ਗਲੋਬਲ ਕਬੱਡੀ ਲੀਗ: ਖ਼ਿਤਾਬੀ ਮੁਕਾਬਲਾ; ਕੈਲੇਫੋਰਨੀਆ ਈਗਲਜ਼ ਬਣੀ ਚੈਂਪੀਅਨ

ਹਰਿਆਣਾ ਨੂੰ 63-43 ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤਿਆ ਖਿ਼ਤਾਬ

 

ਜੇਤੂ ਟੀਮ ਨੂੰ ਟਰਾਫੀ ਸਮੇਤ 1 ਕਰੋੜ ਰੁਪਏ ਨਕਦ, ਉਪ ਜੇਤੂ ਨੂੰ 75 ਲੱਖ ਰੁਪਏ

ਬੇਹਤਰੀਨ ਰੇਡਰ ਦਾ ਖਿਤਾਬ ਨਵਜੋਤ ਸ਼ੰਕਰ ਨੂੰ  ਅਤੇ ਬੇਹਤਰੀਨ ਜਾਫੀ ਰਹੇ ਅੰਮ੍ਰਿਤ ਔਲਖ

 
ਐਸ.ਏ.ਐਸ. ਨਗਰ,  3 ਨਵੰਬਰ.

ਮੋਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਪੰਨ ਹੋਈ ਗਲੋਬਲ ਕਬੱਡੀ ਲੀਗ ਦੇ ਫਾਈਨਲ ‘ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਜਿਸ ‘ਚ ਕੈਲੇਫੋਰਨੀਆ ਈਗਲਜ਼ ਨੇ ਹਰਿਆਣਾ ਲਾਇਨਜ਼ ਨੂੰ 63-43 ਨਾਲ ਹਰਾ ਕੇ ਖ਼ਿਤਾਬੀ ਟਰਾਫ਼ੀ ‘ਤੇ ਕਬਜ਼ਾ ਕਰ ਲਿਆ।

 
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ
ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ ਇਕ ਕਰੋੜ ਰੁਪਏ ਦਾ ਨਕਦ ਇਨਾਮ, ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਨਕਦ ਦਿੱਤੇ ਗਏ।

 
ਫਾਇਨਲ ਮੈਚ ਸੰਘਰਸ਼ਪੂਰਨ ਰਿਹਾ, ਖੇਡ ਦੇ ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 15-11 ਨਾਲ ਅੱਗੇ ਸੀ।ਦੂਜਾ ਕਵਾਰਟਰ ਕਾਫੀ ਉਤਰਾਅ ਚੜਾਅ ਵਾਲਾ ਰਿਹਾ। ਜਿਸ ‘ਚ ਹਰਿਆਣਾ ਲਾਇਨਜ਼ ਨੇ ਬੇਹਤਰੀਨ ਜੱਫੇ ਲਾਏ ਅਤੇ ਟੀਮ ਨੂੰ 15-15 ਦੀ ਬਰਾਬਰੀ ਕਰਵਾਉਣ ‘ਚ ਸਫ਼ਲਤਾ ਪਾਈ ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 27-26 ਨਾਲ ਅੱਗੇ ਸੀ।ਤੀਜੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਸ਼ਾਨਦਾਰ ਵਾਪਸੀ ਕੀਤੀ  ਅੰਮ੍ਰਿਤ ਔਲਖ ਦੇ ਬਿਹਤਰੀਨ ਜੱਫਿਆਂ ਅਤੇ ਨਵਜੋਤ ਸ਼ੰਕਰ ਦੀਆਂ ਸ਼ਾਨਦਾਰ ਰੇਡਾਂ ਦੇ ਦਮ ‘ਤੇ ਇਸ ਕੁਆਰਟਰ ‘ਚ ਸਕੋਰ ਕੈਲੇਫੋਰਨੀਆ ਦੇ ਹੱਕ ਵਿੱਚ 45-34 ਪਹੁੰਚ ਗਿਆ ਆਖਰੀ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਵਿਰੋਧੀਆਂ ਨੂੰ ਵਾਪਸੀ ਦਾ ਮੌਕਾ ਨਾ ਦਿੱਤਾ ਅਤੇ  ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 63-43 ਨਾਲ ਆਪਣੇ ਹੱਕ ਕਰਦਿਆਂ ਖ਼ਿਤਾਬ ਵੀ ਆਪਣੇ ਨਾਂਅ ਕਰਵਾ ਲਿਆ

 

ਕੈਲੇਫੋਰਨੀਆਂ ਦੇ ਰੇਡਰ ਨਵਜੋਤ ਸ਼ੰਕਰ ਨੇ 20 ਅੰਕ ਬਣਾਏ ਜਦਕਿ ਜਾਫੀ ਮੰਗਤ ਮੰਗੀ ਨੇ 6 ਅੰਕ ਬਣਾਏ ਜਦਕਿ ਹਰਿਆਣਾ ਵਲੋਂ ਰਵੀ ਦਿਓਰਾ 15 ਅੰਕ ਬਣਾ ਸਕਿਆ।  ਇਸ ਮੌਕੇ ਤੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਗੈਰ ਜੋਹਲ ਕੈਨੇਡਾ, ਯੋਗੇਸ਼ ਛਾਬੜਾ, ਐਸ.ਡੀ.ਐਮ. ਜਗਦੀਪ ਸਹਿਗਲ, , ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਇਕਬਾਲ ਸਿੰਘ ਸੰਧੂ, ਹਰਪ੍ਰੀਤ ਸਿੰਘ ਸੰਧੂ ਅਤੇ ਗੋਲਬਲ ਕਬੱਡੀ ਲੀਗ ਦੇ ਹੋਰ ਪ੍ਰਬੰਧਕ ਅਤੇ ਕਬੱਡੀ ਪ੍ਰੇਮੀ ਹਾਜ਼ਰ ਸਨ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।