ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਬਠਿੰਡਾ (ਅਸ਼ੋਕ ਵਰਮਾ)। ਕਿਸਾਨੀ ਕਰਜ਼ਿਆਂ ਦੀ ਮਾਰ ਹੇਠ ਆਏ ਪੰਜਾਬ ‘ਚ ਖੇਤੀ ਖੁਦਕੁਸ਼ੀਆਂ ਦਾ ਸੌਦਾ ਬਣ ਗਈ ਹੈ ਦਮ ਤੋੜ ਰਹੀ ਖੇਤੀ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਬੰਜਰ ਬਣਾ ਦਿੱਤਾ ਹੈ ਢਾਈ ਦਹਾਕੇ ਤੋਂ ਕਪਾਹ ਪੱਟੀ ਦਾ ਕਿਸਾਨ ਅੱਛੇ ਦਿਨਾਂ ਦੀ ਉਡੀਕ ‘ਚ ਹੈ ਜੋ ਐਸੇ ਗਏ ਮੁੜ ਕੇ ਨਹੀਂ ਆਏ ਹਨ ਕਦੇ ਅਮਰੀਕਨ ਸੁੰਡੀ ਤੇ ਕਦੇ ਚਿੱਟੀ ਮੱਖੀ ਤੇ ਉਪਰੋਂ ਕੁਦਰਤੀ ਕਹਿਰ ਕਿਸਾਨ ਦੇ ਘਰਾਂ ‘ਚ ਵਿਛਦੇ ਸੱਥਰਾਂ ਦੀ ਲੜੀ ਨੂੰ ਟੁੱਟਣ ਨਹੀਂ ਦੇ ਰਿਹਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਪਿੰਡ ਜਲਾਲ ‘ਚ ਕਰਜਾ ਮੁਕਤੀ ਕਾਨਫਰੰਸ ਦੇ ਤੱਥ ਹਨ ਕਿ ਜੇਕਰ ਕਿਸਾਨਾਂ ਨੂੰ ਕਰਜ਼ਿਆਂ ‘ਚੋਂ ਬਾਹਰ ਨਾ ਕੱਢਿਆ ਗਿਆ।
ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ਕਿਸਾਨ ਜੱਥੇਬੰਦੀ ਨੇ ਇਸ ਤੋਂ ਪਹਿਲਾਂ ਦੋ ਲੱਖ ਰੁਪਏ ਦੀ ਕਰਜਾ ਮੁਆਫੀ ਤੋਂ ਵਾਂਝੇ ਰਹਿ ਗਏ ਕਿਸਾਨਾਂ ਦੇ ਫਾਰਮ ਭਰਵਾ ਕੇ ਐਸਡੀਐਮਜ਼ ਨੂੰ ਸੌਂਪੇ ਸਨ ਹੁਣ ਜੱਥੇਬੰਦੀ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਫਾਰਮਾਂ ਨੂੰ ਡਿਪਟੀ ਕਮਿਸ਼ਨਰਾਂ ਤੱਕ ਪੁੱਜਣਾ ਯਕੀਨੀ ਬਣਾਇਆ ਜਾਏਗਾ, ਜਿਸ ਲਈ ਕਰਜ਼ਾ ਮੁਕਤੀ ਕਾਨਫਰੰਸ ਕੀਤੀ ਗਈ ਹੈ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਕਿਹਾ ਕਿ ਕਿਸਾਨਾਂ ਨੂੰ ਕਰਜੇ ਸਬੰਧੀ ਜਾਗਰੂਕ ਕੀਤਾ ਜਾਏਗਾ ਤੇ ਕਿਸਾਨ ਮਾਨਸਿਕ ਤੌਰ ‘ਤੇ ਸੰਘਰਸ਼ ਲਈ ਤਿਆਰ ਵੀ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਛੋਟੀ ਮਾਲਕੀ ਵਾਲੇ ਕਿਸਾਨਾਂ ਤੇ ਕਰਜਾ ਕਿਸ ਤਰਾਂ ਚੜ੍ਹਿਆ ਇਸ ਦੀ ਪੁਣਛਾਣ ਵੀ ਜਰੂਰੀ ਹੈ ਨਹੀਂ ਤਾਂ ਰੋਗ ਦਾ ਇਲਾਜ ਮੁਸ਼ਕਲ ਹੈ ਉਨ੍ਹਾਂ ਦੱਸਿਆ ਕਿ ਕਰਜਿਆਂ ਦੀ ਮਾਰ ਹੇਠ ਆਉਣ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਜਦੋਂਕਿ ਹਕੀਕਤ ਕੁਝ ਹੋਰ ਹੈ ਇਵੇਂ ਹੀ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਮੁਕੰਮਲ ਕਰਜਾ ਮੁਆਫੀ ਦਾ ਵਾਅਦਾ ਕਰਕੇ ਕਿਉਂ ਮੁੱਕਰ ਗਈ ਇਸ ਨੂੰ ਵੀ ਵਿਚਾਰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ ਕਿਸਾਨ ਆਗੂ ਨੇ ਕਿਹਾ।
ਇਹ ਵੀ ਪੜ੍ਹੋ : ਮੌਤ ਮਰਗੋਂ ਕਿਸ ਤੋਂ ਹੋਵੇਗੀ ਵਸੂਲੀ, ਕਰਜ਼ਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ, ਪੂਰੀ ਜਾਣਕਾਰੀ
ਵੱਡੀ ਗਿਣਤੀ ਕਿਸਾਨਾਂ ਨੂੰ ਤਾਂ ਦੋ ਲੱਖ ਦਾ ਲਾਭ ਵੀ ਨਹੀਂ ਮਿਲਿਆ ਜੋਕਿ ਚਿੰਤਨ ਤੇ ਚਿੰਤਾ ਦਾ ਵਿਸ਼ਾ ਹੈ ਕਾਨਫਰੰਸ ‘ਚ ਕਿਸਾਨ ਆਗੂ ਸਰਮੁਖ ਸਿੰਘ ਸੇਲਬਰਾਹ, ਜਰਨੈਲ ਸਿੰਘ ਧਿੰਗੜ ਤੇ ਤੀਰਥ ਰਾਮ ਸੇਲਬਰਾਹ ਨੇ ਕਿਸਾਨੀ ਦੀ ਅਜੋਕੀ ਦਿਸ਼ਾ ਤੇ ਦਸ਼ਾ ਬਾਰੇ ਤੱਥਾਂ ਸਾਹਿਤ ਚਾਨਣਾ ਪਾਇਆ ਤੇ ਕਿਸਾਨਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਇਸ ਮੌਕੇ ਹਾਜ਼ਰ ਕਿਸਾਨਾਂ ਨੇ ਕਾਨਫਰੰਸ ‘ਚ ਪੇਸ਼ ਮਤਿਆਂ ਨੂੰ ਨਾਅਰਿਆਂ ਦੌਰਾਨ ਪ੍ਰਵਾਨਗੀ ਦਿੱਤੀ ਤੇ ਪ੍ਰਾਪਤੀ ਤੱਕ ਲੜਾਈ ਲੜਨ ਦਾ ਪ੍ਰਣ ਕੀਤਾ।
ਇਹ ਨੇ ਕਾਨਫਰੰਸ ਦੀਆਂ ਮੁੱਖ ਮੰਗਾਂ | Farmers Mobilize
ਮੁਆਫੀ ਤੋਂ ਵਾਂਝੇ ਰਹੇ ਕਿਸਾਨਾਂ ਦਾ ਦੋ ਲੱਖ ਕਰਜ਼ਾ ਮਾਫ ਕੀਤਾ ਜਾਏ, ਕਰਜ਼ਾ ਮੁਆਫੀ ‘ਚ ਲਾਈਆਂ ਸ਼ਰਤਾਂ ਖਤਮ ਕੀਤੀਆਂ ਜਾਣ, ਖੇਤੀ ਕਰਜਾ ਮਨਜੂਰ ਕਰਨ ਤੋਂ ਪਹਿਲਾਂ ਕਿਸਾਨਾਂ ਤੋਂ ਚੈਕ ਲੈਣ ਸਬੰਧੀ ਹਾਈਕੋਰਟ ਦੇ ਹੁਕਮ ਲਾਗੂ ਹੋਣ ਤੇ ਪਹਿਲੇ ਚੈੱਕ ਵਾਪਸ ਕੀਤੇ ਜਾਣ, ਕਰਜ਼ਾ ਪੀੜਤ ਕਿਸਾਨਾਂ ਨੂੰ ਸਰਕਾਰੀ ਬੋਰਾਂ ਰਾਹੀਂ ਪਾਣੀ ਦਿੱਤਾ ਜਾਏ, ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਕੇਸਾਂ ਦਾ ਨਿਪਟਾਰਾ ਕਰਕੇ 5-5 ਲੱਖ ਦੀ ਫੌਰੀ ਰਾਹਤ ਦਿੱਤੀ ਜਾਏ ਤੇ ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਤੇ ਘਰਾਂ ਦੇ ਸੌ ਫੀਸਦੀ ਨੁਕਸਾਨ ਦੀ ਪੂਰਤੀ ਕਰਨ ਤੋਂ ਇਲਾਵਾ ਵੱਖ-ਵੱਖ ਸਮਿਆਂ ‘ਤੇ ਦਿੱਤੇ ਮੰਗ ਪੱਤਰਾਂ ਦੇ ਅਧਾਰ ‘ਤੇ ਨਹਿਰੀ ਪਾਣੀ ‘ਤੇ ਟੱਕ ਇਕੱਠੇ ਕਰਨ ਲਈ ਅੰਸ਼ਿਕ ਮੁਰੱਬਾਬੰਦੀ ਆਦਿ ਵਰਗੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ। (Farmers Mobilize)
ਮੁਕੰਮਲ ਕਰਜਾ ਮੁਆਫੀ ‘ਚ ਕੀ ਦਿੱਕਤ : ਕਿਸਾਨ ਆਗੂ | Farmers Mobilize
ਯੂਨੀਅਨ ਦੇ ਸੂਬਾ ਖਜਾਨਚੀ ਸਰਮੁਖ ਸਿੰਘ ਸੇਲਬਰਾਹ ਦਾ ਕਹਿਣਾ ਸੀ ਕਿ ਪੰਜਾਬ ਕਾਂਗਰਸ ਨੇ ਜਨਤਕ ਚੋਣ ਸਭਾਵਾਂ ਤੇ ਚੋਣ ਮੈਨੀਫੈਸਟੋ ਰਾਹੀਂ ਸੱਤਾ ‘ਚ ਆਉਣ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜੋਕਿ ਅਜੇ ਤੱਕ ਹਵਾ ‘ਚ ਹੀ ਲਟਕਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਜੇਕਰ ਧਨਾਢ ਘਰਾਣਿਆਂ ਦਾ ਲਗਭਗ ਚਾਰ ਲੱਖ ਕਰੋੜ ਦੇ ਕਰਜੇ ਮੁਆਫ਼ ਕੀਤੇ ਜਾ ਸਕਦਾ ਹਨ ਤਾਂ ਕਿਸਾਨਾਂ ਦੇ ਕਰਜ਼ਿਆਂ ‘ਤੇ ਲਕੀਰ ਫੇਰਨ ‘ਚ ਕੀ ਦਿੱਕਤ ਹੈ। (Farmers Mobilize)
ਕਰਜ਼ਾ ਮੋੜਨ ਦੀ ਸਥਿਤੀ ‘ਚ ਨਹੀਂ ਕਿਸਾਨ | Farmers Mobilize
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਕਹਿਣਾ ਸੀ ਕਿ ਕਿਸਾਨਾਂ ਲਈ ਸ਼ਾਹੂਕਾਰਾਂ ਤੇ ਆੜ੍ਹਤੀਆਂ ਦਾ ਕਰਜਾ ਜ਼ਿਆਦਾ ਮਾਰੂ ਸਿੱਧ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਘੱਟ ਜਮੀਨਾਂ ਵਾਲੇ ਕਿਸਾਨ ਨਾ ਤਾਂ ਬੈਂਕਾਂ ਤੋਂ ਲਿਆ ਕਰਜ਼ਾ ਮੋੜਨ ਦੀ ਸਥਿਤੀ ‘ਚ ਹਨ ਤੇ ਨਾ ਹੀ ਆੜ੍ਹਤੀਆਂ ਦੀਆਂ ਵਹੀਆਂ ਸਾਫ ਕਰਨ ਜੋਗੇ ਹਨ ਉਨ੍ਹਾਂ ਕਿਹਾ ਕਿ ਸਰਕਾਰਾਂ ਫਸਲਾਂ ਦੇ ਲਾਹੇਵੰਦ ਭਾਅ ਦੇਣ ਲਈ ਤਿਆਰ ਨਹੀਂ ਜਦੋਂ ਕਿ ਖੇਤੀ ਵਸਤਾਂ ਮਹਿੰਗੀਆਂ ਹੋਣ ਕਰਕੇ ਵਧੀਆਂ ਲਾਗਤਾਂ, ਪੈਦਾਵਾਰ ‘ਚ ਖੜੋਤ, ਚਿੱਟੀ ਮੱਖੀ ਦੇ ਹੱਲੇ ਉਪਰੰਤ ਪੈਦਾ ਹੋਏ ਹਾਲਾਤਾਂ ਤੇ ਕੁਦਰਤੀ ਆਫਤਾਂ ਨੇ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਕਰ ਦਿੱਤੀ ਹੈ।