ਗੋਇੰਦਵਾਲ ਸਾਹਿਬ ਥਰਮਲ ਪਲਾਂਟ ਹੋਇਆ ਠੱਪ, ਕੱਟਾਂ ਕਾਰਨ ਲੋਕ ਬੇਹਾਲ

Thermal Plant Sachkahoon

ਅਪਰੈਲ ਮਹੀਨੇ ’ਚ ਹੀ ਵਿਗੜੀ ਬਿਜਲੀ ਵਿਵਸਥਾ, ਲੋਕਾਂ ਨੂੰ ਜੂਨ ਜੁਲਾਈ ਮਹੀਨੇ ਦਾ ਸਤਾਉਣ ਲੱਗਾ ਡਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਅਪਰੈਲ ਮਹੀਨੇ ’ਚ ਹੀ ਬਿਜਲੀ ਦੀ ਪੈਦਾ ਹੋਈ ਕਿੱਲਤ ਪੰਜਾਬੀਆਂ ਨੂੰ ਡਰਾਉਣ ਲੱਗੀ ਹੈ। ਇੱਧਰ ਅੱਜ ਗੋਇੰਦਵਾਲ ਸਾਹਿਬ ਥਰਮਲ ਪਲਾਂਟ (Thermal Plant) ਦਾ ਇੱਕ ਯੂਨਿਟ ਬੰਦ ਹੋਣ ਕਾਰਨ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਪਲਾਂਟ ਅੰਦਰ ਕੋਲੇ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਦਿਹਾਤੀ ਖੇਤਰਾਂ ਵਿੱਚ ਲੋਕਾਂ ਨੂੰ 7 ਘੰਟਿਆਂ ਤੋਂ ਵੱਧ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਰਾਤਾਂ ਨੂੰ ਵੀ 3-4 ਘੰਟਿਆਂ ਦੇ ਕੱਟ ਲੱਗ ਰਹੇ ਹਨ।

ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਥਰਮਲ ਪਲਾਂਟ (Thermal Plant) ਕੋਲੇ ਦੀ ਘਾਟ ਨਾਲ ਕਾਫ਼ੀ ਦਿਨਾਂ ਤੋਂ ਜੂਝ ਰਿਹਾ ਸੀ। ਇਸ ਦਾ ਇੱਕ ਯੂਨਿਟ ਪਿਛਲੇ ਕਈ ਦਿਨਾਂ ਤੋਂ ਬੰਦ ਸੀ ਜਦਕਿ ਚੱਲ ਰਿਹਾ ਇੱਕ ਹੋਰ ਯੂਨਿਟ ਅੱਜ ਸਵੇਰੇ ਬੰਦ ਹੋ ਗਿਆ। ਬੰਦ ਹੋਇਆ ਯੂਨਿਟ 224 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਸੀ। ਇਹ ਥਰਮਲ ਪਲਾਂਟ 540 ਮੈਗਾਵਾਟ ਦੀ ਸਮਰੱਥਾ ਵਾਲਾ ਹੈ। ਇੱਧਰ ਤਲਵੰਡੀ ਸਾਬੋਂ ਥਰਮਲ ਪਲਾਂਟ ਦਾ ਇੱਕ ਯੂਨਿਟ ਵੀ 9 ਅਪਰੈਲ ਨੂੰ ਬੰਦ ਹੋ ਗਿਆ ਸੀ। ਇਸ ਥਰਮਲ ਪਲਾਂਟ ਦੇ ਦੋਂ ਅਤੇ ਤਿੰਨ ਨੰਬਰ ਯੂਨਿਟ ਚਾਲੂ ਹਨ। ਇਨ੍ਹਾਂ ਦੋਹਾਂ ਯੂਨਿਟਾਂ ਤੋਂ 1040 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੀਤੇ ਕੱਲ ਤਕਨੀਕੀ ਖ਼ਰਾਬੀ ਹੋਣ ਕਾਰਨ ਬੰਦ ਹੋ ਗਿਆ ਸੀ, ਪਰ ਰਾਹਤ ਦੀ ਗੱਲ ਇਹ ਰਹੀ ਕਿ ਬੰਦ ਹੋਇਆ ਯੂਨਿਟ ਮੁੜ ਭਖ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਹਨ ਅਤੇ ਇੱਥੋਂ 1343 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਜੇਕਰ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਵੀ ਬੰਦ ਚੱਲ ਰਿਹਾ ਹੈ। ਇਸ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਜੋ ਕਿ 458 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਭਖੇ ਹੋਏ ਹਨ। ਇਹ ਥਰਮਲ ਪਲਾਂਟ 764 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇੱਧਰ ਦਿਹਾਤੀ ਖੇਤਰਾਂ ਅੰਦਰ ਲੋਕ ਕਈ ਦਿਨਾਂ ਤੋਂ ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਹਨ। ਨਿਰਭੈ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡਾਂ ਅੰਦਰ 7 ਘੰਟਿਆਂ ਤੋਂ ਵੱਧ ਦੇ ਕੱਟ ਲੱਗ ਰਹੇ ਹਨ ਅਤੇ ਉਨ੍ਹਾਂ ਨੂੰ ਜੂਨ-ਜੁਲਾਈ ਮਹੀਨੇ ਦੀ ਫ਼ਿਕਰ ਸਤਾਉਣ ਲੱਗੀ ਹੈ ਕਿ ਜੇਕਰ ਅਪਰੈਲ ਮਹੀਨੇ ’ਚ ਐਨਾ ਬੁਰਾ ਹਾਲ ਹੈ ਤਾ ਝੋਨੇ ਦੇ ਸ਼ੀਜਨ ਵਿੱਚ ਕੀ ਬਣੇਗਾ। ਕਈ ਪਿੰਡਾਂ ਵਿੱਚ ਤਾ ਅਨਾਊਸਮੈਂਟ ਵੀ ਕੀਤੀ ਗਈ ਹੈ ਕਿ ਉਹ ਸਵੇਰੇ ਵੇਲੇ ਆਪਣੀਆਂ ਟੈਕੀਆਂ ਭਰਨ ਸਮੇਤ ਦਿਨ ’ਚ ਵਰਤਣ ਯੋਗ ਪਾਣੀ ਜਮ੍ਹਾ ਕਰ ਲੈਣ ਕਿਉਂਕਿ ਲਾਈਟ ਸ਼ਾਮ ਨੂੰ 6 ਵਜੇਂ ਆਵੇਗੀ। ਲੰਘੀ ਰਾਤ ਪਿੰਡਾਂ ਅੰਦਰ 8 ਵਜੇ ਤੋਂ 11 ਵਜੇ ਤੱਕ ਕੱਟ ਜਾਰੀ ਰਿਹਾ ਅਤੇ ਇਸ ਤੋਂ ਬਾਅਦ ਮੁੜ 12 ਵਜੇ ਤੋਂ ਬਾਅਦ ਇੱਕ ਘੱਟੇ ਤੋਂ ਵੱਧ ਬਿਜਲੀ ਗੁੱਲ ਰਹੀ।

ਬਿਜਲੀ ਦੀ ਮੰਗ ’ਚ ਹੋ ਰਿਹਾ ਲਗਾਤਾਰ ਇਜਾਫ਼ਾ : ਪਾਵਰਕੌਮ ਅਧਿਕਾਰੀ

ਇੱਧਰ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਘਾਟ ਨਾਲ ਨਜਿੱਠਣ ਲਈ ਹਰ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਮੰਤਰੀ ਵੱਲੋਂ ਪਿਛਲੇ ਦਿਨੀ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਕੋਲੇ ਦੀ ਜਿਆਦਾ ਸਪਲਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਵਿੱਚ ਪਿਛਲੇ ਸਾਲ ਨਾਲੋਂ ਅਪਰੈਲ ਮਹੀਨੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਬਿਜਲੀ ਦੀ ਖਰੀਦ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ