ਮਿੰਨੀ ਕਹਾਣੀ : ਝੂਠੀ ਚੌਧਰ

sotyr

ਮਿੰਨੀ ਕਹਾਣੀ : ਝੂਠੀ ਚੌਧਰ

ਬੂਟੇ ਦੀ ਹਾਲਤ ਦੇਖ ਸਰਪੰਚ ਗੁਰਦੇਵ ਸਿੰਘ ਨੇ ਉਸਨੂੰ ਸਰਕਾਰ ਵੱਲੋਂ ਵਿੱਤੀ ਤੌਰ ’ਤੇ ਕਮਜ਼ੋਰ ਅਤੇ ਛੋਟੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਲੈਣ ਲਈ ਕਿਹਾ ਤਾਂ ਉਹ ਅੱਗੋਂ ਬੜ੍ਹਕ ਨਾਲ ਬੋਲਿਆ, ‘‘ਸਰਪੰਚਾ ਜੱਟ ਦਾ ਪੁੱਤ ਹਾਂ ਇਹ ਨਿੱਕੀਆਂ-ਮੋਟੀਆਂ ਸਹੂਲਤਾਂ ਮੈਂ ਕੀ ਕਰਨੀਆਂ ਤੂੰ ਰੱਖ ਆਪਣੇ ਕੋਲ!’’ ਬੂਟੇ ਦੀ ਗੱਲ ਸੁਣ ਸਰਪੰਚ ਨੇ ਉਸ ਵੱਲ ਤਰਸ ਭਰੀਆਂ ਅੱਖਾਂ ਨਾਲ ਦੇਖਦੇ ਹੋਏ ਕਿਹਾ, ‘‘ਬੂਟੇ ਕਿਸਾਨ ਨੂੰ ਕਿਸਾਨ ਦੀ ਤਰ੍ਹਾਂ ਸੋਚਣਾ ਚਾਹੀਦਾ ਏ, ਕੁਝ ਕੁ ਗੀਤਕਾਰਾਂ ਅਤੇ ਗਾਇਕਾਂ ਵੱਲੋਂ ਫੈਲਾਇਆ ਜੱਟਵਾਦ ਜ਼ਹਿਰੀਲੇ ਨਾਗ ਦੀ ਤਰ੍ਹਾਂ ਬਣ ਗਿਆ ਏ ਜਿਹੜਾ ਦਿਨੋਂ-ਦਿਨ ਕਿਸਾਨੀ ਨੂੰ ਨਿਗਲਦਾ ਜਾ ਰਿਹਾ ਏ। ਆਪਣੇ ਹਾਲਾਤ ਦੇਖ ਕੇ ਫੈਸਲਾ ਕਰ…।’’ ਸਰਪੰਚ ਅਜੇ ਬੋਲ ਹੀ ਰਿਹਾ ਸੀ ਕਿ ਬੂਟਾ ਉੱਥੋਂ ਇੰਝ ਨਿੱਕਲਿਆ ਜਿਵੇਂ ਕਿਸੇ ਨੇ ਉਸਦੀ ਦੁਖਦੀ ਰਗ ’ਤੇ ਹੱਥ ਰੱਖ ਦਿੱਤਾ ਹੋਵੇ।

ਮਿੰਨੀ ਕਹਾਣੀ : ਝੂਠੀ ਚੌਧਰ

‘‘ਸਰਪੰਚ ਸਾਬ੍ਹ ਸੱਚ ਕੌੜਾ ਹੁੰਦਾ ਹੈ, ਹਜ਼ਮ ਨਹੀਂ ਆਉਂਦਾ!’’ ਕੋਲ ਖੜ੍ਹੇ ਬਿੱਕਰ ਨੇ ਬੂਟੇ ਨੂੰ ਜਾਂਦੇ ਹੋਏ ਦੇਖ ਕਿਹਾ। ‘‘ਫ਼ੁਕਰਪੁਣੇ ਦੀ ਭੇਂਟ ਚੜ੍ਹ ਅੱਜ ਕਿਸਾਨ ਕਰਜ਼ੇ ਦੇ ਅਸਮਾਨ ਹੇਠਾਂ ਖੜ੍ਹਾ ਹੈ, ਆਪਣਾ ਵਿੱਤ ਦੇਖ ਕੇ ਖਰਚਾ ਨਹੀਂ ਕਰਦਾ। ਆੜ੍ਹਤੀਏ ਦਾ ਕੀ ਹੈ ਉਹਨੇ ਤਾਂ ਕਲਮ ਚਲਾਉਣੀ ਹੈ।’’ ‘‘ਹਾਂ ਚਾਚਾ , ਬਿੱਕਰ ਬਿਲਕੱੁਲ ਸਹੀ ਗੱਲ ਏ!’’ ਏਨਾ ਆਖ ਸਰਪੰਚ ਵੀ ਆਪਣੇ ਘਰ ਵੱਲ ਚੱਲਦਾ ਹੋਇਆ।

ਬੂਟਾ ਸੋਚਦਾ ਸੀ ਕਿ ਜੇਕਰ ਉਹ ਸਰਕਾਰੀ ਸਹੂਲਤਾਂ ਲਵੇਗਾ ਤਾਂ ਉਸਦੇ ਭਾਈਚਾਰੇ ਵਾਲੇ ਅਤੇ ਆਂਢ-ਗੁਆਂਢ ਕੀ ਸੋਚੇਗਾ, ਉਹਦੇ ਅਤੇ ਗਰੀਬਾਂ ਵਿੱਚ ਕੀ ਫਰਕ ਰਹਿ ਜਾਵੇਗਾ। ਇਸ ਲਈ ਉਹ ਸਰਕਾਰੀ ਸਹੂਲਤਾਂ ਲੈਣ ਤੋਂ ਕੰਨੀ ਕਤਰਾਉਂਦਾ ਸੀ। ਪਰ ਦਿਨੋਂ-ਦਿਨ ਉਸ ਦੀ ਹਾਲਤ ਹੋਰ ਵੀ ਮਾੜੀ ਹੁੰਦੀ ਜਾ ਰਹੀ ਸੀ, ਰਹਿੰਦੇ ਇੱਕ ਕਿੱਲੇ ਵਿੱਚੋਂ ਦੋ ਕਨਾਲਾਂ ਮੁੰਡੇ ਨੇ ਆਈਲੈਟਸ ਦੇ ਚੱਕਰ ਵਿੱਚ ਵਿਕਾਅ ਦਿੱਤੀਆਂ। ਹੁਣ ਬੂਟੇ ਨੂੰ ਬੁਲੇਟ ਦੀ ਆਵਾਜ਼, ਗੱਡੀ ’ਤੇ ਲਿਖਿਆ ਪੁੱਤ ਜੱਟ ਦਾ, ਆੜ੍ਹਤੀਏ ਦਾ ਕਰਜ਼ਾ ਅਤੇ ਹੱਥੋਂ ਨਿੱਕਲਦੀ ਜ਼ਮੀਨ ਦੇਖ ਧੀ ਦੇ ਵਿਆਹ ਅਤੇ ਪਿਓ ਦੇ ਭੋਗ ’ਤੇ ਕਰਜ਼ਾ ਚੁੱਕ ਕੀਤੇ ਲੱਖਾਂ ਦੇ ਖਰਚੇ ਨਾਲ ਖੱਟੀ ਵਾਹ-ਵਾਹ ਸੂਲਾਂ ਵਾਂਗ ਚੁਭ ਰਹੀ ਸੀ।
ਜਸਵੰਤ ਗਿੱਲ ਸਮਾਲਸਰ
ਮੋ. 97804-51878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ