ਅਕਾਲੀ ਦੇ ਸ਼ਾਸਨ ਦੌਰਾਨ ਹੋਏ ਬਿਜਲੀ ਖਰੀਦ ਸਮਝੌਤਿਆਂ ‘ਤੇ ਸਰਕਾਰ ਵਾਈਟ ਪੇਪਰ ਲਿਆਏਗੀ : Capt Amarinder Singh

Captan Amarinder Singh, Salary Rs 13 Lakh, Tax Rs 17 Lakh

ਗੈਰ-ਸੰਵਿਧਾਨਕ ਨਾਗਰਿਕਤਾ ਸੋਧ ਐਕਟ ‘ਤੇ ਅੱਗੇ ਵਧਣ ਦਾ ਫੈਸਲਾ ਭਲਕੇ ਸਦਨ ਵਿੱਚ ਲਿਆ ਜਾਵੇਗਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ (Capt Amarinder Singh) ਕੈਪਟਨ ਅਮਰਿੰਦਰ ਸਿੰਘ @capt_amarinder ਨੇ ਅੱਜ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਵਿਵਾਦਤ ਬਿਜਲੀ ਖਰੀਦ ਸਮਝੌਤਿਆਂ ਦੇ ਸਬੰਧ ਵਿੱਚ ਉਨਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਵਾਈਟ ਪੇਪਰ ਲਿਆਵੇਗੀ। ਅੱਜ ਇੱਥੇ ਵਿਧਾਨ ਸਭਾ ਦੇ ਦੋ-ਰੋਜ਼ਾ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਾਈਟ ਪੇਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪਾਵਰ ਪਲਾਂਟ ਸਥਾਪਤ ਕਰਨ ਸਬੰਧੀ ਕੀਤੇ ਸਮਝੌਤਿਆਂ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਖੁਲਾਸਾ ਕਰੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਈਮਾਨ ਕਿਰਦਾਰ ਵਾਲੇ ਅਕਾਲੀਆਂ ਨੇ ਪਹਿਲਾਂ ਤਾਂ ਬਿਜਲੀ ਸਮਝੌਤਿਆਂ ਸਮੇਤ ਵੱਖ-ਵੱਖ ਮਾਰੂ ਕਦਮਾਂ ਰਾਹੀਂ ਸੂਬੇ ਦੇ ਅਰਥਚਾਰੇ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਤੇ ਹੁਣ ਇਹੋ ਅਕਾਲੀ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਉਨਾਂ ਦੀ ਸਰਕਾਰ ਵਿਰੁੱਧ ਇਸ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਹੇਠਲੀ ਅਦਾਲਤ ਵਿੱਚ ਇਸ ਮਾਮਲੇ ‘ਤੇ ਕੇਸ ਜਿੱਤ ਲਿਆ ਸੀ ਪਰ ਸੁਪਰੀਮ ਕੋਰਟ ਦਾ ਫੈਸਲਾ ਉਨਾਂ ਵਿਰੁੱਧ ਚਲਾ ਗਿਆ। ਉਨਾਂ ਕਿਹਾ ਕਿ ਸੂਬਾ ਸਰਕਾਰ ਹੁਣ ਸੁਪਰੀਮ ਕੋਰਟ ਵਿੱਚ ਕੇਸ ਲੜ ਰਹੀ ਹੈ।

ਉਨਾਂ ਚੇਤੇ ਕੀਤਾ ਕਿ ਜਦੋਂ ਵਿਰੋਧੀ ਧਿਰ ਵਿੱਚ ਸਨ ਤਾਂ ਉਹ ਖੁਦ ਇੰਡੀਆ ਬੁਲਜ਼ ਪਲਾਂਟ ਖਿਲਾਫ਼ ਧਰਨੇ ‘ਤੇ ਬੈਠੇ ਸਨ। ਉਸ ਮੌਕੇ ਦੀ ਅਕਾਲੀ ਸਰਕਾਰ ਨੇ ਇੰਡੀਆ ਬੁਲਜ਼ ਨਾਲ ਬਿਜਲੀ ਪਲਾਂਟ ਲਾਉਣ ਲਈ ਐਮ.ਓ.ਯੂ. ਕਰਨ ਵਾਸਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ.ਟੀ.ਪੀ.ਸੀ.) ਦਾ ਗਿੱਦੜਬਾਹਾ ਪਾਵਰ ਪ੍ਰਾਜੈਕਟ ਰੱਦ ਕਰ ਦਿੱਤਾ ਸੀ ਅਤੇ ਤਤਕਾਲੀ ਸਰਕਾਰ ਬਿਜਲੀ ਪਲਾਂਟ ਦੀ ਸਥਾਪਨਾ ਲਈ ਆਲਮੀ ਟੈਂਡਰ ਦੀ ਤੈਅ ਪ੍ਰਕ੍ਰਿਆ ਦੇ ਵਿਰੁੱਧ ਗਈ ਸੀ ਅਤੇ ਵਿਵਾਦਗ੍ਰਸਤ ਪ੍ਰਾਜੈਕਟ ਲਈ ਗਿੱਦੜਬਾਹਾ ਵਿੱਚ ਕਿਸਾਨਾਂ ਪਾਸੋਂ ਜ਼ਮੀਨ ਜਬਰੀ ਖਾਲੀ ਕਰਵਾਈ ਸੀ।

ਸਰਕਾਰ ਲਿਆ ਸਕਦੀ ਹੈ ਸੀਏਏ ਖਿਲਾਫ਼ ਮਤਾ

ਇਹ ਪੁੱਛੇ ਜਾਣ ‘ਤੇ ਕੀ ਸੂਬਾ ਸਰਕਾਰ ਵੀ ਕੇਰਲਾ ਸਰਕਾਰ ਵਾਂਗ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੁੱਧ ਮਤਾ ਲਿਆਏਗੀ ਤਾਂ ਮੁੱਖ ਮੰਤਰੀ ਨੇ ਜਵਾਬ ਵਿੱਚ ਕਿਹਾ,”ਭਲਕ ਤੱਕ ਉਡੀਕ ਕਰੋ।” ਇਹ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਆਪਣੇ ਫੈਸਲਾ ਦਾ ਐਲਾਨ ਕੀਤਾ ਹੋਇਆ ਹੈ ਕਿ ਉਹ ਸੀ.ਏ.ਏ. ਦੇ ਨਾਲ-ਨਾਲ ਕੌਮੀ ਨਾਗਿਰਕ ਰਜਿਸਟਰ (ਐਨ.ਆਰ.ਸੀ.) ਅਤੇ ਕੌਮੀ ਆਬਾਦੀ ਰਜਿਸਟਰ (ਐਨ.ਪੀ.ਆਰ.) ਦੇ ਮੁੱਦੇ ‘ਤੇ ਸਦਨ ਦੀ ਇੱਛਾ ਮੁਤਾਬਕ ਅੱਗੇ ਵਧੇਗੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਨਾਂ ਨੂੰ ਪਹਿਲਾਂ ਹੀ ਗੈਰ-ਸੰਵਿਧਾਨਕ ਅਤੇ ਫੁੱਟਪਾਊ ਦੱਸਦਿਆਂ ਰੱਦ ਕੀਤਾ ਹੋਇਆ ਹੈ।

ਰਾਜਪਾਲ ਦੇ ਭਾਸ਼ਨ ਮੌਕੇ ਵਿਰੋਧੀ ਧਿਰ ਵੱਲੋਂ ਕੀਤੇ ਵਾਕਆਊਟ ਨੂੰ ਬਹੁਤ ਹੀ ਮੰਦਭਾਗਾ ਦੱਸਦਿਆਂ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਦਨ ਵਿੱਚ ਅਜਿਹਾ ਰਵੱਈਆ ਅਪਣਾਉਣਾ ਆਮ ਵਰਤਾਰਾ ਬਣ ਗਿਆ ਹੈ। ਉਨਾਂ ਕਿਹਾ ਕਿ ਵਾਕਆਊਟ ਦੀ ਉਮੀਦ ਸੀ ਪਰ ਰਾਜਪਾਲ ਵੱਲੋਂ ਆਪਣੇ ਭਾਸ਼ਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮਹੱਤਵਪੂਰਨ ਧਾਰਮਿਕ ਵਿਸ਼ੇ ‘ਤੇ ਬੋਲਣ ਮੌਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਭਾਸ਼ਨ ਵਿੱਚ ਵਿਘਨ ਪਾਉਣ ਦੇ ਫੈਸਲੇ ਨਿੰਦਾਜਨਕ ਹਨ।

ਉਨਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਉਸ ਵੇਲੇ ਵਾਕਆਊਟ ਕੀਤਾ ਜਦੋਂ ਰਾਜਪਾਲ ਇਹ ਕਹਿ ਰਹੇ ਸਨ ਕਿ ਇਹ ਖੁਸ਼ਕਿਸਮਤੀ ਹੈ ਕਿ ਪੰਜਾਬ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਦਾ ਸੁਭਾਗ ਮਿਲਿਆ ਹੈ ਅਤੇ ਇਸੇ ਦੌਰਾਨ ਹੀ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰੇਗੰਢ ਮਨਾਈ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।