅਕਤੀ ਝੂਮੇ ਬਿਨਾਂ ਨਾ ਰਹਿ ਸਕਿਆ।ਪ੍ਰੋਗਰਾਮ ਦੇ ਅਖੀਰ ਵਿਚ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨੇ ਲਗਾਤਾਰ ਇਕ ਤੋਂ ਬਾਅਦ ਇਕ ਗੀਤ ਗਾ ਕੇ ਦਰਸ਼ਕਾਂ ਨੂੰ ਖੂਬ ਨਚਾਇਆ।ਐਵਾਰਡ ਸ਼ੋਅ ਦੇ ਮੁਖ ਮਹਿਮਾਨ ਸ਼ੰਮੀ ਚੌਧਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਦਾ ਇਹ ਐਵਾਰਡ ਸ਼ੋਅ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਹ ਅੱਜ ਇਸ ਸ਼ੋਅ ਦਾ ਹਿੱਸਾ ਬਣਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ।

ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ, ਪਰ ਈਡੀਅਟ ਕਲੱਬ ਦੇ ਸਮਾਜ ਸੇਵਾ ਦੇ ਉਪਰਾਲਿਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਵਧੀਆ ਸੇਧ ਮਿਲ ਰਹੀ ਹੈ। ਇਸ ਲਈ ਈਡੀਅਟ ਕਲੱਬ ਦੀ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ।ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ‘ਈਡੀਅਟ’ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਅੱਠ ਸਾਲ ਤੋਂ ਇਹ ਐਵਾਰਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਸਪਾਲ ਭੱਟੀ ਦੇ ਅਸ਼ੀਰਵਾਦ ਨਾਲ ਹੀ ਅਸੀਂ 24 ਸਾਲ ਪਹਿਲਾਂ ਈਡੀਅਟ ਕਲੱਬ ਦੀ ਸਥਾਪਨਾ ਕੀਤੀ ਸੀ।ਅਸੀਂ ਹਮੇਸ਼ਾਂ ਉਹਨਾਂ ਦੇ ਪਾਏ ਪੂਰਨਿਆਂ ‘ਤੇ ਚਲਦੇ ਹੋਏ ਸਮਾਜ ਦੀ ਸੇਵਾ ਕਰਦੇ ਰਹਾਂਗੇ।

ਕਲੱਬ ਦੀ ਸੀ.ਮੀਤ ਪ੍ਰਧਾਨ ਧਵਨੀ ਮਹਿਰਾ ਨੇ ਆਏ ਹੋਏ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮਕਸਦ ਰਹਿੰਦੀ ਦੁਨੀਆਂ ਤੱਕ ਜਸਪਾਲ ਭੱਟੀ ਦੇ ਨਾਮ ਨੂੰ ਲੋਕਾਂ ਦੇ ਦਿਲਾਂ ਅੰਦਰ ਜਿਊਂਦਾ ਰੱਖਣਾ ਹੈ।ਮੰਚ ਸੰਚਾਲਨ ਪੀਟੀਸੀ ਲਾਫਟਰ ਦਾ ਮਾਸਟਰ ਦੇ ਕਵਲਜੀਤ ਸਿੰਘ ਨੇ ਬਾਖੂਬੀ ਕੀਤਾ।ਇਸ ਮੌਕੇ ਬਾਲੀਵੁਡ ਅਦਾਕਾਰ ਅਰਵਿੰਦਰ ਭੱਟੀ, ਪ੍ਰਮੋਦ ਭਾਟੀਆ, ਡਾ.ਰੋਹਿਤ ਜੈਨ, ਦਲਜੀਤ ਅਰੋੜਾ, ਬ੍ਰਿਜੇਸ਼ ਜੌਲੀ, ਸੰਜੀਵ ਭੰਡਾਰੀ,ਰੋਬਨ ਮਾਨ, ਦੀਪਕ ਮਹਿਰਾ, ਵਿੰਕਲ ਫਰਿਸ਼ਤਾ, ਪ੍ਰਿੰਸੀਪਲ ਅਮਨਦੀਪ ਕੌਰ, ਪੰਜਾਬੀ ਗਾਇਕ ਬਲਬੀਰ ਬੀਰਾ, ਜੱਸੀ ਭਿੰਡਰ,ਅਜੇ ਬਾਗੀ ਪਠਾਨਕੋਟ,ਕੁਲਵਿੰਦਰ ਸਿੰਘ ਅਤੇ ਸਤਪਾਲ ਸੋਖੀ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ