ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕੀਤਾ ਸਪੱਸਟ, ਮੈਂ ਨਹੀਂ ਲੜਾਗਾਂ ਪੰਜਾਬ ’ਚ ਚੋਣ

Gurnam Singh Chaduni

ਕਿਸਾਨ ਆਗੂ ਗੁਰਨਾਮ ਚੜੂਨੀ ਕੀਤਾ ਸਪੱਸਟ, ਮੈਂ ਨਹੀਂ ਲੜਾਗਾਂ ਪੰਜਾਬ ’ਚ ਚੋਣ

ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਕੀਤਾ ਜਾਵੇਗਾ ਕੋਈ ਸਮਝੌਤਾ
ਕਾਲਾਕਾਰ ਸੋਨੀਆ ਮਾਨ ਵੀ ਲੜੇਗੀ ਚੋਣਾਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜ਼ਰੂਰ ਲੜੀਆਂ ਜਾਣਗੀਆਂ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਚੋਣਾਂ ਦੌਰਾਨ ਉਹ ਖੁਦ ਚੋਣ ਨਹੀਂ ਲੜਨਗੇ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਮਝੌਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਲਈ ਅਤੇ ਭਿ੍ਰਸ਼ਟ ਲੋਕਾਂ ਤੋਂ ਤਾਜ ਖੋਹਣ ਵਾਸਤੇ ਹਰ ਹੀਲਾ ਵਰਤਾਂਗੇ। ਚੜੂਨੀ ਸਮੇਤ ਹੋਰ ਆਗੂ ਅੱਜ ਇੱਥੇ ਖੇਤੀ ਕਾਨੂੰਨਾਂ ਦੇ ਤੱਥਾਂ ਨੂੰ ਉਜਾਗਰ ਕਰਨ ਲਈ ਵੈੱਬਸਾਈਟ ਲਾਂਚ ਕਰਨ ਪੁੱਜੇ ਹੋਏ ਸਨ। ਚੜੂਨੀ ਨੇ ਕਿਹਾ ਕਿ ਬੇਸ਼ੱਕ ਮੈਂ ਖੁਦ ਪੰਜਾਬ ਤੋਂ ਚੋਣ ਨਹੀਂ ਲੜਨੀ ਪਰ ਪੰਜਾਬ ਦੇ ਕਿਸਾਨਾਂ ਨੂੰ ਇਸ ਚੋਣ ਮੈਦਾਨ ’ਚ ਜ਼ਰੂਰ ਉਤਾਰਿਆ ਜਾਏਗਾ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਕੇ ਚੋਣ ਲੜਨ ਦਾ ਫੈਸਲਾ ਮੋਰਚੇ ਦਾ ਨਹੀਂ ਬਲਕਿ ਉਨ੍ਹਾਂ ਦਾ ਨਿੱਜੀ ਹੈ।

ਇਸ ਦੌਰਾਨ ਕਿਸਾਨ ਨੇਤਾ ਬੂਟਾ ਸਿੰਘ ਸ਼ਾਦੀਪੂਰ ਨੇ ਕਿਹਾ ਕਿ ਸਿੰਗੂ ਬਾਰਡਰ ’ਤੇ ਕਤਲ ਦੀ ਵਾਪਰੀ ਘਟਨਾ ਸਬੰਧੀ ਕੱਲ ਕਿਸਾਨ ਮੋਰਚੇ ਦੀ ਮੀਟਿੰਗ ਹੈ, ਜਿਸ ਤੋਂ ਬਾਅਦ ਹੀ ਕੋਈ ਟਿੱਪਣੀ ਕੀਤੀ ਜਾ ਸਕੇਗੀ। ਇਸ ਮੌਕੇ ਪੁੱਜੀ ਕਾਲਾਕਾਰ ਸੋਨੀਆ ਮਾਨ ਨੇ ਕਿਹਾ ਕਿ ਉਹ ਸਿਆਸਤ ਵਿੱਚ ਵੀ ਕੁੱਦੇਗੀ ਅਤੇ 2022 ਦੀ ਚੋਣ ਵੀ ਲੜੇਗੀ। ਇਸ ਦੌਰਾਨ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਵੀ ਉਹ ਕਿਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇਗੀ। ਸੋਨੀਆ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਧਰਨੇ ਨੂੰ ਫ਼ੇਲ੍ਹ ਕਰ ਲਈ ਸੌੜੀਆਂ ਨੀਤੀਆਂ ਤਹਿਤ ਸਾਜਿਸ਼ਾਂ ਰਚ ਰਹੀ ਹੈ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦੀਆਂ ਸਾਜ਼ਿਸ਼ਾਂ ਦੇ ਖੁਲਾਸੇ ਕੀਤੇ ਜਾ ਰਹੇ ਹਨ। ਕਲਾਕਾਰ ਪੰਮੀ ਬਾਈ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕ ਪਲੇਟਫਾਰਮ ਤੇ ਲੜਾਈ ਲੜੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਅੰਦਰ ਵੰਡੀਆਂ ਪਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬੀ ਇੱਕਜੁੱਟ ਹੋਕੇ ਅਜਿਹੀਆਂ ਤਾਕਤਾਂ ਵਿਰੁੱਧ ਡੱਟੇ ਰਹਿਣ।

ਵੈੱਬਸਾਈਟ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਬਾਰੇ ਕਰਵਾਏਗੀ ਜਾਣੂੰ

ਖੇਤੀ ਕਾਨੂੰਨਾਂ ਦੇ ਤੱਥਾਂ ਨੂੰ ਉਜਾਗਰ ਕਰਨ ਲਈ ਵੈੱਬਸਾਈਟ ਵੀ ਲਾਂਚ ਕੀਤੀ ਗਈ। ਇਸ ਵੈੱਬਸਾਈਟ ਰਾਹੀਂ ਲੋਕਾਂ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਦੇ ਭਵਿੱਖ ਵਿੱਚ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਏਗੀ, ਉਥੇ ਹੀ ਇਹ ਵੀ ਜਾਣੂ ਕਰਵਾਏਗੀ ਕਿ ਭਵਿੱਖ ਵਿੱਚ ਕਿੱਦਾਂ ਕਿਸਾਨੀ ਜੀਵਨ ਦੇ ਨਾਲ ਕੰਟਰੈਕਟ ਫਾਰਮਿੰਗ ਵਿਵਹਾਰ ਕਰੇਗੀ। ਇਸ ਵੈੱਬਸਾਈਟ ਵਿੱਚ ਤੱਥਾਂ ਦੇ ਆਧਾਰ ਤੇ ਇਨ੍ਹਾਂ ਕਾਨੂੰਨਾਂ ਨੂੰ ਸੁਖਾਲੇ ਢੰਗ ਨਾਲ ਸਮਝਾਉਣ ਲਈ ਯੋਗ ਉਪਰਾਲਾ ਕੀਤਾ ਗਿਆ ਹੈ ਗੁਰਨਾਮ ਚੜੂਨੀ ਨੇ ਸਟੇਜ ਤੋਂ ਬਾਹਰਲੇ ਦੇਸ਼ਾਂ ਦੀ ਵਿਵਸਥਾ ਤੇ ਚੰਗੇ ਪ੍ਰਬੰਧਾਂ ਤੇ ਚਾਨਣਾ ਪਾਉਂਦੇ ਕਿਹਾ ਕਿ ਸਾਡਾ ਦੇਸ਼ ਅੱਜ ਭੁੱਖਮਰੀ ਦੇ ਗਰਾਫ ਵਿੱਚ ਅੱਗੇ ਵੱਧ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ