ਆਖਰ ‘ਵਰਸਿਟੀ ਪ੍ਰਸ਼ਾਸਨ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਕੀਤੀ ਨਿਯੁਕਤ

Finally, Varsity, Administration, Appointed, Three, Member, Inquiry, Committee

‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਗਈ ਸੀ ‘ਵਰਸਿਟੀ ਦੀ ਲੇਟ ਲਤੀਫੀ

ਮਾਮਲਾ ‘ਵਰਸਿਟੀ ਵਿਖੇ ਹੋਏ ਵਿਦਿਆਥਰੀਆਂ ਦੇ ਝਗੜੇ ਦਾ

ਪਟਿਆਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਦਿਨਾਂ ਦੌਰਾਨ ਵਿਦਿਆਰਥੀ ਜਥੇਬੰਦੀਆਂ ਦੇ ਹੋਏ ਝਗੜੇ ਸਬੰਧੀ ਆਖਰ ਤਿੰਨ ਮੈਂਬਰੀ ਜਾਂਚ ਕਮੇਟੀ ਨਿਯੁਕਤ ਕਰ ਦਿੱਤੀ ਹੈ। ਇਸ ਜਾਂਚ ਕਮੇਟੀ ‘ਚ ਦੇਰੀ ਨੂੰ ਲੈ ਕੇ ਪਿਛਲੇ ਦਿਨੀਂ ‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਯੂਨੀਵਰਸਿਟੀ ਨੇ ਕਮੇਟੀ ਨਿਯੁਕਤ ਕੀਤੀ ਹੈ। ਯੂਨੀਵਰਸਿਟੀ ਵੱਲੋਂ ਇਸ ਜਾਂਚ ਕਮੇਟੀ ਵਿੱਚ ਪੰਜਾਬ ਤੋਂ ਬਾਹਰਲੇ ਵਿਅਕਤੀਆਂ ਨੂੰ ਤਰਜੀਹ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ 18 ਸਤੰਬਰ ਦੀ ਰਾਤ ਨੂੰ ਡੀਐੱਸਓ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਇੱਕ ਹੋਰ ਵਿਦਿਆਰਥੀ ਜਥੇਬੰਦੀ ਦੇ ਕਾਰਕੁੰਨਾਂ ਨੇ ਇਸ ਮਾਰਚ ਸਬੰਧੀ ਬੁਰਾ ਭਲਾ ਕਿਹਾ, ਜਿਸ ਤੋਂ ਬਾਅਦ ਤਕਰਾਰ ਹੋਈ ਤੇ ਝਗੜਾ ਹੋ ਗਿਆ। ਇਸ ਝਗੜੇ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਂਚ ਕਰਵਾਉਣ ਲਈ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਹਾਮੀ ਭਰੀ ਗਈ ਸੀ। ਲਗਭਗ ਹਫਤਾ ਬੀਤਣ ਤੋਂ ਬਾਅਦ ਵੀ ਯੂਨੀਵਰਸਿਟੀ ਵੱਲੋਂ ਉਕਤ ਕਮੇਟੀ ਨਿਯੁਕਤ ਨਹੀਂ ਕੀਤੀ ਗਈ ਸੀ, ਜਿਸ ਸਬੰਧੀ ਸੱਚ ਕਹੂੰ ਵੱਲੋਂ ਯੂਨੀਵਰਸਿਟੀ ਦੀ ਲੇਟ ਲਤੀਫੀ ਨੂੰ ਉਭਾਰ ਕੇ ਛਾਪਿਆ ਗਿਆ ਸੀ। ਇਸ ਤੋਂ ਬਾਅਦ ਅੱਜ 10 ਦਿਨਾਂ ਬਾਅਦ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਂਚ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਜਾਂਚ ਨੂੰ ਨਿਰਪੱਖਤਾ ਪੂਰਵਕ ਨੇਪਰੇ ਚਾੜ੍ਹਨ ਲਈ ਇਸ ਦੇ ਸਾਰੇ ਮੈਂਬਰ ਯੂਨੀਵਰਸਿਟੀ ਤੋਂ ਬਾਹਰ ਦੇ ਹੋਣ ਸਬੰਧੀ ਕਿਹਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਪ੍ਰੋ. ਐੱਸ. ਐੱਸ. ਚਾਹਲ ਸਾਬਕਾ ਵਾਈਸ ਚਾਂਸਲਰ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲਾਜੀ ਉਦੈਪੁਰ ਰਾਜਸਥਾਨ ਇਸ ਕਮੇਟੀ ਦੇ ਚੇਅਰਮੈਨ ਹੋਣਗੇ। ਇਸ ਤੋਂ ਇਲਾਵਾ ਅਮਰਜੀਤ ਸਿੰਘ ਗਿੱਲ ਸਾਬਕਾ ਡੀਜੀਪੀ ਰਾਜਸਥਾਨ ਤੇ ਸਾਬਕਾ ਚਾਂਸਲਰ ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਮੱਧ ਪ੍ਰਦੇਸ਼ ਸਮੇਤ ਜਗਜੀਤ ਸਿੰਘ ਪੁਰੀ ਆਈਏਐੱਸ ਤੇ ਸਾਬਕਾ ਸਕੱਤਰ ਪੰਜਾਬ ਸਰਕਾਰ ਇਸ ਤਿੰਨ ਮੈਂਬਰੀ ਕਮਿਸ਼ਨ ਦੇ ਦੋ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸ ਕਮੇਟੀ ਵੱਲੋਂ ਆਪਣੀ ਜਾਂਚ ਰਿਪੋਰਟ ਤਿੰਨ ਮਹੀਨਿਆਂ ਦੇ ਅੰਦਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪੀ ਜਾਣੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।