ਫਾਜ਼ਿਲਕਾ ਜ਼ਿਲੇ੍ਹ ਦੇ ਪਿੰਡ ਪੱਤਰੇਵਾਲਾ ’ਚ 122 ਪਿੰਡਾਂ ਲਈ ਬਣੇਗਾ ਮੈਗਾ ਵਾਟਰ ਵਰਕਸ: ਕਾਂਗੜ

ਮਾਲ ਮੰਤਰੀ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੀ ਕੀਤੀ ਪ੍ਰਧਾਨਗੀ

ਫਾਜ਼ਿਲਕਾ, (ਰਜਨੀਸ਼ ਰਵੀ) | ਸ: ਗੁਰਪ੍ਰੀਤ ਸਿੰਘ ਕਾਂਗੜ, ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਪੰਜਾਬ ਸਰਕਾਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਤਰੇਵਾਲਾ ਵਿਖੇ 697.43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਮੈਗਾ ਵਾਟਰ ਵਰਕਸ ਬਣਾਇਆ ਜਾਵੇਗਾ। ਨਹਿਰੀ ਪਾਣੀ ’ਤੇ ਅਧਾਰਤ ਇਸ ਵਾਟਰ ਵਰਕਸ ਤੋਂ 122 ਪਿੰਡਾਂ ਅਤੇ 15 ਢਾਣੀਆਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਮੌਕੇ ਦਿੱਤੀ।

ਉਨ੍ਹਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਬਜਾਏ ਇਸ ਪ੍ਰੋਜੈਕਟ ਵਿੱਚ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਪ੍ਰਸ਼ਾਸਕੀ ਪ੍ਰਵਾਨਗੀ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਪਿੰਡ ਦੀ ਪੰਚਾਇਤ ਵੱਲੋਂ 16 ਏਕੜ ਜ਼ਮੀਨ ਵੀ ਇਸ ਪ੍ਰੋਜੈਕਟ ਲਈ ਦੇ ਦਿੱਤੀ ਗਈ ਹੈ।ਇਸੇ ਤਰ੍ਹਾਂ ਸ: ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਅਰਨੀਵਾਲਾ ਵਿਖੇ ਵਾਟਰ ਸਪਲਾਈ ਪ੍ਰੋਜੈਕਟ ਦੀ ਸਥਾਪਨਾ ਲਈ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਇੱਥੇ ਐਸ.ਟੀ.ਪੀ. ਵੀ ਪ੍ਰਵਾਨ ਹੋ ਗਿਆ ਹੈ ਅਤੇ ਸੀਵਰੇਜ ਦੇ ਕੰਮਾਂ ਲਈ 17.59 ਕਰੋੜ ਰੁਪਏ ਦੀ ਡੀਪੀਆਰ ਰਿਪੋਰਟ ਤਿਆਰ ਕਰ ਲਈ ਗਈ ਹੈ।ਸੁਹੇਲੇ ਵਾਲਾ ਮਾਈਨਰ ਸਬੰਧੀ ਸ਼ਿਕਾਇਤ ’ਤੇ ਵਿਚਾਰ ਦੌਰਾਨ ਜਲਾਲਾਬਾਦ ਦੇ ਵਿਧਾਇਕ ਸ: ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਫੰਡ ਜਲਦ ਵਿਭਾਗ ਨੂੰ ਮਿਲ ਜਾਣਗੇ। ਇਸ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ।ਬੈਠਕ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਰੰਜਮ ਕਾਮਰਾ ਨੇ ਫਾਜ਼ਿਲਕਾ ਦੇ ਖੇਡ ਸਟੇਡੀਮਅ ਵਿੱਚ ਪੀਣ ਦੇ ਪਾਣੀ ਅਤੇ ਟਰੈਕ ਵਿੱਚ ਸੁਧਾਰ ਦਾ ਮੁੱਦਾ ਉਠਾਇਆ ਜਿਸ ’ਤੇ ਕੈਬਨਿਟ ਮੰਤਰੀ ਨੇ ਇਸ ਸਮੱਸਿਆ ਦੇ ਹੱਲ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ।

ਕਮੇਟੀ ਮੈਂਬਰ ਸ੍ਰੀ ਪ੍ਰਫੁਲ ਨਾਗਪਾਲ ਵੱਲੋਂ ਫਾਜ਼ਿਲਕਾ ਦੀਆਂ ਕੁਝ ਕਲੌਨੀਆਂ ਦੇ ਵਿਕਾਸ ਦਾ ਮੁੱਦਾ ਉਠਾਏ ਜਾਣ ’ਤੇ ਕੈਬਨਿਟ ਮੰਤਰੀ ਨੇ ਨਗਰ ਕੌਂਸਲ ਨੂੰ ਤੁਰੰਤ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ।ਬੈਠਕ ਦੌਰਾਨ ਉਨ੍ਹਾਂ ਸਰਬਤ ਸਿਹਤ ਬੀਮਾ ਯੋਜਨਾ ਅਤੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਸਕੀਮਾਂ ਦੀ ਸਮੀਖਿਆ ਕੀਤੀ ਅਤੇ ਵੈਕਸੀਨ ਸਬੰਧੀ ਮੈਂਬਰਾਂ ਵੱਲੋਂ ਮਿਲੇ ਸੁਝਾਵਾਂ ’ਤੇ ਕੈਬਨਿਟ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਜਲਦ ਹੀ ਵੈਕਸੀਨ ਦੀ ਘਾਟ ਪੂਰੀ ਹੋ ਜਾਵੇਗੀ।ਇਸ ਮੌਕੇ ਕੈਬਨਿਟ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ