ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ

Manpreet Singh Badal
ਵਿਜੀਲੈਂਸ ਦਫ਼ਤਰ ’ਚ ਜਾਂਦੇ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ।

ਸਰਕਟ ਹਾਊਸ ਕੋਲ ਇਕੱਠੇ ਹੋਏ ਮਨਪ੍ਰੀਤ ਹਮਾਇਤੀ | Manpreet Singh Badal

ਬਠਿੰਡਾ (ਸੁਖਜੀਤ ਮਾਨ)। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ (Manpreet Singh Badal) ਬਾਦਲ ਕਰੀਬ 12:15 ਵਜੇ ਬਠਿੰਡਾ ਸਥਿਤ ਵਿਜੀਲੈਂਸ ਦੇ ਦਫ਼ਤਰ ਪੁੱਜ ਗਏ। ਉਨ੍ਹਾਂ ਖਿਲਾਫ਼ ਭਾਜਪਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸ਼ਿਕਾਇਤ ਕੀਤੀ ਸੀ ਕਿ ਵਪਾਰਕ ਪਲਾਟ ਨੂੰ ਰਿਹਾਇਸ਼ੀ ਪਲਾਟ ਬਣਾ ਕੇ ਖ੍ਰੀਦਿਆ ਹੈ। ਮਨਪ੍ਰੀਤ ਦੀ ਇਸ ਪੇਸ਼ੀ ਮੌਕੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕ ਵੀ ਸਰਕਟ ਹਾਊਸ ਕੋਲ ਇਕੱਠੇ ਹੋਏ ਹਨ। ਵੇਰਵਿਆਂ ਮੁਤਾਬਿਕ ਮਨਪ੍ਰੀਤ ਸਿੰਘ ਬਾਦਲ ਨੇ ਵਿੱਤ ਮੰਤਰੀ ਹੁੰਦਿਆਂ ਬਠਿੰਡਾ ’ਚ ਆਪਣੀ ਰਿਹਾਇਸ਼ ਬਣਾਉਣ ਲਈ ਟੀਵੀ ਟਾਵਰ ਕੋਲ ਇੱਕ ਪਲਾਟ ਖ੍ਰੀਦਿਆ ਸੀ। ਇਸ ਪਲਾਟ ’ਚ ਉਨ੍ਹਾਂ ਦੇ ਮਕਾਨ ਦੀ ਉਸਾਰੀ ਲਈ ਬਕਾਇਦਾ ਤੌਰ ’ਤੇ ਨੀਂਹ ਵੀ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੱਖੀ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਸਬੰਧੀ ਮੌਮਮ ਵਿਭਾਗ ਨੇ ਦਿੱਤੀ ਜਾਣਕਾਰੀ, ਹੁਣੇ ਪੜ੍ਹੋ

ਇਸ ਪਲਾਟ ਬਾਰੇ ਸਾਬਕਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਬੀਡੀਏ ਨੇ ਟੀਵੀ ਟਾਵਰ ਕੋਲ ਕੁੱਝ ਵਪਾਰਕ ਪਲਾਟ ਰੱਖੇ ਸੀ, ਜਿੰਨ੍ਹਾਂ ਨੂੰ ਰਿਹਾਇਸ਼ੀ ਪਲਾਟ ਬਣਾ ਕੇ ਮਨਪ੍ਰੀਤ ਨੇ ਪਲਾਟ ਦੀ ਖ੍ਰੀਦ ਕੀਤੀ ਹੈ। ਸਿਆਸੀ ਗਲਿਆਰਿਆਂ ’ਚ ਮਨਪ੍ਰੀਤ ਦੀ ਇਹ ਪੇਸ਼ੀ ਇਸ ਕਰਕੇ ਵੀ ਚਰਚਾ ’ਚ ਹੈ ਕਿਉਂਕਿ ਹੁਣ ਸਿੰਗਲਾ ਤੇ ਮਨਪ੍ਰੀਤ ਦੋਵੇਂ ਹੀ ਭਾਜਪਾ ਆਗੂ ਹਨ। ਸਾਲ 2022 ਦੀ ਵਿਧਾਨ ਸਭਾ ਚੋਣ ਉਨ੍ਹਾ ਨੇ ਇੱਕ ਦੂਜੇ ਦੇ ਵਿਰੁੱਧ ਲੜੀ ਸੀ। ਉਸ ਵੇਲੇ ਸਿੰਗਲਾ ਅਕਾਲੀ ਦਲ ’ਚ ਸੀ ਤੇ ਮਨਪ੍ਰੀਤ ਬਾਦਲ ਕਾਂਗਰਸ ’ਚ। ਦੋਵੇਂ ਹੀ ਆਗੂ ਵਿਧਾਨ ਸਭਾ ਦੀ ਚੋਣ ਹਾਰ ਗਏ ਸੀ। ਚੋਣ ਹਾਰਨ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਰਿਹਾਇਸ਼ ਦਾ ਕੰਮ ਵੀ ਅੱਗੇ ਨਹੀਂ ਵਧਾਇਆ ਸੀ।

Manpreet-Badal
ਸਰਕਟ ਹਾਊਸ ਕੋਲ ਇਕੱਠੇ ਹੋਏ ਮਨਪ੍ਰੀਤ ਬਾਦਲ ਦੇ ਹਮਾਇਤੀਆਂ ਨਾਲ ਮੌਜੂਦ ਜੈਜੀਤ ਸਿੰਘ ਜੌਹਲ।

ਸ਼ਿਕਾਇਤ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਤੇ ਹੁਣ ਇੱਕੋ ਪਾਰਟੀ ’ਚ ਹੋਣ ਦੇ ਬਾਵਜ਼ੂਦ ਸਰੂਪ ਚੰਦ ਸਿੰਗਲਾ ਆਪਣੇ ਸਟੈਂਡ ’ਤੇ ਕਾਇਮ ਹਨ। ਉਨ੍ਹਾਂ ਸਾਫ਼ ਸ਼ਬਦਾਂ ’ਚ ਆਖਿਆ ਕਿ ਉਹ ਆਪਣੇ ਵੱਲੋਂ ਕੀਤੀ ਸ਼ਿਕਾਇਤ ਵਾਪਿਸ ਨਹੀਂ ਲੈਣਗੇ ਤੇ ਉਨ੍ਹਾਂ ਨੂੰ ਵਿਸਵਾਸ਼ ਹੈ ਕਿ ਵਿਜੀਲੈਂਸ ਇਸ ਮਾਮਲੇ ’ਚ ਪੂਰੀ ਘੋਖ-ਪੜਤਾਲ ਕਰਕੇ ਨਿਆਂ ਕਰੇਗੀ। ਇਸ ਵੇਲੇ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ’ਚ ਮੌਜੂਦ ਹਨ, ਜਿੱਥੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੇਸ਼ੀ ਮਗਰੋਂ ਮਨਪ੍ਰੀਤ ਕਰਨਗੇ ਪ੍ਰੈੱਸ ਕਾਨਫਰੰਸ | Manpreet Singh Badal

ਵਿਜੀਲੈਂਸ ਦਫ਼ਤਰ ’ਚ ਪੁੱਛਗਿੱਛ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਰਕਟ ਹਾਊਸ ’ਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਖਿਲਾਫ਼ ਹੋਈ ਸ਼ਿਕਾਇਤ ਬਾਰੇ ਕੀ ਕੁੱਝ ਕਿਹਾ ਜਾਂਦਾ ਹੈ, ਇਸਦੇ ਵੇਰਵੇ ਪਾਠਕਾਂ ਨਾਲ ਛੇਤੀ ਸਾਂਝੇ ਕਰਾਂਗੇ। (Manpreet Singh Badal)